ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਮੁੜ ਪੱਟੜੀ ਉਤੇ ਆਉਣ ਲੱਗੀ ਹੜ੍ਹ ਪੀੜਤਾਂ ਦੀ ਜ਼ਿੰਦਗੀ

ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਮੁੜ ਪੱਟੜੀ ਉਤੇ ਆਉਣ ਲੱਗੀ ਹੜ੍ਹ ਪੀੜਤਾਂ ਦੀ ਜ਼ਿੰਦਗੀ

ਚੰਡੀਗੜ੍ਹ, 10 ਸਤੰਬਰ:


ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਅਗਵਾਈ ਹੇਠ, ਪੰਜਾਬ ਸਰਕਾਰ ਇਸ ਕੁਦਰਤੀ ਆਫ਼ਤ ਦਾ ਦ੍ਰਿੜਤਾ ਨਾਲ ਸਾਹਮਣਾ ਕਰਦੇ ਹੋਏ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਰਾਹਤ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਦਿਨ-ਰਾਤ ਅਣਥੱਕ ਮਿਹਨਤ ਕਰ ਰਹੀ ਹੈ। ਬਾਰਸ਼ਾਂ ਘਟਣ ਅਤੇ ਪਾਣੀ ਦਾ ਪੱਧਰ ਡਿੱਗਣ ਦੇ ਨਾਲ, ਰਾਜ ਸਰਕਾਰ ਨੇ ਰਾਹਤ, ਪੁਨਰਵਾਸ ਅਤੇ ਪੁਨਰ ਨਿਰਮਾਣ ਉਪਾਵਾਂ ਨੂੰ ਹੋਰ ਤੇਜ਼ ਕਰ ਦਿੱਤਾ ਹੈ ਜਿਸ ਨਾਲ ਹੜ੍ਹ ਪੀੜਤਾਂ ਦੀ ਜ਼ਿੰਦਗੀ ਮੁੜ ਪੱਟੜੀ ਉਤੇ ਆਉਣ ਲੱਗੀ ਹੈ।

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ 100 ਪ੍ਰਤੀਸ਼ਤ ਸੜਕੀ ਸੰਪਰਕ, ਬਿਜਲੀ ਤੇ ਪਾਣੀ ਸਪਲਾਈ ਮੁੜ ਬਹਾਲ ਕਰ ਦਿੱਤੀ ਗਈ ਹੈ। ਸਿੰਘਪੁਰ-ਪਲਾਸੀ ਦੇ ਵਾਸੀ ਹੁਣ ਰਾਹਤ ਕੈਂਪਾਂ ਤੋਂ ਘਰ ਵਾਪਸ ਜਾਣ ਲੱਗ ਪਏ ਹਨ। ਮੰਤਰੀ ਨੇ ਕਿਹਾ ਕਿ ਹਰਸਾ ਬੇਲਾ, ਪੱਤੀ ਦੂਲਚੀ ਤੇ ਬੇਲਾ ਸ਼ਿਵ ਸਿੰਘ ਵਰਗੇ ਕੱਟੇ ਪਿੰਡਾਂ ਦਾ ਸੰਪਰਕ ਮੁੜ ਜੋੜਿਆ ਜਾ ਰਿਹਾ ਹੈ ਅਤੇ ਬੇਲਾ ਧਿਆਨੀ ਦਾ ਟੁੱਟਿਆ ਲੱਕੜ ਦਾ ਪੁੱਲ ਹੁਣ ਮਜ਼ਬੂਤ ਮੋਟਰਯੋਗ ਪੁੱਲ ਵਿੱਚ ਬਦਲਿਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਫਾਗਿੰਗ ਤੇ ਦਵਾਈ ਛਿੜਕਾਅ ਪੂਰਾ ਕਰ ਦਿੱਤਾ ਗਿਆ ਹੈ, ਡਾਕਟਰੀ ਟੀਮਾਂ ਤੇ ਪਸ਼ੂ ਪਾਲਣ ਵਿਭਾਗ ਵੱਲੋਂ ਖ਼ਾਸ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ ਅਤੇ 10 ਟਰੱਕ ਚਾਰਾ ਵੰਡਿਆ ਜਾ ਚੁੱਕਾ ਹੈ। ਰੈਵਨਿਊ ਅਧਿਕਾਰੀਆਂ ਵੱਲੋਂ ਖਾਸ ਗਿਰਦਾਵਰੀ ਜਾਰੀ ਹੈ ਜਿਸ ਦੀ ਰਿਪੋਰਟ ਅਧਾਰਿਤ ਪ੍ਰਭਾਵਿਤ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ।

ਪਿਛਲੇ ਕਈ ਹਫ਼ਤਿਆਂ ਤੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਲਗਾਤਾਰ ਆਪਣੇ ਹਲਕੇ ਵਿੱਚ ਮੌਜੂਦ ਰਹਿ ਕੇ ਪ੍ਰਸ਼ਾਸਨ ਨਾਲ ਮਿਲ ਕੇ ਹਾਲਾਤਾਂ ‘ਤੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਆਪ ਵਲੰਟੀਅਰਾਂ, ਪੰਚਾਂ-ਸਰਪੰਚਾਂ ਅਤੇ ਯੂਥ ਕਲੱਬਾਂ ਦੇ ਯੋਗਦਾਨ ਦੀ ਵੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਇਸ ਸੰਕਟ ਦੇ ਸਮੇਂ ਉਨ੍ਹਾਂ ਨਾਲ ਮਿਲ ਕੇ ਕੰਮ ਕੀਤਾ।

ਪੰਜਾਬ ਦੇ ਕੈਬਨਿਟ ਮੰਤਰੀ ਡਾ.ਬਲਬੀਰ ਸਿੰਘ ਅਤੇ ਲਾਲ ਚੰਦ ਕਟਾਰੂਚੱਕ ਵੱਲੋਂ ਅੱਜ ਭੋਆ ਹਲਕੇ ਦੇ ਪਿੰਡਾਂ ਬਕਨੌਰ, ਪੰਮਾ, ਅੰਬੀ ਖੱਟਕੜਾਂ, ਕੋਲੀਆਂ ਅੱਡਾ, ਅਨਿਆਲ ਵਿਖੇ 12 ਪਰਿਵਾਰਾਂ ਨੂੰ 51000-51000 ਰੁਪਏ ਦੇ ਚੈੱਕ ਵੰਡੇ ਗਏ। ਉਨ੍ਹਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦਿਆਂ, ਇਲਾਕੇ ਦੇ ਵਸਨੀਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਸੁਣਦਿਆਂ ਠੋਸ ਹੱਲ ਕਰਨ ਦੀ ਵਚਨਬੱਧਤਾ ਦੁਹਰਾਈ।

ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕੜੈਲ, ਮੂਨਕ, ਫੂਲਦ ਸਮੇਤ ਘੱਗਰ ਦਰਿਆ ਨੇੜਲੇ ਵੱਖ-ਵੱਖ ਪਿੰਡਾਂ ਵਿਖੇ ਘੱਗਰ ਦਰਿਆ ਦੀ ਸਥਿਤੀ ਦਾ ਜਾਇਜ਼ਾ ਲੈਣ ਮੌਕੇ ਕਿਹਾ ਕਿ ਲੋਕਾਂ ਨੂੰ ਘੱਗਰ ਦਰਿਆ ਦੀ ਮਾਰ ਤੋਂ ਬਚਾਉਣ ਹਿਤ ਪੰਜਾਬ ਸਰਕਾਰ ਵੱਲੋਂ ਦਰਿਆ ਦੇ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਗਿਆ, ਜਿਨ੍ਹਾਂ ਸਦਕਾ ਪਿਛਲੇ ਕਈ ਦਿਨ ਤੋਂ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੋਣ ਦੇ ਬਾਵਜੂਦ ਘੱਗਰ ਦਰਿਆ ਨੇੜਲੇ ਪਿੰਡਾਂ ਤੇ ਸ਼ਹਿਰਾਂ ਦੇ ਲੋਕ ਇਸ ਦੀ ਮਾਰ ਤੋਂ ਬਚੇ ਹੋਏ ਹਨ।

ਸ੍ਰੀ ਗੋਇਲ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਪੂਰੀ ਚੌਕਸੀ ਵਰਤੀ ਜਾ ਰਹੀ ਹੈ, ਜਿੱਥੇ ਕਿਤੇ ਵੀ ਬੋਰੀਆਂ ਲਾਉਣ ਜਾਂ ਹੋਰ ਕਿਸੇ ਵੀ ਕਿਸਮ ਦਾ ਕਾਰਜ ਕਰਨ ਦੀ ਲੋੜ ਪੈਂਦੀ ਹੈ, ਉਹ ਫੌਰੀ ਕੀਤਾ ਜਾਂਦਾ ਹੈ। ਘੱਗਰ ਦਰਿਆ 'ਤੇ ਹਰ ਕਿਲੋਮੀਟਰ ਉੱਤੇ ਅਧਿਕਾਰੀਆਂ ਦੀ ਡਿਊਟੀ ਲਾਈ ਗਈ ਹੈ ਤਾਂ ਜੋ ਕਿਸੇ ਵੀ ਕਿਸਮ ਦੀ ਦਿੱਕਤ ਆਉਣ 'ਤੇ ਫੌਰੀ ਉਸ ਦਾ ਹੱਲ ਕੀਤਾ ਜਾ ਸਕੇ।

  ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਜਲੰਧਰ ਵਿਖੇ ਰੈਵਨਿਊ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਮੀਂਹ-ਹੜ੍ਹ ਨਾਲ ਨੁਕਸਾਨ ਹੋਏ ਮਕਾਨਾਂ ਨੂੰ ਤੁਰੰਤ ਤਸਦੀਕ ਕੀਤਾ ਜਾਵੇ, ਤਾਂ ਜੋ ਕੋਈ ਵੀ ਪਰਿਵਾਰ ਮੁਆਵਜ਼ੇ ਤੋਂ ਵਾਂਝਾ ਨਾ ਰਹਿ ਜਾਵੇ। ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਨੇ ਪਟਵਾਰੀਆਂ ਨੂੰ ਘਰ-ਘਰ ਪਹੁੰਚ ਕੇ ਜਾਂਚ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹੜ੍ਹ-ਪ੍ਰਭਾਵਿਤ ਪਰਿਵਾਰਾਂ ਨਾਲ ਡੱਟ ਕੇ ਉਨ੍ਹਾਂ ਨਾਲ ਖੜ੍ਹੀ ਹੈ।