ਅਮਰੀਕੀ ਖੁਫੀਆ ਏਜੰਸੀਆਂ CIA ਅਤੇ ODNI 'ਤੇ ਵੱਡਾ ਸਾਈਬਰ ਅਟੈਕ; ਸਾਈਬਰ ਹਮਲਿਆਂ ਤੋਂ ਪ੍ਰਭਾਵਿਤ ਦੇਸ਼ਾਂ 'ਚ ਭਾਰਤ 7ਵੇਂ ਨੰਬਰ 'ਤੇ
ਵਾਸ਼ਿੰਗਟਨ: ਅਮਰੀਕਾ ਦੀਆਂ ਪ੍ਰਮੁੱਖ ਖੁਫੀਆ ਏਜੰਸੀਆਂ CIA (ਸੈਂਟਰਲ ਇੰਟੈਲੀਜੈਂਸ ਏਜੰਸੀ) ਅਤੇ ODNI (ਆਫਿਸ ਆਫ਼ ਦ ਡਾਇਰੈਕਟਰ ਆਫ਼ ਨੈਸ਼ਨਲ ਇੰਟੈਲੀਜੈਂਸ) ਦੇ ਕੰਪਿਊਟਰ ਸਿਸਟਮਾਂ 'ਤੇ ਬੁੱਧਵਾਰ ਨੂੰ ਸਾਈਬਰ ਅਟੈਕ ਹੋਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਹੈਕਰਾਂ ਨੇ ਜਨਤਕ ਸਰੋਤਾਂ ਤੋਂ ਖੁਫੀਆ ਜਾਣਕਾਰੀ ਇਕੱਠੀ ਕਰਨ ਅਤੇ ਉਸ ਦਾ ਵਿਸ਼ਲੇਸ਼ਣ (Analysis) ਕਰਨ ਵਾਲੇ ਸਿਸਟਮ ਵਿੱਚ ਸੰਨ੍ਹ ਲਗਾਈ। ਇਸ ਸਿਸਟਮ ਰਾਹੀਂ ਸੋਸ਼ਲ ਮੀਡੀਆ, ਇੰਟਰਨੈੱਟ, ਸੈਟੇਲਾਈਟ ਤਸਵੀਰਾਂ ਅਤੇ ਨਿੱਜੀ ਡਾਟਾ ਕੰਪਨੀਆਂ ਤੋਂ ਮਿਲਣ ਵਾਲੀਆਂ ਜਾਣਕਾਰੀਆਂ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ।
ਫਿਲਹਾਲ ਇਸ ਹਮਲੇ ਪਿੱਛੇ ਕਿਸ ਦਾ ਹੱਥ ਸੀ ਅਤੇ ਕਿੰਨਾ ਡਾਟਾ ਪ੍ਰਭਾਵਿਤ ਹੋਇਆ ਹੈ, ਇਸ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਾਲਾਂਕਿ, ਅਧਿਕਾਰੀਆਂ ਮੁਤਾਬਕ ਸਿਸਟਮ ਦੀ ਗੜਬੜੀ ਨੂੰ ਠੀਕ ਕਰ ਲਿਆ ਗਿਆ ਹੈ ਅਤੇ ਕੋਈ ਵੀ ਗੁਪਤ (Classified) ਜਾਣਕਾਰੀ ਪ੍ਰਭਾਵਿਤ ਨਹੀਂ ਹੋਈ ਹੈ।
ਪਿਛਲੇ ਹਫ਼ਤੇ NSA ਅਤੇ FBI 'ਤੇ ਵੀ ਹੋਇਆ ਸੀ ਹਮਲਾ, ਟਰੰਪ ਪ੍ਰਸ਼ਾਸਨ ਦਾ ਸੰਗਠਿਤ ਹਮਲੇ ਤੋਂ ਇਨਕਾਰ
ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਨੈਸ਼ਨਲ ਸਕਿਓਰਿਟੀ ਏਜੰਸੀ (NSA) ਅਤੇ FBI ਦੇ ਸਿਸਟਮਾਂ 'ਤੇ ਵੀ ਸਾਈਬਰ ਅਟੈਕ ਹੋਏ ਸਨ। NSA ਦਾ ਗੁਪਤ ਨੈੱਟਵਰਕ ਕੁਝ ਸਮੇਂ ਲਈ ਬੰਦ ਹੋ ਗਿਆ ਸੀ, ਜਦਕਿ FBI ਦੇ ਨੈਸ਼ਨਲ ਕ੍ਰਾਈਮ ਇਨਫਰਮੇਸ਼ਨ ਡਾਟਾਬੇਸ ਵਿੱਚ ਸੰਨ੍ਹਮਾਰੀ ਦੀ ਜਾਂਚ ਚੱਲ ਰਹੀ ਹੈ।
ਹਾਲਾਂਕਿ, ਟਰੰਪ ਪ੍ਰਸ਼ਾਸਨ ਨੇ ਇਨ੍ਹਾਂ ਘਟਨਾਵਾਂ ਪਿੱਛੇ ਕਿਸੇ ਇੱਕ ਸੰਗਠਿਤ ਸਾਈਬਰ ਹਮਲੇ ਦੇ ਖਦਸ਼ੇ ਤੋਂ ਇਨਕਾਰ ਕੀਤਾ ਹੈ। ਦੂਜੇ ਪਾਸੇ, ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ ਮੁਤਾਬਕ ਹੈਕਰ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਸਾਫਟਵੇਅਰ ਦੀਆਂ ਕਮਜ਼ੋਰੀਆਂ ਨੂੰ ਤੇਜ਼ੀ ਨਾਲ ਲੱਭ ਰਹੇ ਹਨ, ਜਿਸ ਕਾਰਨ ਸਰਕਾਰੀ ਸਿਸਟਮਾਂ ਨੂੰ ਲਗਾਤਾਰ ਅੱਪਡੇਟ ਅਤੇ ਸਕਿਓਰਿਟੀ ਪੈਚ ਦੀ ਲੋੜ ਪੈ ਰਹੀ ਹੈ।
12 ਤੋਂ 17 ਨਵੰਬਰ ਦਰਮਿਆਨ ਠੱਪ ਹੋਏ ਵੱਡੇ ਸਿਸਟਮਾਂ ਦੀ ਟਾਈਮਲਾਈਨ
ਅਮਰੀਕਾ ਵਿੱਚ 12 ਤੋਂ 17 ਨਵੰਬਰ ਦਰਮਿਆਨ ਕਈ ਸਰਕਾਰੀ ਏਜੰਸੀਆਂ ਅਤੇ ਵੱਡੀਆਂ ਕੰਪਨੀਆਂ ਦੇ ਸਿਸਟਮਾਂ ਵਿੱਚ ਤਕਨੀਕੀ ਗੜਬੜੀਆਂ ਆਈਆਂ, ਜਿਸ ਨਾਲ ਬੈਂਕਿੰਗ, ਹਵਾਬਾਜ਼ੀ, ਹੋਟਲ ਬੁਕਿੰਗ ਅਤੇ ਆਨਲਾਈਨ ਸੇਵਾਵਾਂ ਪ੍ਰਭਾਵਿਤ ਹੋਈਆਂ:
-
12 ਨਵੰਬਰ – ਮਾਈਕ੍ਰੋਸਾਫਟ: ਆਊਟਲੁੱਕ, ਟੀਮਜ਼ ਅਤੇ ਕੋਪਾਇਲਟ ਠੱਪ ਹੋਣ ਕਾਰਨ ਈਮੇਲ ਅਤੇ ਦਫ਼ਤਰੀ ਕੰਮਕਾਜ 14 ਨਵੰਬਰ ਤੱਕ ਪ੍ਰਭਾਵਿਤ ਰਹੇ।
-
13 ਨਵੰਬਰ – ਅਮਰੀਕੀ ਹਵਾਬਾਜ਼ੀ ਪ੍ਰਸ਼ਾਸਨ (FAA): ਨੈੱਟਵਰਕ ਅਤੇ ਰਾਊਟਰ ਵਿੱਚ ਖ਼ਰਾਬੀ ਕਾਰਨ 4 ਘੰਟਿਆਂ ਤੋਂ ਵੱਧ ਸਮੇਂ ਤੱਕ ਉਡਾਣਾਂ ਰੋਕੀਆਂ ਗਈਆਂ ਅਤੇ ਹਜ਼ਾਰਾਂ ਫਲਾਈਟਾਂ ਰੱਦ ਹੋਈਆਂ।
-
16 ਨਵੰਬਰ – ਜੇਪੀ ਮੌਰਗਨ ਚੇਜ਼: ਆਨਲਾਈਨ ਬੈਂਕਿੰਗ ਅਤੇ ਪੈਸੇ ਟ੍ਰਾਂਸਫਰ ਕਰਨ ਵਾਲੀਆਂ ਸੇਵਾਵਾਂ 'ਤੇ ਅਸਰ ਪਿਆ।
-
16 ਨਵੰਬਰ – ਯੂਨਾਈਟਿਡ ਏਅਰਲਾਈਨਜ਼: ਸਿਸਟਮ 90 ਮਿੰਟਾਂ ਤੋਂ ਵੱਧ ਸਮੇਂ ਤੱਕ ਠੱਪ ਰਹਿਣ ਕਾਰਨ ਕਰੀਬ 150 ਉਡਾਣਾਂ ਵਿੱਚ ਦੇਰੀ ਹੋਈ।
-
17 ਨਵੰਬਰ – NSA, ਐਪਲ ਅਤੇ ਮੈਰੀਅਟ ਹੋਟਲ: ਖੁਫੀਆ ਏਜੰਸੀ NSA ਦਾ ਗੁਪਤ ਨੈੱਟਵਰਕ (NSANet) ਠੱਪ ਹੋਣ ਕਾਰਨ ਮੁਲਾਜ਼ਮਾਂ ਨੂੰ ਵੱਖ-ਵੱਖ ਸ਼ਿਫਟਾਂ ਵਿੱਚ ਦਫ਼ਤਰ ਬੁਲਾਉਣਾ ਪਿਆ। ਇਸੇ ਦਿਨ ਐਪਲ ਮਿਊਜ਼ਿਕ, ਐਪ ਸਟੋਰ, ਐਪਲਕੇਅਰ, ਆਈਕਲਾਊਡ ਅਤੇ ਐਪਲ ਪੇਅ ਵਿੱਚ ਗੜਬੜੀ ਆਈ, ਜਦਕਿ ਮੈਰੀਅਟ ਹੋਟਲ ਦੀ ਵੈੱਬਸਾਈਟ ਅਤੇ ਐਪ ਠੱਪ ਹੋਣ ਨਾਲ ਬੁਕਿੰਗ ਅਤੇ ਚੈੱਕ-ਇਨ ਪ੍ਰਭਾਵਿਤ ਹੋਏ।
ਸਾਈਬਰ ਹਮਲਿਆਂ ਤੋਂ ਪ੍ਰਭਾਵਿਤ ਟੌਪ-7 ਦੇਸ਼ਾਂ ਵਿੱਚ ਭਾਰਤ ਸੱਤਵੇਂ ਸਥਾਨ 'ਤੇ
ਮਾਈਕ੍ਰੋਸਾਫਟ ਦੀ 'ਡਿਜੀਟਲ ਡਿਫੈਂਸ ਰਿਪੋਰਟ 2026' ਮੁਤਾਬਕ, ਦੁਨੀਆ ਦੇ ਸਾਈਬਰ ਅਟੈਕ ਤੋਂ ਸਭ ਤੋਂ ਵੱਧ ਪ੍ਰਭਾਵਿਤ ਟੌਪ-7 ਦੇਸ਼ਾਂ ਵਿੱਚ ਅਮਰੀਕਾ ਪਹਿਲੇ ਸਥਾਨ 'ਤੇ ਹੈ, ਜਦਕਿ ਭਾਰਤ ਸੱਤਵੇਂ ਨੰਬਰ 'ਤੇ ਹੈ। ਦੁਨੀਆ ਭਰ ਵਿੱਚ ਟ੍ਰੈਕ ਕੀਤੇ ਗਏ ਕੁੱਲ ਸਾਈਬਰ ਖਤਰਿਆਂ ਵਿੱਚ ਭਾਰਤ ਦੀ ਹਿੱਸੇਦਾਰੀ 2.5% ਰਹੀ ਹੈ।
3.png)
ਬਦਲਿਆ ਸਾਈਬਰ ਅਪਰਾਧ ਦਾ ਟ੍ਰੈਂਡ: ਇਨ੍ਹਾਂ 3 ਤਰੀਕਿਆਂ ਨਾਲ ਹੋ ਰਹੇ ਨੇ ਸਭ ਤੋਂ ਵੱਧ ਹਮਲੇ
ਸਾਈਬਰ ਹਮਲਾਵਰਾਂ ਨੇ ਹੁਣ ਆਪਣੇ ਤਰੀਕੇ ਬਦਲ ਲਏ ਹਨ ਅਤੇ ਮੁੱਖ ਤੌਰ 'ਤੇ ਇਨ੍ਹਾਂ ਤਿੰਨ ਤਰੀਕਿਆਂ ਨਾਲ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ:
-
QR ਕੋਡ ਫਿਸ਼ਿੰਗ: ਈਮੇਲ ਜਾਂ PDF ਫਾਈਲ ਰਾਹੀਂ QR ਕੋਡ ਭੇਜਿਆ ਜਾਂਦਾ ਹੈ, ਜਿਸ ਨੂੰ ਸਕੈਨ ਕਰਦਿਆਂ ਹੀ ਯੂਜ਼ਰ ਸਾਈਬਰ ਹਮਲੇ ਦਾ ਸ਼ਿਕਾਰ ਹੋ ਜਾਂਦਾ ਹੈ। ਮਾਈਕ੍ਰੋਸਾਫਟ ਨੇ ਇੱਕ ਸਾਲ ਵਿੱਚ 14.5 ਕਰੋੜ QR ਫਿਸ਼ਿੰਗ ਹਮਲੇ ਫੜੇ ਹਨ।
-
ਫੇਕ ਕੈਪਚਾ (Fake Captcha): ਵੈੱਬਸਾਈਟ 'ਤੇ 'ਮੈਂ ਰੋਬੋਟ ਨਹੀਂ ਹਾਂ' (I am not a robot) ਜਾਂ ਫ਼ਰਜ਼ੀ ਐਰਰ/ਅੱਪਡੇਟ ਦਾ ਮੈਸੇਜ ਦਿਖਾ ਕੇ ਯੂਜ਼ਰ ਕੋਲੋਂ ਇੱਕ ਕਮਾਂਡ ਕਾਪੀ-ਪੇਸਟ ਕਰਵਾਈ ਜਾਂਦੀ ਹੈ। 11 ਲੱਖ ਡਿਵਾਈਸਾਂ 'ਤੇ ਅਜਿਹੀ ਗਤੀਵਿਧੀ ਦਰਜ ਕੀਤੀ ਗਈ ਹੈ।
-
ਬੌਸ ਜਾਂ HR ਬਣ ਕੇ ਹਮਲਾ: ਹਮਲਾਵਰ ਹੁਣ ਸਿਰਫ਼ ਬੈਂਕ ਜਾਂ ਕੰਪਨੀ ਦੀ ਨਕਲ ਨਹੀਂ ਕਰਦੇ, ਸਗੋਂ ਕਰਮਚਾਰੀ ਦੇ ਬੌਸ, ਐੱਚਆਰ (HR), ਪੇਰੋਲ ਟੀਮ, ਵੈਂਡਰ ਜਾਂ ਬਿਜ਼ਨਸ ਪਾਰਟਨਰ ਦੀ ਪਛਾਣ ਬਣਾ ਕੇ ਹਮਲਾ ਕਰਦੇ ਹਨ। ਅਪ੍ਰੈਲ-ਜੂਨ 2026 ਵਿੱਚ ਰਿਪੋਰਟ ਕੀਤੀਆਂ ਗਈਆਂ 85% ਫਿਸ਼ਿੰਗ ਈਮੇਲਾਂ ਵਿੱਚ ਕਿਸੇ ਨਾ ਕਿਸੇ ਦੀ ਪਛਾਣ ਦੀ ਨਕਲ ਕੀਤੀ ਗਈ ਸੀ।

