ਫਾਜ਼ਿਲਕਾ ਦੇ ਨੌਜਵਾਨ ਗੁਰਪ੍ਰੀਤ ਸਿੰਘ ਨੇ ਵਿਦੇਸ਼ 'ਚ ਰੌਸ਼ਨ ਕੀਤਾ ਨਾਂ, ਟੋਰਾਂਟੋ ਪੁਲਿਸ 'ਚ ਕਾਂਸਟੇਬਲ ਵਜੋਂ ਸੰਭਾਲੀ ਡਿਊਟੀ

ਫਾਜ਼ਿਲਕਾ ਦੇ ਨੌਜਵਾਨ ਗੁਰਪ੍ਰੀਤ ਸਿੰਘ ਨੇ ਵਿਦੇਸ਼ 'ਚ ਰੌਸ਼ਨ ਕੀਤਾ ਨਾਂ, ਟੋਰਾਂਟੋ ਪੁਲਿਸ 'ਚ ਕਾਂਸਟੇਬਲ ਵਜੋਂ ਸੰਭਾਲੀ ਡਿਊਟੀ

ਫਾਜ਼ਿਲਕਾ: ਜ਼ਿਲ੍ਹਾ ਫਾਜ਼ਿਲਕਾ ਦੇ ਅਰਨੀਵਾਲਾ ਵਾਸੀ ਸੇਖੋਂ ਪਰਿਵਾਰ ਦੇ ਨੌਜਵਾਨ ਗੁਰਪ੍ਰੀਤ ਸਿੰਘ ਦੀ ਕੈਨੇਡਾ ਦੀ ਟੋਰਾਂਟੋ ਪੁਲਿਸ ਵਿੱਚ ਬਤੌਰ ਕਾਂਸਟੇਬਲ ਚੋਣ ਹੋਈ ਹੈ। ਆਪਣੀ ਟ੍ਰੇਨਿੰਗ ਅਤੇ ਪਾਸਿੰਗ ਆਊਟ ਪਰੇਡ ਸਫਲਤਾਪੂਰਵਕ ਮੁਕੰਮਲ ਕਰਨ ਤੋਂ ਬਾਅਦ ਗੁਰਪ੍ਰੀਤ ਨੇ ਡਿਊਟੀ ਜੁਆਇਨ ਕਰ ਲਈ ਹੈ। ਗੁਰਪ੍ਰੀਤ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਪਰਿਵਾਰ ਅਤੇ ਪੂਰੇ ਇਲਾਕੇ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ।

ਸੁਰੱਖਿਆ ਬਲਾਂ ਵਿੱਚ ਸੇਵਾਵਾਂ ਨਿਭਾਉਣ ਵਾਲੀ ਚੌਥੀ ਪੀੜ੍ਹੀ

ਡਾ. ਬਲਵੀਰ ਸਿੰਘ ਸੇਖੋਂ ਦੇ ਪੋਤਰੇ ਗੁਰਪ੍ਰੀਤ ਸਿੰਘ ਆਪਣੇ ਪਰਿਵਾਰ ਦੀ ਚੌਥੀ ਪੀੜ੍ਹੀ ਦੇ ਮੈਂਬਰ ਹਨ, ਜੋ ਸੁਰੱਖਿਆ ਬਲਾਂ ਵਿੱਚ ਸੇਵਾਵਾਂ ਦੇ ਰਹੇ ਹਨ। ਗੁਰਪ੍ਰੀਤ ਦੇ ਪਿਤਾ ਹਰਬੰਤ (ਹਰਬੰਸ) ਸਿੰਘ ਪੰਜਾਬ ਪੁਲਿਸ ਵਿੱਚ ਬਤੌਰ ਸਬ-ਇੰਸਪੈਕਟਰ (SI) ਤਾਇਨਾਤ ਹਨ, ਜਦਕਿ ਉਨ੍ਹਾਂ ਦੇ ਦਾਦਾ ਜੀ ਵੀ ਪੰਜਾਬ ਪੁਲਿਸ ਤੋਂ ਸੇਵਾਮੁਕਤ ਹੋਏ ਹਨ। ਜ਼ਿਕਰਯੋਗ ਹੈ ਕਿ ਇਸ ਪਰਿਵਾਰ ਦੇ 10 ਤੋਂ ਵੱਧ ਮੈਂਬਰ ਦੇਸ਼ ਦੀ ਫ਼ੌਜ ਅਤੇ ਪੁਲਿਸ ਵਿੱਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ ਜਾਂ ਮੌਜੂਦਾ ਸਮੇਂ ਵਿੱਚ ਸੇਵਾਵਾਂ ਦੇ ਰਹੇ ਹਨ।

image (1)

ਢੋਲ ਦੀ ਥਾਪ 'ਤੇ ਭੰਗੜਾ ਪਾ ਕੇ ਮਨਾਈ ਖ਼ੁਸ਼ੀ

ਟੋਰਾਂਟੋ ਪੁਲਿਸ ਵਿੱਚ ਚੋਣ ਹੋਣ ਦੀ ਖ਼ਬਰ ਮਿਲਦਿਆਂ ਹੀ ਅਰਨੀਵਾਲਾ ਸਥਿਤ ਘਰ ਵਿੱਚ ਜਸ਼ਨ ਦਾ ਮਾਹੌਲ ਬਣ ਗਿਆ। ਪਰਿਵਾਰਕ ਮੈਂਬਰਾਂ ਨੇ ਲੱਡੂ ਵੰਡ ਕੇ ਅਤੇ ਢੋਲ ਦੀ ਥਾਪ 'ਤੇ ਭੰਗੜਾ ਪਾ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ। ਇਲਾਕੇ ਦੇ ਪਤਵੰਤੇ ਸੱਜਣਾਂ ਨੇ ਵੀ ਘਰ ਪਹੁੰਚ ਕੇ ਸੇਖੋਂ ਪਰਿਵਾਰ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਵਧਾਈਆਂ ਦਿੱਤੀਆਂ।