ਚੰਡੀਗੜ੍ਹ 'ਚ ਸਿਆਸੀ ਹਲਚਲ ਤੇਜ਼, ਸੀਐਮ ਨਾਇਬ ਸੈਣੀ ਦੀ ਰਿਵਿਊ ਮੀਟਿੰਗ 'ਚ ਪਹੁੰਚੇ ਕਾਂਗਰਸ ਦੇ 4 ਸਸਪੈਂਡ ਵਿਧਾਇਕ
ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਚੰਡੀਗੜ੍ਹ ਸਥਿਤ ਰਿਹਾਇਸ਼ 'ਤੇ ਵਿਕਾਸ ਕਾਰਜਾਂ ਨੂੰ ਲੈ ਕੇ ਅਹਿਮ ਸਮੀਖਿਆ ਮੀਟਿੰਗ ਚੱਲ ਰਹੀ ਹੈ। ਇਸ ਮੀਟਿੰਗ ਵਿੱਚ ਭਾਜਪਾ ਦੇ ਸਾਰੇ ਵਿਧਾਇਕਾਂ ਅਤੇ ਵੱਖ-ਵੱਖ ਵਿਭਾਗਾਂ ਦੇ ਸਕੱਤਰਾਂ ਨੂੰ ਬੁਲਾਇਆ ਗਿਆ ਹੈ। ਹਾਲਾਂਕਿ, ਇਸ ਬੈਠਕ ਵਿੱਚ ਸਭ ਤੋਂ ਖਾਸ ਗੱਲ ਇਹ ਰਹੀ ਕਿ ਕਾਂਗਰਸ ਵੱਲੋਂ ਸਸਪੈਂਡ ਕੀਤੇ ਗਏ ਚਾਰ ਵਿਧਾਇਕ—ਜਰਨੈਲ ਸਿੰਘ, ਰੇਣੂਬਾਲਾ, ਸ਼ੈਲੀ ਚੌਧਰੀ ਅਤੇ ਮੁਹੰਮਦ ਇਸਰਾਈਲ ਵੀ ਮੁੱਖ ਮੰਤਰੀ ਦੀ ਮੀਟਿੰਗ ਵਿੱਚ ਪਹੁੰਚੇ ਹਨ, ਜਿਸ ਨਾਲ ਸੂਬੇ ਦੀ ਸਿਆਸਤ ਗਰਮਾ ਗਈ ਹੈ।
ਜ਼ਿਕਰਯੋਗ ਹੈ ਕਿ ਭਲਕੇ 26 ਨਵੰਬਰ ਨੂੰ ਸੰਵਿਧਾਨ ਦਿਵਸ ਦੇ ਮੌਕੇ 'ਤੇ ਹਰਿਆਣਾ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਵੀ ਬੁਲਾਇਆ ਗਿਆ ਹੈ। ਇਸ ਮੀਟਿੰਗ ਵਿੱਚ ਭਲਕੇ ਹੋਣ ਵਾਲੇ ਸੈਸ਼ਨ ਨੂੰ ਲੈ ਕੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ। ਦੂਜੇ ਪਾਸੇ, ਕਾਂਗਰਸ ਨੇ ਵੀ ਸੈਸ਼ਨ ਦੀ ਰਣਨੀਤੀ ਉਲੀਕਣ ਲਈ ਅੱਜ ਦੁਪਹਿਰ ਚੰਡੀਗੜ੍ਹ ਵਿਖੇ ਮੀਟਿੰਗ ਸੱਦੀ ਹੈ।
"ਸਰਕਾਰ ਦੇ 2 ਸਾਲ ਦੇ ਕੰਮਕਾਜ ਤੋਂ ਖ਼ੁਸ਼ ਹਾਂ": ਵਿਧਾਇਕ ਜਰਨੈਲ ਸਿੰਘ
ਮੀਟਿੰਗ ਵਿੱਚ ਸ਼ਾਮਲ ਹੋਣ ਪਹੁੰਚੇ ਕਾਂਗਰਸ ਦੇ ਸਸਪੈਂਡ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਉਹ ਸਰਕਾਰ ਦੇ ਦੋ ਸਾਲਾਂ ਦੇ ਕੰਮਕਾਜ ਤੋਂ ਪੂਰੀ ਤਰ੍ਹਾਂ ਖ਼ੁਸ਼ ਹਨ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੇ 2 ਸਾਲ ਦੇ ਕਾਰਜਕਾਲ ਦੀ ਸਮੀਖਿਆ ਲਈ ਇਹ ਬੈਠਕ ਬੁਲਾਈ ਗਈ ਹੈ ਅਤੇ ਸਰਕਾਰ ਦੀ ਸਮੀਖਿਆ ਮੀਟਿੰਗ ਵਿੱਚ ਕੋਈ ਵੀ ਵਿਧਾਇਕ ਸ਼ਾਮਲ ਹੋ ਸਕਦਾ ਹੈ।
ਭਲਕੇ ਸਵੇਰੇ 11 ਵਜੇ ਸ਼ੁਰੂ ਹੋਵੇਗਾ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ
ਹਰਿਆਣਾ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ 26 ਨਵੰਬਰ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਸਦਨ ਦੀ ਕਾਰਵਾਈ ਸ਼ੋਕ ਮਤਿਆਂ (ਸ਼ਰਧਾਂਜਲੀ) ਨਾਲ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਬਾਅਦ ਸਵੇਰੇ 11:15 ਵਜੇ ਸਦਨ ਦੀ ਕਾਰਵਾਈ ਸਵਾ ਘੰਟੇ ਲਈ ਮੁਲਤਵੀ ਕਰ ਦਿੱਤੀ ਜਾਵੇਗੀ।
ਇਸ ਦੌਰਾਨ ਵਿਧਾਨ ਭਵਨ ਦੇ ਬਾਹਰ ਸੈਰੇਮੋਨੀਅਲ ਗੇਟ (Ceremonial Gate) ਨੇੜੇ ਸੰਵਿਧਾਨ ਨੂੰ ਸਮਰਪਿਤ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਜਾਵੇਗਾ। ਇਸ ਪ੍ਰੋਗਰਾਮ ਵਿੱਚ ਸੰਵਿਧਾਨ ਬਣਨ ਦੀ ਇਤਿਹਾਸਕ ਯਾਤਰਾ, ਸੰਵਿਧਾਨ ਨਿਰਮਾਤਾਵਾਂ ਦੇ ਯੋਗਦਾਨ ਅਤੇ ਸੰਵਿਧਾਨ ਵਿੱਚ ਸ਼ਾਮਲ ਕਦਰਾਂ-ਕੀਮਤਾਂ 'ਤੇ ਆਧਾਰਿਤ ਇੱਕ ਡਾਕੂਮੈਂਟਰੀ ਫ਼ਿਲਮ ਦਿਖਾਈ ਜਾਵੇਗੀ। ਇਸ ਤੋਂ ਬਾਅਦ ਦੁਪਹਿਰ 12:30 ਵਜੇ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਵੇਗੀ। ਇਸ ਮੌਕੇ ਵਿਧਾਨ ਸਭਾ ਸਪੀਕਰ ਵੱਲੋਂ ਸਾਰੇ ਵਿਧਾਇਕਾਂ ਨੂੰ ਸੰਵਿਧਾਨ ਦੀਆਂ ਹਿੰਦੀ ਅਤੇ ਅੰਗਰੇਜ਼ੀ ਕਾਪੀਆਂ ਭੇਟ ਕੀਤੀਆਂ ਜਾਣਗੀਆਂ।
ਕਰਾਸ ਵੋਟਿੰਗ ਦੇ ਦੋਸ਼ ਹੇਠ ਕਾਂਗਰਸ ਨੇ ਸਸਪੈਂਡ ਕੀਤੇ ਸਨ 5 ਵਿਧਾਇਕ
ਦੱਸਣਯੋਗ ਹੈ ਕਿ ਹਰਿਆਣਾ ਕਾਂਗਰਸ ਨੇ 16 ਮਾਰਚ 2026 ਨੂੰ ਹੋਈਆਂ ਰਾਜ ਸਭਾ ਚੋਣਾਂ ਵਿੱਚ ਕਥਿਤ ਕਰਾਸ ਵੋਟਿੰਗ ਅਤੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਹੇਠ 16 ਅਪ੍ਰੈਲ ਨੂੰ ਆਪਣੇ 5 ਵਿਧਾਇਕਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਸਸਪੈਂਡ ਕਰ ਦਿੱਤਾ ਸੀ। ਇਨ੍ਹਾਂ ਵਿੱਚ ਨਾਰਾਇਣਗੜ੍ਹ ਤੋਂ ਸ਼ੈਲੀ ਚੌਧਰੀ, ਸਢੌਰਾ ਤੋਂ ਰੇਣੂਬਾਲਾ, ਰਤੀਆ ਤੋਂ ਜਰਨੈਲ ਸਿੰਘ, ਪੁਨਹਾਨਾ ਤੋਂ ਮੁਹੰਮਦ ਇਲਿਆਸ ਅਤੇ ਹਥੀਨ ਤੋਂ ਮੁਹੰਮਦ ਇਸਰਾਈਲ ਸ਼ਾਮਲ ਹਨ।\
2.png)
ਪਾਰਟੀ ਦਾ ਦੋਸ਼ ਸੀ ਕਿ ਇਨ੍ਹਾਂ ਵਿਧਾਇਕਾਂ ਨੇ ਕਾਂਗਰਸ ਦੇ ਅਧਿਕਾਰਤ ਉਮੀਦਵਾਰ ਕਰਮਵੀਰ ਸਿੰਘ ਬੌਧ ਦੀ ਬਜਾਏ ਭਾਜਪਾ ਸਮਰਥਿਤ ਆਜ਼ਾਦ ਉਮੀਦਵਾਰ ਸਤੀਸ਼ ਨਾਂਦਲ ਦੇ ਹੱਕ ਵਿੱਚ ਵੋਟ ਪਾਈ ਸੀ। ਸੂਬਾ ਅਨੁਸ਼ਾਸਨੀ ਕਮੇਟੀ ਦੀ ਸਿਫ਼ਾਰਸ਼ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਮਨਜ਼ੂਰੀ ਤੋਂ ਬਾਅਦ ਸੂਬਾ ਪ੍ਰਧਾਨ ਰਾਓ ਨਰਿੰਦਰ ਸਿੰਘ ਨੇ ਮੁਅੱਤਲੀ ਦੀ ਇਹ ਕਾਰਵਾਈ ਕੀਤੀ ਸੀ। ਹਾਲਾਂਕਿ, ਸ਼ੈਲੀ ਚੌਧਰੀ, ਰੇਣੂਬਾਲਾ ਅਤੇ ਜਰਨੈਲ ਸਿੰਘ ਨੇ ਕਰਾਸ ਵੋਟਿੰਗ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਸੀ।

