ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ

ਪੰਜਾਬ ਦੇ ਹਲਕਾ ਪਾਇਲ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵੱਡੀ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਤਨਖ਼ਾਹੀਆ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਸਿੱਖ ਸੰਗਤ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਉਹ ਗਿਆਸਪੁਰਾ ਨਾਲ ਕਿਸੇ ਵੀ ਤਰ੍ਹਾਂ ਦਾ ਮੇਲ-ਜੋਲ ਰੱਖਣ ਤੋਂ ਗੁਰੇਜ਼ ਕਰਨ। ਇਹ ਫ਼ੈਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਹੋਈ ਪੰਜ ਸਿੰਘ ਸਾਹਿਬਾਨਾਂ ਦੀ ਅਹਿਮ ਇਕੱਤਰਤਾ ਵਿੱਚ ਲਿਆ ਗਿਆ।

ਦੋਸ਼ਾਂ ਦਾ ਵੇਰਵਾ

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਹੁਕਮਨਾਮੇ ਅਨੁਸਾਰ, ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਉੱਤੇ ਸ੍ਰੀ ਦਰਬਾਰ ਸਾਹਿਬ ਦੇ ਸੇਵਾਦਾਰਾਂ ਖ਼ਿਲਾਫ਼ ਜਾਤੀਗਤ ਵਿਤਕਰੇ ਦੇ ਝੂਠੇ ਦੋਸ਼ ਲਗਾਉਣ ਅਤੇ ਪੰਥਕ ਸੰਸਥਾਵਾਂ ਦੇ ਅਕਸ ਨੂੰ ਢਾਹ ਲਾਉਣ ਵਾਲੀ ਭੱਦੀ ਸ਼ਬਦਾਵਲੀ ਵਰਤਣ ਦਾ ਦੋਸ਼ ਹੈ।

ਜਾਰੀ ਹੁਕਮਾਂ ਮੁਤਾਬਕ 12 ਅਕਤੂਬਰ ਨੂੰ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕ ਅਤੇ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਪਹੁੰਚੇ ਸਨ। ਉਸ ਵੇਲੇ ਗਿਆਸਪੁਰਾ ਨੂੰ ਪਹਿਲਾਂ ਤੋਂ ਜਾਰੀ ਹੁਕਮਾਂ ਅਨੁਸਾਰ ਸਕੱਤਰੇਤ ਅੰਦਰ ਜਾਣ ਤੋਂ ਰੋਕਿਆ ਗਿਆ ਸੀ। ਇਸ ਘਟਨਾ ਤੋਂ ਬਾਅਦ ਗਿਆਸਪੁਰਾ ਨੇ ਸੇਵਾਦਾਰਾਂ 'ਤੇ ਜਾਤੀ ਵਿਤਕਰੇ ਦੇ ਗੰਭੀਰ ਦੋਸ਼ ਲਗਾਏ ਸਨ।

image (4)

ਵਿਧਾਇਕਾਂ ਦੇ ਵਫ਼ਦ ਵੱਲੋਂ ਵੀ ਪੁਸ਼ਟੀ

16 ਅਕਤੂਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਵਫ਼ਦ ਨੇ ਸਿੰਘ ਸਾਹਿਬਾਨਾਂ ਸਾਹਮਣੇ ਸਪੱਸ਼ਟ ਕੀਤਾ ਕਿ ਘਟਨਾ ਵਾਲੇ ਦਿਨ ਜਾਤੀ ਵਿਤਕਰੇ ਵਰਗੀ ਕੋਈ ਗੱਲ ਨਹੀਂ ਵਾਪਰੀ ਸੀ ਅਤੇ ਗਿਆਸਪੁਰਾ ਵੱਲੋਂ ਇਸ ਨੂੰ ਜਾਣਬੁੱਝ ਕੇ ਜਾਤੀ ਦਾ ਮੁੱਦਾ ਬਣਾਇਆ ਗਿਆ ਸੀ। ਸਾਰੇ ਪਹਿਲੂਆਂ ਨੂੰ ਘੋਖਣ ਤੋਂ ਬਾਅਦ ਪੰਜ ਸਿੰਘ ਸਾਹਿਬਾਨਾਂ ਨੇ ਗਿਆਸਪੁਰਾ ਨੂੰ ਪੰਥਕ ਮਰਿਆਦਾ ਦੀ ਉਲੰਘਣਾ ਕਰਨ ਦਾ ਦੋਸ਼ੀ ਠਹਿਰਾਉਂਦਿਆਂ ਤਨਖ਼ਾਹੀਆ ਐਲਾਨ ਦਿੱਤਾ।