ਬੋਰਵੈੱਲ 'ਚ ਡਿੱਗਿਆ ਬੱਚਾ,23 ਘੰਟਿਆਂ ਬਾਅਦ ਵੀ ਰੈਸਕਿਊ ਜਾਰੀ
ਫਲੋਦੀ (ਰਾਜਸਥਾਨ): ਰਾਜਸਥਾਨ ਦੇ ਫਲੋਦੀ ਜ਼ਿਲ੍ਹੇ ਅਧੀਨ ਪੈਂਦੀ ਪੂਨੀਆ ਕੀ ਢਾਣੀ ਵਿਖੇ ਬੋਰਵੈੱਲ 'ਚ ਡਿੱਗੇ 9 ਸਾਲਾ ਮਾਸੂਮ ਭੋਮਾਰਾਮ ਨੂੰ ਬਾਹਰ ਕੱਢਣ ਲਈ ਚੱਲ ਰਿਹਾ ਬਚਾਅ ਕਾਰਜ 23 ਘੰਟੇ ਬੀਤ ਜਾਣ ਮਗਰੋਂ ਵੀ ਜਾਰੀ ਹੈ। ਬੱਚਾ ਵੀਰਵਾਰ ਦੁਪਹਿਰ ਕਰੀਬ 12 ਵਜੇ 1050 ਫੁੱਟ ਡੂੰਘੇ ਬੋਰਵੈੱਲ 'ਚ ਡਿੱਗ ਗਿਆ ਸੀ ਅਤੇ ਕਰੀਬ 640 ਫੁੱਟ ਦੀ ਡੂੰਘਾਈ 'ਤੇ ਫਸਿਆ ਹੋਇਆ ਹੈ।
ਸ਼ੁੱਕਰਵਾਰ ਸਵੇਰੇ ਬੋਰਵੈੱਲ ਅੰਦਰ ਭੇਜੇ ਗਏ ਕੈਮਰੇ 'ਚ ਬੱਚੇ ਦੀ ਕੋਈ ਹਿਲਜੁਲ ਦਿਖਾਈ ਨਹੀਂ ਦਿੱਤੀ, ਜਿਸ ਕਾਰਨ ਮੌਕੇ 'ਤੇ ਮੌਜੂਦ ਪਰਿਵਾਰ ਅਤੇ ਪ੍ਰਸ਼ਾਸਨ ਦੇ ਸਾਹ ਸੁੱਕੇ ਹੋਏ ਹਨ। ਬਚਾਅ ਟੀਮ ਮੁਤਾਬਕ ਕੈਮਰਾ ਬੱਚੇ ਤੋਂ ਕਰੀਬ 30 ਫੁੱਟ ਉੱਪਰ ਹੀ ਅਟਕ ਗਿਆ ਹੈ। ਇਸ ਤੋਂ ਇਲਾਵਾ ਲਗਾਤਾਰ ਚੱਲ ਰਹੀਆਂ ਕੋਸ਼ਿਸ਼ਾਂ ਦੌਰਾਨ ਹੇਠਾਂ ਪਾਣੀ ਭਰਨਾ ਵੀ ਸ਼ੁਰੂ ਹੋ ਗਿਆ ਹੈ, ਜਿਸ ਨੇ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਹਨ।
ਰਸਤੇ ਵਿੱਚ ਫਸਿਆ ਵੱਡਾ ਪੱਥਰ, ਦੇਸੀ ਜੁਗਾੜ ਨਾਲ ਕੱਢਣ ਦੀ ਕੋਸ਼ਿਸ਼
ਰੈਸਕਿਊ ਆਪ੍ਰੇਸ਼ਨ 'ਚ ਸਭ ਤੋਂ ਵੱਡੀ ਰੁਕਾਵਟ ਬੱਚੇ ਤੋਂ 30 ਫੁੱਟ ਉੱਪਰ ਫਸਿਆ ਇੱਕ ਵੱਡਾ ਪੱਥਰ ਬਣ ਰਿਹਾ ਹੈ। ਇਸ ਪੱਥਰ ਕਾਰਨ ਕੋਈ ਵੀ ਪਾਈਪ ਜਾਂ ਹੋਰ ਜੰਤਰ ਹੇਠਾਂ ਨਹੀਂ ਪਹੁੰਚ ਪਾ ਰਿਹਾ।
ਪੱਥਰ ਨੂੰ ਕੱਢਣ ਲਈ ਲੋਹੇ ਦੇ ਐਂਗਲ ਜੋੜ ਕੇ ਪਾਈਪ ਦੇ ਆਕਾਰ ਦਾ ਇੱਕ ਖ਼ਾਸ ਦੇਸੀ ਜੰਤਰ ਤਿਆਰ ਕੀਤਾ ਗਿਆ ਹੈ। ਇਸ ਜੰਤਰ ਨੂੰ ਬੋਰਵੈੱਲ ਵਿੱਚ ਉਤਾਰਿਆ ਗਿਆ ਹੈ ਤਾਂ ਜੋ ਪੱਥਰ ਨੂੰ ਗ੍ਰਿਫ਼ਤ ਵਿੱਚ ਲੈ ਕੇ ਬਾਹਰ ਖਿੱਚਿਆ ਜਾ ਸਕੇ ਅਤੇ ਰਸਤਾ ਸਾਫ਼ ਹੋ ਸਕੇ।
7 ਸਫ਼ਲ ਰੈਸਕਿਊ ਕਰ ਚੁੱਕੀ ਮਾਧਾਰਾਮ ਦੀ ਟੀਮ ਮੌਕੇ 'ਤੇ ਤਾਇਨਾਤ
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਲੋਰ ਜ਼ਿਲ੍ਹੇ ਦੇ ਮੇੜਾ ਪੁਰੋਹਿਤਾਂ ਪਿੰਡ ਦੇ ਵਸਨੀਕ ਮਾਧਾਰਾਮ ਸੁਥਾਰ ਅਤੇ ਉਨ੍ਹਾਂ ਦੀ ਤਜਰਬੇਕਾਰ ਟੀਮ ਨੂੰ ਬੁਲਾਇਆ ਗਿਆ ਹੈ। ਮਾਧਾਰਾਮ ਦੀ ਟੀਮ ਰਾਜਸਥਾਨ ਵਿੱਚ ਹੁਣ ਤੱਕ ਅਜਿਹੇ 7 ਸਫ਼ਲ ਰੈਸਕਿਊ ਆਪ੍ਰੇਸ਼ਨ ਕਰ ਚੁੱਕੀ ਹੈ।
ਮਾਧਾਰਾਮ ਸੁਥਾਰ ਨਾਲ ਉਨ੍ਹਾਂ ਦੇ ਸਾਥੀ ਜਗਮਾਲਰਾਮ, ਭੀਕਾਰਾਮ, ਨਰਪਤ ਕੁਮਾਰ, ਗੇਵਾਰਾਮ, ਪਰਸਰਾਮ, ਸਮਨਾਰਾਮ, ਤੇਜਾਰਾਮ ਅਤੇ ਹਰਦਾਨ ਰਾਮ ਪਹੁੰਚੇ ਹਨ। ਟੀਮ ਦਾ ਕਹਿਣਾ ਹੈ ਕਿ ਪਹਿਲਾਂ ਪੱਥਰ ਨੂੰ ਸੁਰੱਖਿਅਤ ਬਾਹਰ ਕੱਢਿਆ ਜਾਵੇਗਾ ਅਤੇ ਫਿਰ ਲੋਹੇ ਦੇ ਸਰੀਏ ਤੇ ਤਾਰਾਂ ਦੇ ਵਿਸ਼ੇਸ਼ ਜਾਲ (ਦੇਸੀ ਤਕਨੀਕ) ਰਾਹੀਂ ਬੱਚੇ ਨੂੰ ਕੱਢਣ ਦੀ ਕਵਾਇਦ ਸ਼ੁਰੂ ਹੋਵੇਗੀ।

ਮੌਕੇ 'ਤੇ ਰਾਜਸਥਾਨ ਦੇ ਮੈਡੀਕਲ ਮੰਤਰੀ ਗਜੇਂਦਰ ਸਿੰਘ ਖੀਂਵਸਰ ਵੀ ਪਹੁੰਚੇ ਹਨ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਰੈਸਕਿਊ 'ਤੇ ਨਜ਼ਰ ਰੱਖ ਰਹੇ ਹਨ। ਮੌਕੇ 'ਤੇ ਡਾਕਟਰਾਂ ਦੀ ਟੀਮ ਐਂਬੂਲੈਂਸ ਸਮੇਤ ਤਿਆਰ ਖੜ੍ਹੀ ਹੈ।

