ਅਲਬਾਨੀਆ ’ਚ ਮਹਿੰਗੀ ਸਿੱਖਿਆ ਖ਼ਿਲਾਫ਼ ਭੜਕੇ ਵਿਦਿਆਰਥੀ; ਪ੍ਰਧਾਨ ਮੰਤਰੀ ਦੇ ਅਸਤੀਫ਼ੇ ਦੀ ਮੰਗ, ਸਰਕਾਰੀ ਇਮਾਰਤਾਂ ਨੂੰ ਲਾਈ ਅੱਗ
ਅਲਬਾਨੀਆ ਦੀ ਰਾਜਧਾਨੀ ਤਿਰਾਣਾ ਵਿੱਚ ਮਹਿੰਗੀ ਹੁੰਦੀ ਸਿੱਖਿਆ, ਖ਼ਰਾਬ ਬੁਨਿਆਦੀ ਸਹੂਲਤਾਂ ਅਤੇ ਰੁਜ਼ਗਾਰ ਦੀ ਘਾਟ ਕਾਰਨ ਵਿਦਿਆਰਥੀਆਂ ਦਾ ਗੁੱਸਾ ਸੜਕਾਂ ’ਤੇ ਫੁੱਟ ਪਿਆ ਹੈ। ਪ੍ਰਦਰਸ਼ਨਕਾਰੀ ਵਿਦਿਆਰਥੀ ਦੇਸ਼ ਦੇ ਪ੍ਰਧਾਨ ਮੰਤਰੀ ਐਦੀ ਰਾਮਾ ਦੇ ਤੁਰੰਤ ਅਸਤੀਫ਼ੇ ਦੀ ਮੰਗ ਕਰ ਰਹੇ ਹਨ। ਪ੍ਰਦਰਸ਼ਨ ਦੌਰਾਨ ਗੁੱਸੇ ਵਿੱਚ ਆਈ ਭੀੜ ਨੇ ਪ੍ਰਧਾਨ ਮੰਤਰੀ ਦਫ਼ਤਰ, ਕਈ ਸਰਕਾਰੀ ਇਮਾਰਤਾਂ ਅਤੇ ਬੈਂਕ ਸ਼ਾਖਾਵਾਂ ਨੂੰ ਅੱਗ ਲਗਾ ਦਿੱਤੀ।
ਭੀੜ ਨੂੰ ਖਿੰਡਾਉਣ ਲਈ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਅਤੇ ਪਾਣੀ ਦੀਆਂ ਬੁਛਾੜਾਂ (ਵਾਟਰ ਕੈਨਨ) ਦੀ ਵਰਤੋਂ ਕੀਤੀ ਗਈ, ਜਿਸ ਦੌਰਾਨ ਕਈ ਪੁਲਿਸ ਮੁਲਾਜ਼ਮ ਅਤੇ ਵਿਦਿਆਰਥੀ ਜ਼ਖ਼ਮੀ ਹੋ ਗਏ। ਇਹ ਹਾਲਾਤ ਅਜਿਹੇ ਸਮੇਂ ਬਣੇ ਹਨ ਜਦੋਂ ਭਾਰਤ, ਫਰਾਂਸ ਅਤੇ ਜਰਮਨੀ ਸਮੇਤ ਦੁਨੀਆ ਭਰ ਦੇ ਕਈ ਦੇਸ਼ਾਂ ਵਿੱਚ ਵਿਦਿਆਰਥੀ ਸੰਘਰਸ਼ ਕਰ ਰਹੇ ਹਨ।
ਮਹੀਨਿਆਂ ਤੋਂ ਦਬਿਆ ਗੁੱਸਾ ਆਇਆ ਬਾਹਰ
ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਹ ਰੋਸ ਅਚਾਨਕ ਪੈਦਾ ਨਹੀਂ ਹੋਇਆ। ਯੂਨੀਵਰਸਿਟੀਆਂ ਦੀਆਂ ਫ਼ੀਸਾਂ ਲਗਾਤਾਰ ਵਧ ਰਹੀਆਂ ਹਨ, ਜਦਕਿ ਡਿਗਰੀਆਂ ਪੂਰੀਆਂ ਕਰਨ ਦੇ ਬਾਵਜੂਦ ਨੌਕਰੀਆਂ ਦੇ ਕੋਈ ਮੌਕੇ ਨਹੀਂ ਹਨ। ਤਿਰਾਣਾ ਦੇ ਇੰਸਟੀਚਿਊਟ ਫ਼ਾਰ ਪੋਲੀਟੀਕਲ ਸਟੱਡੀਜ਼ ਮੁਤਾਬਕ, ਵਿਦਿਆਰਥੀ ਲਗਭਗ ਤਿੰਨ ਮਹੀਨਿਆਂ ਤੋਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਨ, ਪਰ ਸਰਕਾਰ ਨੇ ਗੱਲਬਾਤ ਕਰਨ ਦੀ ਬਜਾਏ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਇਸ ਅਣਦੇਖੀ ਨੇ ਨੌਜਵਾਨਾਂ ਵਿੱਚ ਵਿਆਪਕ ਰੋਸ ਪੈਦਾ ਕਰ ਦਿੱਤਾ।
ਟਰੰਪ ਦੇ ਜਵਾਈ ਜੇਰੇਡ ਕੁਸ਼ਨਰ ਦੇ ਪ੍ਰੋਜੈਕਟ ਕਾਰਨ ਵੀ ਭਖਿਆ ਵਿਵਾਦ
ਸਾਲ 2013 ਤੋਂ ਸੱਤਾ ਵਿੱਚ ਰਹੇ ਐਦੀ ਰਾਮਾ ਹਾਲ ਹੀ ਵਿੱਚ ਚੌਥੀ ਵਾਰ ਪ੍ਰਧਾਨ ਮੰਤਰੀ ਚੁਣੇ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਦੀ ਕੈਬਨਿਟ 'ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲੱਗੇ। ਇਸ ਵਿਰੋਧ ਦਾ ਇੱਕ ਹੋਰ ਮੁੱਖ ਕਾਰਨ ਦੇਸ਼ ਦੇ ਦੱਖਣੀ ਤੱਟ 'ਤੇ ਲਗਜ਼ਰੀ ਰਿਜ਼ੋਰਟ ਬਣਾਉਣ ਦਾ ਪ੍ਰੋਜੈਕਟ ਹੈ, ਜਿਸ ਨਾਲ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਵਾਈ ਜੇਰੇਡ ਕੁਸ਼ਨਰ ਜੁੜੇ ਹੋਏ ਹਨ। ਲੋਕਾਂ ਦਾ ਦੋਸ਼ ਹੈ ਕਿ ਸਰਕਾਰ ਜਨਤਕ ਜ਼ਮੀਨਾਂ ਅਤੇ ਵਸੀਲਿਆਂ ਨੂੰ ਕਾਰਪੋਰੇਟ ਹਿੱਤਾਂ ਲਈ ਵੇਚ ਰਹੀ ਹੈ।
.png)
ਹਾਲਾਂਕਿ, ਪ੍ਰਧਾਨ ਮੰਤਰੀ ਐਦੀ ਰਾਮਾ ਨੇ ਅਸਤੀਫ਼ਾ ਦੇਣ ਤੋਂ ਸਾਫ਼ ਇਨਕਾਰ ਕਰਦਿਆਂ ਕਿਹਾ ਹੈ ਕਿ ਸਰਕਾਰਾਂ ਚੋਣਾਂ ਰਾਹੀਂ ਬਦਲਦੀਆਂ ਹਨ, ਨਾ ਕਿ ਸੜਕਾਂ ਦੇ ਪ੍ਰਦਰਸ਼ਨਾਂ ਨਾਲ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦਸੰਬਰ 2018 ਵਿੱਚ ਵੀ ਵਿਦਿਆਰਥੀਆਂ ਦੇ ਵੱਡੇ ਅੰਦੋਲਨ ਕਾਰਨ ਰਾਮਾ ਨੂੰ ਆਪਣੇ ਅੱਠ ਮੰਤਰੀ ਹਟਾਉਣੇ ਪਏ ਸਨ।

