ਅਹਿਮਦਾਬਾਦ 'ਚ ਛਲਕਿਆ ਦਿਲਜੀਤ ਦੋਸਾਂਝ ਦਾ ਦਰਦ, ਕਿਹਾ- "ਵਿਦੇਸ਼ੀ ਗਾਇਕਾਂ ਨੂੰ ਖੁੱਲ੍ਹ, ਪਰ ਭਾਰਤੀ ਕਲਾਕਾਰਾਂ ਨਾਲ ਦੋਹਰਾ ਰਵੱਈਆ ਕਿਉਂ?"
ਅਹਿਮਦਾਬਾਦ: ਗੁਜਰਾਤ ਦੇ ਅਹਿਮਦਾਬਾਦ ਸਥਿਤ ਦੁਨੀਆ ਦੇ ਸਭ ਤੋਂ ਵੱਡੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਸ਼ਨੀਵਾਰ ਰਾਤ 'ਔਰਾ ਟੂਰ' (Aura Tour) ਦੌਰਾਨ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਦਰਦ ਛਲਕ ਪਿਆ। ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਸਿੱਧਾ ਸਵਾਲ ਕੀਤਾ ਕਿ ਆਖ਼ਰ ਉਨ੍ਹਾਂ ਨਾਲ ਹੀ 'ਡਬਲ ਸਟੈਂਡਰਡ' (ਦੋਹਰਾ ਰਵੱਈਆ) ਕਿਉਂ ਅਪਣਾਇਆ ਜਾਂਦਾ ਹੈ?
ਜ਼ਿਕਰਯੋਗ ਹੈ ਕਿ ਅਹਿਮਦਾਬਾਦ ਸ਼ੋਅ ਤੋਂ ਪਹਿਲਾਂ ਹੀ ਪ੍ਰਸ਼ਾਸਨ ਵੱਲੋਂ ਦਿਲਜੀਤ ਨੂੰ ਨਸ਼ੇ ਅਤੇ ਕ੍ਰਾਈਮ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ—ਜਿਵੇਂ ਕਿ 'ਪੰਜ ਤਾਰਾ ਹੋਟਲ', 'ਕੇਸ' ਅਤੇ 'ਪਟਿਆਲਾ ਪੈੱਗ'—ਗਾਉਣ ਤੋਂ ਰੋਕ ਦਿੱਤਾ ਗਿਆ ਸੀ।
ਕੋਲਡਪਲੇ ਦਾ ਜ਼ਿਕਰ ਕਰਦਿਆਂ ਚੁੱਕੇ ਸਵਾਲ
ਦਿਲਜੀਤ ਨੇ ਵਿਦੇਸ਼ੀ ਅਤੇ ਭਾਰਤੀ ਕਲਾਕਾਰਾਂ ਪ੍ਰਤੀ ਵੱਖ-ਵੱਖ ਮਾਪਦੰਡਾਂ 'ਤੇ ਸਵਾਲ ਚੁੱਕਦਿਆਂ ਮਸ਼ਹੂਰ ਬ੍ਰਿਟਿਸ਼ ਬੈਂਡ 'ਕੋਲਡਪਲੇ' (Coldplay) ਦੀ ਉਦਾਹਰਣ ਦਿੱਤੀ।
ਉਨ੍ਹਾਂ ਕਿਹਾ, "ਜਦੋਂ ਕੋਲਡਪਲੇ ਦਾ ਬੈਂਡ ਇੰਡੀਆ ਆ ਕੇ ਗਾਉਂਦਾ ਹੈ ਕਿ 'ਆਈ ਐਮ ਫੀਲਿੰਗ ਡਰੰਕ ਐਂਡ ਹਾਈ' (I am feeling drunk and high), ਤਾਂ ਕਿਸੇ ਨੂੰ ਕੋਈ ਦਿੱਕਤ ਨਹੀਂ ਹੁੰਦੀ। ਪਰ ਜਦੋਂ ਮੈਂ 'ਪਟਿਆਲਾ ਪੈੱਗ' ਗਾਉਂਦਾ ਹਾਂ ਤਾਂ ਸਟੇਜ 'ਤੇ ਰੋਕ ਲਗਾ ਦਿੱਤੀ ਜਾਂਦੀ ਹੈ। ਮੈਂ ਭਾਰਤ ਵਿੱਚ ਪੈਦਾ ਹੋਇਆ ਹਾਂ ਅਤੇ ਮੇਰੇ ਮਿਊਜ਼ੀਸ਼ੀਅਨ ਵੀ ਭਾਰਤੀ ਹਨ। ਜਦੋਂ ਇੱਕ ਵਿਦੇਸ਼ੀ ਗਾਇਕ ਦੇ ਨਸ਼ੇ ਵਾਲੇ ਗੀਤਾਂ ਤੋਂ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ, ਤਾਂ ਇੱਕ ਭਾਰਤੀ ਕਲਾਕਾਰ ਦੇ ਗੀਤਾਂ ਤੋਂ ਦਿੱਕਤ ਕਿਉਂ ਹੁੰਦੀ ਹੈ?"
"ਜਿੰਨੀਆਂ ਪਾਬੰਦੀਆਂ ਲਾਉਣੀਆਂ ਨੇ ਲਾ ਲਓ, ਮੈਂ ਅਮਰੀਕਾ 'ਚ ਪੈਦਾ ਨਹੀਂ ਹੋਇਆ"
ਦਿਲਜੀਤ ਨੇ ਦੱਸਿਆ ਕਿ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਸਟੇਜ 'ਤੇ ਕੀ ਗਾਉਣਾ ਹੈ ਅਤੇ ਕੀ ਨਹੀਂ।
ਉਨ੍ਹਾਂ ਕਿਹਾ, "ਜਿੰਨੀਆਂ ਪਾਬੰਦੀਆਂ ਲਾਉਣੀਆਂ ਹਨ ਲਾ ਲਓ, ਕੋਈ ਦਿੱਕਤ ਨਹੀਂ। ਦਿਲਜੀਤ ਗਾਏਗਾ ਤਾਂ ਪ੍ਰੌਬਲਮ ਹੈ। ਮੈਨੂੰ ਕਿਹਾ ਗਿਆ ਕਿ ਤੂੰ ਬਾਹਰੋਂ ਆਇਆ ਹੈਂ, ਪਰ ਮੇਰਾ ਜਨਮ ਤਾਂ ਇੱਥੇ ਹੀ ਹੋਇਆ ਹੈ। ਮੈਂ ਅਮਰੀਕਾ ਵਿੱਚ ਥੋੜ੍ਹਾ ਪੈਦਾ ਹੋਇਆ ਹਾਂ। ਹਾਂ, ਮੈਂ ਪੂਰੀ ਦੁਨੀਆ ਘੁੰਮਦਾ ਹਾਂ। ਮੇਰੇ ਪਿੱਛੇ ਜੋ ਮੇਰੀ ਟੀਮ ਖੜ੍ਹੀ ਹੈ, ਇਹ ਸਾਰੇ ਇੱਥੇ ਹੀ ਪੈਦਾ ਹੋਏ ਹਨ ਅਤੇ ਇੰਡੀਅਨ ਹਨ। ਇਨ੍ਹਾਂ ਦੇ ਨਾਲ ਹੀ ਮੈਂ ਪੂਰੀ ਦੁਨੀਆ ਵਿੱਚ ਟਰੈਵਲ ਕਰਦਾ ਹਾਂ।"

ਪਾਬੰਦੀਆਂ ਲਾਉਣ ਵਾਲਿਆਂ ਨੂੰ ਮੇਰੇ ਵੱਲੋਂ 'ਆਈ ਲਵ ਯੂ'
ਪ੍ਰਸ਼ਾਸਨਿਕ ਸਖ਼ਤੀ ਦੇ ਬਾਵਜੂਦ ਦਿਲਜੀਤ ਨੇ ਆਪਣੇ ਅੰਦਾਜ਼ ਵਿੱਚ ਮੁਸਕਰਾਉਂਦਿਆਂ ਕਿਹਾ ਕਿ ਇਨ੍ਹਾਂ ਰੋਕਾਂ ਦਾ ਉਨ੍ਹਾਂ ਦੀ ਖ਼ੁਸ਼ੀ 'ਤੇ ਕੋਈ ਅਸਰ ਨਹੀਂ ਪੈਂਦਾ।
ਉਨ੍ਹਾਂ ਕਿਹਾ, "ਤੁਸੀਂ ਲੋਕਾਂ ਨੇ ਸਾਰੀਆਂ ਪਾਬੰਦੀਆਂ ਮੇਰੇ 'ਤੇ ਹੀ ਲਾਉਣੀਆਂ ਹਨ। ਮੈਨੂੰ ਪਾਬੰਦੀਆਂ ਲਾਉਣ ਵਾਲਿਆਂ ਨਾਲ ਕੋਈ ਦਿੱਕਤ ਨਹੀਂ ਹੈ। ਮੈਂ ਪੂਰੇ ਮਜ਼ੇ ਲੈ ਰਿਹਾ ਹਾਂ। ਮੇਰੇ ਵੱਲੋਂ ਉਨ੍ਹਾਂ ਨੂੰ ਵੀ 'ਆਈ ਲਵ ਯੂ' ਹੈ।"
ਦੁਨੀਆ ਦੇ ਸਭ ਤੋਂ ਵੱਡੇ ਸਟੇਡੀਅਮ 'ਚ ਪਰਫਾਰਮ ਕਰਨਾ ਮਾਣ ਵਾਲੀ ਗੱਲ
ਸ਼ੋਅ ਦੌਰਾਨ ਦਿਲਜੀਤ ਨੇ ਦਰਸ਼ਕਾਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਡੇ ਸਟੇਡੀਅਮ ਵਿੱਚ ਪਰਫਾਰਮ ਕਰਨਾ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਆਪਣੇ ਪ੍ਰਸ਼ੰਸਕਾਂ ਦਾ ਆਭਾਰ ਪ੍ਰਗਟਾਇਆ, ਜਿਨ੍ਹਾਂ ਦੇ ਪਿਆਰ ਸਦਕਾ ਇਸ ਇਤਿਹਾਸਕ ਸਟੇਡੀਅਮ ਵਿੱਚ ਪਰਫਾਰਮ ਕਰਨ ਦਾ ਉਨ੍ਹਾਂ ਦਾ ਵਰ੍ਹਿਆਂ ਪੁਰਾਣਾ ਸੁਪਨਾ ਸੱਚ ਹੋ ਸਕਿਆ।

