ਪੰਜਾਬ ਚੋਣਾਂ 2027: AAP ਉਮੀਦਵਾਰਾਂ ਦੀ ਪਹਿਲੀ ਸੂਚੀ ਕੱਲ੍ਹ ਹੋਵੇਗੀ ਜਾਰੀ, CM ਮਾਨ ਨੇ ਕੀਤਾ ਐਲਾਨ

ਪੰਜਾਬ ਚੋਣਾਂ 2027: AAP ਉਮੀਦਵਾਰਾਂ ਦੀ ਪਹਿਲੀ ਸੂਚੀ ਕੱਲ੍ਹ ਹੋਵੇਗੀ ਜਾਰੀ, CM ਮਾਨ ਨੇ ਕੀਤਾ ਐਲਾਨ

ਆਮ ਆਦਮੀ ਪਾਰਟੀ (AAP) ਨੇ ਪੰਜਾਬ ਵਿਧਾਨ ਸਭਾ ਚੋਣਾਂ 2027 ਲਈ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਦਿੱਲੀ ਵਿੱਚ ਹੋਈ ਇੱਕ ਅਹਿਮ ਮੀਟਿੰਗ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਪਾਰਟੀ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਕੱਲ੍ਹ ਦੁਪਹਿਰ 12 ਵਜੇ ਜਾਰੀ ਕੀਤੀ ਜਾਵੇਗੀ।

ਇਸ ਉੱਚ ਪੱਧਰੀ ਮੀਟਿੰਗ ਵਿੱਚ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਸੀਐਮ ਭਗਵੰਤ ਮਾਨ ਅਤੇ ਹੋਰ ਸੀਨੀਅਰ ਆਗੂ ਸ਼ਾਮਲ ਹੋਏ। ਸੂਬਾ ਪ੍ਰਧਾਨ ਅਮਨ ਅਰੋੜਾ ਅਤੇ ਪੀਏਸੀ (PAC) ਮੈਂਬਰ ਹਰਪਾਲ ਚੀਮਾ ਨੇ ਵਰਚੁਅਲ ਤੌਰ 'ਤੇ ਮੀਟਿੰਗ ਵਿੱਚ ਹਿੱਸਾ ਲਿਆ।

ਜਲਦੀ ਉਮੀਦਵਾਰ ਐਲਾਨਣ ਦਾ ਕਾਰਨ ਮੰਨਿਆ ਜਾ ਰਿਹਾ ਹੈ ਕਿ AAP ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਹੀ ਆਪਣੇ ਉਮੀਦਵਾਰਾਂ ਦਾ ਐਲਾਨ ਕਰਨਾ ਚਾਹੁੰਦੀ ਹੈ। ਇਸ ਦਾ ਮੁੱਖ ਮਕਸਦ ਇਹ ਹੈ ਕਿ ਉਮੀਦਵਾਰ ਸਰਕਾਰ ਦੇ ਰਹਿੰਦਿਆਂ ਹੀ ਆਪੋ-ਆਪਣੇ ਹਲਕਿਆਂ ਵਿੱਚ ਵਿਕਾਸ ਕਾਰਜ ਕਰਵਾ ਸਕਣ ਅਤੇ ਉਨ੍ਹਾਂ ਨੂੰ ਜ਼ਮੀਨੀ ਪੱਧਰ 'ਤੇ ਕੰਮ ਕਰਨ ਲਈ ਪੂਰਾ ਸਮਾਂ ਮਿਲ ਸਕੇ।

ਪਹਿਲੀ ਸੂਚੀ ਵਿੱਚ ਕੌਣ ਹੋਣਗੇ ਸ਼ਾਮਲ? ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਪਹਿਲੀ ਸੂਚੀ ਵਿੱਚ ਕਿੰਨੇ ਨਾਮ ਹੋਣਗੇ, ਪਰ ਸੂਤਰਾਂ ਅਨੁਸਾਰ ਕਰੀਬ 20 ਉਮੀਦਵਾਰਾਂ ਦੇ ਨਾਮ ਐਲਾਨੇ ਜਾ ਸਕਦੇ ਹਨ। ਇਸ ਸੂਚੀ ਵਿੱਚ ਉਨ੍ਹਾਂ ਮੌਜੂਦਾ ਵਿਧਾਇਕਾਂ ਜਾਂ ਹਲਕਾ ਇੰਚਾਰਜਾਂ ਦੇ ਨਾਮ ਹੋਣ ਦੀ ਸੰਭਾਵਨਾ ਹੈ, ਜਿਨ੍ਹਾਂ ਦਾ ਕੋਈ ਵਿਰੋਧ ਨਹੀਂ ਹੈ। ਇਹ ਵੀ ਅਟਕਲਾਂ ਹਨ ਕਿ ਆਗਾਮੀ ਚੋਣਾਂ ਵਿੱਚ 30 ਤੋਂ 40 ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਜਾ ਸਕਦੀਆਂ ਹਨ।

CM ਭਗਵੰਤ ਮਾਨ ਦੀਆਂ ਮੁੱਖ ਗੱਲਾਂ:

  • PAC ਦੀ ਮੋਹਰ: ਸੀਐਮ ਮਾਨ ਨੇ ਕਿਹਾ ਕਿ ਵਿਚਾਰੇ ਗਏ ਨਾਮ ਅੱਜ ਸ਼ਾਮ ਪੀਏਸੀ ਨੂੰ ਭੇਜੇ ਜਾਣਗੇ। ਕੱਲ੍ਹ ਪੀਏਸੀ ਦੀ ਮੀਟਿੰਗ ਵਿੱਚ ਇਨ੍ਹਾਂ ਨਾਵਾਂ 'ਤੇ ਅੰਤਿਮ ਮੋਹਰ ਲੱਗੇਗੀ, ਜਿਸ ਤੋਂ ਬਾਅਦ ਸੂਚੀ ਜਨਤਕ ਕੀਤੀ ਜਾਵੇਗੀ।

  • ਕੰਮ ਦੇ ਅਧਾਰ 'ਤੇ ਵੋਟ: ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਪਾਰਟੀ ਪਿਛਲੇ 5 ਸਾਲਾਂ ਵਿੱਚ ਕੀਤੇ ਗਏ ਵਿਕਾਸ ਕਾਰਜਾਂ ਦੇ ਅਧਾਰ 'ਤੇ ਲੋਕਾਂ ਤੋਂ ਵੋਟਾਂ ਮੰਗੇਗੀ। ਉਨ੍ਹਾਂ ਕਿਹਾ, "ਅਸੀਂ ਸਕਾਰਾਤਮਕ ਰਾਜਨੀਤੀ ਕਰਾਂਗੇ ਅਤੇ ਲੋਕਾਂ ਦੇ ਸਰਵੇਖਣ ਨੂੰ ਧਿਆਨ ਵਿੱਚ ਰੱਖ ਕੇ ਹੀ ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ।"

  • ਅਕਾਲੀ-ਭਾਜਪਾ ਗਠਜੋੜ 'ਤੇ ਤੰਜ: ਅਕਾਲੀ ਦਲ ਅਤੇ ਭਾਜਪਾ ਦੇ ਸੰਭਾਵਿਤ ਗਠਜੋੜ 'ਤੇ ਤੰਜ ਕੱਸਦਿਆਂ ਸੀਐਮ ਮਾਨ ਨੇ ਕਿਹਾ, "ਜ਼ੀਰੋ ਦੇ ਜ਼ੀਰੋ ਨਾਲ ਮਿਲਣ 'ਤੇ ਕੁਝ ਨਹੀਂ ਹੁੰਦਾ। ਦੋਵੇਂ ਪਾਰਟੀਆਂ ਜ਼ੀਰੋ ਹਨ।"

image (4)

ਮਨੀਸ਼ ਸਿਸੋਦੀਆ ਦੀ ਅਗਵਾਈ ਹੇਠ ਸੰਗਠਨ ਦਾ ਵਿਸਥਾਰ ਮਨੀਸ਼ ਸਿਸੋਦੀਆ ਨੂੰ ਪੰਜਾਬ ਦਾ ਇੰਚਾਰਜ ਬਣਾਏ ਜਾਣ ਤੋਂ ਬਾਅਦ ਪਾਰਟੀ ਨੇ ਜ਼ਮੀਨੀ ਪੱਧਰ 'ਤੇ ਸੰਗਠਨ ਨੂੰ ਮਜ਼ਬੂਤ ਕਰਨ 'ਤੇ ਧਿਆਨ ਕੇਂਦਰਿਤ ਕੀਤਾ ਹੈ। ਪਿਛਲੇ 8 ਮਹੀਨਿਆਂ ਵਿੱਚ (ਫਰਵਰੀ ਤੋਂ ਅਕਤੂਬਰ 2026 ਦਰਮਿਆਨ) AAP ਨੇ 19 ਵਿਧਾਨ ਸਭਾ ਹਲਕਿਆਂ ਵਿੱਚ ਨਵੇਂ ਇੰਚਾਰਜ ਨਿਯੁਕਤ ਕੀਤੇ ਹਨ, ਤਾਂ ਜੋ ਚੋਣਾਂ ਤੋਂ ਪਹਿਲਾਂ ਪਾਰਟੀ ਦਾ ਢਾਂਚਾ ਹੋਰ ਮਜ਼ਬੂਤ ਹੋ ਸਕੇ।