ਹਰਿਆਣਾ ਦੇ ਕਿਸਾਨਾਂ ਅਤੇ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ: ਹੁਣ 2 ਤੋਂ 4 ਘੰਟਿਆਂ 'ਚ ਬਦਲੇ ਜਾਣਗੇ ਖਰਾਬ ਟਰਾਂਸਫਾਰਮਰ,

ਹਰਿਆਣਾ ਦੇ ਕਿਸਾਨਾਂ ਅਤੇ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ: ਹੁਣ 2 ਤੋਂ 4 ਘੰਟਿਆਂ 'ਚ ਬਦਲੇ ਜਾਣਗੇ ਖਰਾਬ ਟਰਾਂਸਫਾਰਮਰ,

ਚੰਡੀਗੜ੍ਹ: ਹਰਿਆਣਾ ਦੇ ਬਿਜਲੀ ਖਪਤਕਾਰਾਂ ਅਤੇ ਖ਼ਾਸ ਕਰਕੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਬਿਜਲੀ ਨਿਗਮ ਪ੍ਰਬੰਧਨ ਨੇ ਖਰਾਬ ਟਰਾਂਸਫਾਰਮਰ ਬਦਲਣ ਦੀ ਸਮਾਂ-ਸੀਮਾ ਤੈਅ ਕਰ ਦਿੱਤੀ ਹੈ। ਨਵੇਂ ਹੁਕਮਾਂ ਮੁਤਾਬਕ ਹੁਣ ਸ਼ਹਿਰੀ ਖੇਤਰਾਂ ਵਿੱਚ ਖਰਾਬ ਟਰਾਂਸਫਾਰਮਰ ਹਰ ਹਾਲਤ ਵਿੱਚ 2 ਘੰਟੇ ਅਤੇ ਪੇਂਡੂ ਇਲਾਕਿਆਂ ਵਿੱਚ 4 ਘੰਟੇ ਦੇ ਅੰਦਰ ਬਦਲਣਾ ਲਾਜ਼ਮੀ ਹੋਵੇਗਾ।

ਇਸ ਦੇ ਨਾਲ ਹੀ ਕਿਸਾਨਾਂ 'ਤੇ ਪੈਣ ਵਾਲਾ ਵਾਧੂ ਬੋਝ ਵੀ ਖ਼ਤਮ ਕਰ ਦਿੱਤਾ ਗਿਆ ਹੈ। ਹੁਣ ਖਰਾਬ ਟਰਾਂਸਫਾਰਮਰ ਬਦਲਣ ਲਈ ਕਿਸਾਨਾਂ ਨੂੰ ਕਿਸੇ ਵਾਹਨ ਜਾਂ ਟਰਾਂਸਪੋਰਟ ਦਾ ਪ੍ਰਬੰਧ ਨਹੀਂ ਕਰਨਾ ਪਵੇਗਾ, ਸਗੋਂ ਬਿਜਲੀ ਨਿਗਮ ਖੁਦ ਗੱਡੀਆਂ ਅਤੇ ਮੋਬਾਈਲ ਟਰਾਲੀਆਂ ਦਾ ਇੰਤਜ਼ਾਮ ਕਰੇਗਾ। ਦੱਸ ਦਈਏ ਕਿ ਆਗਾਮੀ 9 ਦਸੰਬਰ ਨੂੰ ਸੂਬੇ ਦੇ ਊਰਜਾ ਮੰਤਰੀ ਅਨਿਲ ਵਿੱਜ ਉੱਤਰ (UHBVN) ਅਤੇ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ (DHBVN) ਦੇ ਕੰਮਾਂ ਦੀ ਵਿਸਤ੍ਰਿਤ ਸਮੀਖਿਆ ਕਰਨਗੇ।

ਮੀਟਿੰਗ ਤੋਂ ਦੋ ਹਫ਼ਤੇ ਪਹਿਲਾਂ ਐਮ.ਡੀ. ਨੇ ਅਧਿਕਾਰੀਆਂ ਨੂੰ ਕੀਤਾ ਅਲਰਟ

ਊਰਜਾ ਮੰਤਰੀ ਦੀ ਇਸ ਵੱਡੀ ਸਮੀਖਿਆ ਮੀਟਿੰਗ ਤੋਂ ਠੀਕ ਦੋ ਹਫ਼ਤੇ ਪਹਿਲਾਂ ਦੋਵਾਂ ਨਿਗਮਾਂ ਦੇ ਪ੍ਰਬੰਧ ਨਿਰਦੇਸ਼ਕ (MD) ਵਿਕਰਮ ਸਿੰਘ ਨੇ ਸਾਰੇ ਮੁੱਖ ਤੇ ਨਿਗਰਾਨ ਇੰਜੀਨੀਅਰਾਂ ਅਤੇ ਫੀਲਡ ਅਧਿਕਾਰੀਆਂ ਨੂੰ ਅਲਰਟ ਮੋਡ 'ਤੇ ਪਾ ਦਿੱਤਾ ਹੈ। ਐਮ.ਡੀ. ਨੇ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਹਰ ਸਬ-ਡਿਵੀਜ਼ਨ ਵਿੱਚ ਲੋੜੀਂਦੇ ਟਰਾਂਸਫਾਰਮਰ ਬੈਂਕ ਅਤੇ ਚਾਲੂ ਹਾਲਤ ਵਿੱਚ ਮੋਬਾਈਲ ਟਰਾਲੀਆਂ ਮੌਜੂਦ ਹੋਣੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ ਗਰਮੀ ਅਤੇ ਝੋਨੇ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਚਾਰ ਤੋਂ ਪੰਜ ਮਹੀਨਿਆਂ ਲਈ ਠੇਕੇਦਾਰਾਂ ਤੇ ਵਾਹਨਾਂ ਦਾ ਅਗਾਊਂ ਪ੍ਰਬੰਧ ਕਰਨ ਲਈ ਵੀ ਕਿਹਾ ਗਿਆ ਹੈ।

image

ਮੀਟਿੰਗ ਤੋਂ ਪਹਿਲਾਂ ਐਮ.ਡੀ. ਦੇ ਪ੍ਰਮੁੱਖ ਨਿਰਦੇਸ਼

  • ਸਵੇਰੇ 11 ਵਜੇ ਤੱਕ ਮੰਤਰੀ ਦਫ਼ਤਰ ਜਾਵੇਗੀ ਰਿਪੋਰਟ: ਬਿਜਲੀ ਸਪਲਾਈ ਦੇ ਰੋਜ਼ਾਨਾ ਅੰਕੜੇ ਅਪਡੇਟ ਕਰਕੇ ਹਰ ਰੋਜ਼ ਸਵੇਰੇ 11 ਵਜੇ ਤੱਕ ਊਰਜਾ ਮੰਤਰੀ ਦੇ ਦਫ਼ਤਰ ਭੇਜਣੇ ਲਾਜ਼ਮੀ ਕੀਤੇ ਗਏ ਹਨ। 11 ਅਤੇ 33 ਕੇ.ਵੀ. ਫੀਡਰਾਂ ਨੇੜੇ ਦਰੱਖਤਾਂ ਦੀ ਛਾਂਟੀ ਸਮੇਂ ਸਿਰ ਕਰਨ ਅਤੇ ਮੁਲਾਜ਼ਮਾਂ ਨੂੰ ਪੂਰੀਆਂ ਸੁਰੱਖਿਆ ਕਿੱਟਾਂ ਦੇਣ ਦੇ ਹੁਕਮ ਦਿੱਤੇ ਗਏ ਹਨ।

  • ਡਿਸਕਨੈਕਟ ਥਾਵਾਂ 'ਤੇ ਦੂਜੇ ਕੁਨੈਕਸ਼ਨ ਲਈ ਚਾਰਜਸ਼ੀਟ: ਬਕਾਇਆ ਬਿੱਲ ਕਾਰਨ ਪੱਕੇ ਤੌਰ 'ਤੇ ਕੱਟੇ ਗਏ ਕੁਨੈਕਸ਼ਨਾਂ ਵਾਲੀ ਥਾਂ 'ਤੇ ਨਵਾਂ ਜਾਂ ਦੂਜਾ ਕੁਨੈਕਸ਼ਨ ਦੇਣ 'ਤੇ ਸਖ਼ਤ ਕਾਰਵਾਈ ਹੋਵੇਗੀ। ਤਿੰਨ ਅਧਿਕਾਰੀਆਂ ਦੀ ਕਮੇਟੀ ਇਸ ਦੀ ਭੌਤਿਕ ਜਾਂਚ ਕਰੇਗੀ। ਗੜਬੜੀ ਮਿਲਣ 'ਤੇ ਕੁਨੈਕਸ਼ਨ ਤੁਰੰਤ ਕੱਟਿਆ ਜਾਵੇਗਾ ਅਤੇ ਜ਼ਿੰਮੇਵਾਰ ਅਫ਼ਸਰ ਜਾਂ ਮੁਲਾਜ਼ਮ ਨੂੰ ਨਿਯਮ 8 ਤਹਿਤ ਚਾਰਜਸ਼ੀਟ ਕੀਤਾ ਜਾਵੇਗਾ।

  • ਡਿਫਾਲਟਰਾਂ 'ਤੇ ਲੈਂਡ ਰੈਵੇਨਿਊ ਐਕਟ ਤਹਿਤ ਸ਼ਿਕੰਜਾ: ਸਰਕਾਰੀ ਵਿਭਾਗਾਂ ਅਤੇ ਵੱਡੇ ਡਿਫਾਲਟਰਾਂ ਤੋਂ ਬਕਾਇਆ ਵਸੂਲੀ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਪੱਕੇ ਤੌਰ 'ਤੇ ਕੁਨੈਕਸ਼ਨ ਕਟਵਾ ਚੁੱਕੇ ਬਕਾਏਦਾਰਾਂ ਨੂੰ ਤਹਿਸੀਲਦਾਰਾਂ ਰਾਹੀਂ ਲੈਂਡ ਰੈਵੇਨਿਊ ਐਕਟ ਤਹਿਤ ਨੋਟਿਸ ਭੇਜੇ ਜਾਣਗੇ, ਜਿਸ ਦੀ ਨਿਗਰਾਨੀ ਡੀ.ਸੀ. ਦੀ ਮਹੀਨਾਵਾਰ ਮੀਟਿੰਗ ਵਿੱਚ ਹੋਵੇਗੀ।

  • ਬਿਜਲੀ ਚੋਰੀ 'ਤੇ 3 ਮਹੀਨਿਆਂ 'ਚ ਕੋਰਟ ਚਲਾਨ: ਵਿਜੀਲੈਂਸ ਵਿੰਗ ਨੂੰ ਐੱਫ.ਆਈ.ਆਰ. ਦਰਜ ਹੋਣ ਦੇ 3 ਮਹੀਨਿਆਂ ਦੇ ਅੰਦਰ ਅਦਾਲਤ ਵਿੱਚ ਚਲਾਨ ਪੇਸ਼ ਕਰਨਾ ਹੋਵੇਗਾ। ਪੁਰਾਣੇ ਲੰਬਿਤ ਮਾਮਲਿਆਂ ਦਾ ਇੱਕ ਮਹੀਨੇ ਵਿੱਚ ਨਿਪਟਾਰਾ ਕਰਨ ਅਤੇ ਪਹਿਲੀ ਵਾਰ ਤੇ ਵਾਰ-ਵਾਰ ਚੋਰੀ ਕਰਨ ਵਾਲਿਆਂ ਦਾ ਵੱਖਰਾ ਰਿਕਾਰਡ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

  • ਪੀ.ਐੱਮ. ਸੂਰਿਆ ਘਰ ਯੋਜਨਾ: ਮਾਰਚ 2027 ਤੱਕ ਸੂਬੇ ਦੇ 2.20 ਲੱਖ ਘਰਾਂ 'ਤੇ ਸੋਲਰ ਪੈਨਲ ਲਗਾਉਣ ਦਾ ਟੀਚਾ ਹੈ। ਇਸ ਲਈ ਹਰ ਮਹੀਨੇ 12,500 ਅਤੇ ਹਰੇਕ ਜ਼ੋਨ ਵਿੱਚ ਰੋਜ਼ਾਨਾ 100 ਸੋਲਰ ਕੁਨੈਕਸ਼ਨ ਲਗਾਉਣੇ ਹੋਣਗੇ। ਇੱਕ ਸਾਲ ਵਿੱਚ ਸਾਰੀਆਂ ਸਰਕਾਰੀ ਇਮਾਰਤਾਂ 'ਤੇ ਸੋਲਰ ਪੈਨਲ ਲੱਗਣਗੇ ਅਤੇ ਟਾਪ-3 ਸਰਕਲਾਂ ਨੂੰ ਸਨਮਾਨਿਤ ਕੀਤਾ ਜਾਵੇਗਾ।

  • ਸਬ-ਸਟੇਸ਼ਨ ਸੁਰੱਖਿਆ ਅਤੇ ਆਨਲਾਈਨ ਸਟਾਕ: ਸਬ-ਸਟੇਸ਼ਨਾਂ ਨੂੰ ਪਾਣੀ ਭਰਨ ਤੋਂ ਬਚਾਉਣ, ਅਰਥਿੰਗ ਤੇ ਲਾਈਟਨਿੰਗ ਅਰੈਸਟਰ ਦੇ ਲੰਬਿਤ ਕੰਮ ਪੂਰੇ ਕਰਨ ਅਤੇ ਸਟੋਰ ਵਿੱਚ ਸਾਮਾਨ ਦੀ ਰੀਅਲ-ਟਾਈਮ ਨਿਗਰਾਨੀ ਲਈ ਆਨਲਾਈਨ ਮੈਨੇਜਮੈਂਟ ਡੈਸ਼ਬੋਰਡ ਬਣਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।

Related Posts