ਪੰਜਾਬ ਸਰਕਾਰ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ – ਰਾਹਤ ਕਾਰਜਾਂ ਵਿੱਚ ਪੂਰੀ ਤਾਕਤ ਨਾਲ ਜੁੱਟੀ

ਪੰਜਾਬ ਸਰਕਾਰ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ – ਰਾਹਤ ਕਾਰਜਾਂ ਵਿੱਚ ਪੂਰੀ ਤਾਕਤ ਨਾਲ ਜੁੱਟੀ

ਚੰਡੀਗੜ੍ਹ, 9 ਸਤੰਬਰ :

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਹਰ ਸੰਭਵ ਉਪਰਾਲਾ ਕਰ ਰਹੀ ਹੈ। ਕੈਬਨਿਟ ਮੰਤਰੀ, ਐਮ.ਐਲ.ਏਜ਼ਅਤੇ ਪੂਰਾ ਪ੍ਰਸ਼ਾਸਨ ਜ਼ਮੀਨੀ ਪੱਧਰ ‘ਤੇ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜਕੇ ਖੜ੍ਹੇ ਹਨ। ਇਸ ਸੰਕਟ ਦੀ ਘੜੀ ਵਿੱਚ ਸਮਾਜ ਸੇਵੀ ਸੰਸਥਾਵਾਂ ਅਤੇ ਲੋਕਾਂ ਵੱਲੋਂ ਵੀ ਵੱਡਾ ਸਹਿਯੋਗ ਮਿਲ ਰਿਹਾ ਹੈ।

ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ ਸ੍ਰੀ ਆਨੰਦਪੁਰ ਸਾਹਿਬ ਦੇ ਬੇਲਿਆਂ ਦੇ ਦਰਜਨਾਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਪਿੰਡ ਡਾਢਾ ਵਿੱਚ ਚੱਲ ਰਹੇ ਰਾਹਤ ਕਾਰਜਾਂ ਦੀ ਸਮੀਖਿਆ ਕੀਤੀ ਅਤੇ ਪਸ਼ੂਆਂ ਲਈ ਚਾਰੇ ਦੀ ਵੰਡ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਗਿਰਦਾਵਰੀ ਤੁਰੰਤ ਪੂਰੀ ਕਰਨ, ਨੁਕਸਾਨ ਹੋਏ ਮਕਾਨਾਂ ਦੇ ਜਾਇਜੇ, ਸੜਕਾਂ ਦੀ ਮੁਰੰਮਤ ਅਤੇ ਜਲ-ਬਿਜਲੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।

ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਹੜ੍ਹ ਕਾਰਨ ਪ੍ਰਭਾਵਿਤ ਹੋਏ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਮੀ ਮਹਿਸੂਸ ਨਾ ਹੋਵੇ। ਉਨ੍ਹਾਂ ਕਿਹਾ ਕਿ ਸਰਕਾਰ ਪੀੜਤ ਪਰਿਵਾਰਾਂ ਦੇ ਮੁੜ ਵਸੇਬੇ ਲਈ ਵੀ ਕੰਮ ਕਰ ਰਹੀ ਹੈ ਤਾਂ ਜੋ ਲੋਕਾਂ ਦੀ ਜ਼ਿੰਦਗੀ ਮੁੜ ਪਟੜੀ ‘ਤੇ ਆ ਸਕੇ।

ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਲੁਧਿਆਣਾ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਿਹਤ ਸੇਵਾਵਾਂ ਦੀ ਸਮੀਖਿਆ ਕਰਦਿਆਂ ਕਿਹਾ ਕਿ ਪਾਣੀ ਨਾਲ ਫੈਲਣ ਵਾਲੀਆਂ ਤੇ ਮੱਛਰਾਂ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਵ ਲਈ ਸਰਗਰਮ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਹੜ੍ਹ ਦਾ ਪਾਣੀ ਹਟੇਗਾ, ਸਿਹਤ ਟੀਮਾਂ ਪਿੰਡ-ਪਿੰਡ ਘਰ-ਘਰ ਸਰਵੇ ਕਰਨਗੀਆਂ। ਪਾਣੀ ਦੇ ਸਰੋਤਾਂ ਦੀ ਕਲੋਰੀਨੇਸ਼ਨ, ਇਲਾਕਿਆਂ ਵਿੱਚ ਫੋਗਿੰਗ ਅਤੇ ਸਕੂਲਾਂ ਵਿੱਚ ਆਰ.ਓ. ਸਿਸਟਮ ਲਗਾ ਕੇ ਲੋਕਾਂ ਨੂੰ ਸਾਫ਼ ਪੀਣ ਵਾਲਾ ਪਾਣੀ ਯਕੀਨੀ ਬਣਾਇਆ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਬਿਮਾਰੀ ਦਾ ਖਤਰਾ ਨਾ ਰਹੇ।

 ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਮੰਗਲਵਾਰ ਨੂੰ ਮੰਡੀ ਗੋਬਿਦਗੜ੍ਹ ਤੋਂ ਰਾਹਤ ਸਮੱਗਰੀ ਨਾਲ ਭਰਿਆ ਇੱਕ ਹੋਰ ਟਰੱਕ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਭੇਜਿਆ ਹੈ। ਇਸ ਤੋਂ ਪਹਿਲਾਂ ਉਹ ਤਿੰਨ ਟਰੱਕ ਖੰਨਾ ਤੋਂ ਫਾਜ਼ਿਲਕਾ ਵਿਖੇ ਭੇਜ ਚੁੱਕੇ ਹਨ। ਮੰਡੀ ਗੋਬਿਦਗੜ੍ਹ ਵਿਖੇ ਐੱਚ ਐੱਫ ਸੁਪਰ ਮਿਲਕ ਪਲਾਂਟ ਤੋਂ ਭੇਜੇ ਰਾਹਤ ਸਮੱਗਰੀ ਦੇ ਟਰੱਕ ਵਿੱਚ ਸੋਲਰ ਲਾਈਟਾਂ ਅਤੇ ਤਰਪਾਲਾਂ ਆਦਿ ਸ਼ਾਮਲ ਹਨ। ਇਸ ਮਦਦ ਲਈ ਉਨ੍ਹਾਂ ਮਿਲਕ ਪਲਾਂਟ ਦੇ ਮਾਲਕ ਵਿਨੋਦ ਕੁਮਾਰ ਦੱਤ ਦਾ ਵਿਸ਼ੇਸ਼ ਧੰਨਵਾਦ ਕੀਤਾ।


ਉਧਰ, ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਹਲਕਾ ਲਹਿਰਾਗਾਗਾ ਵਿਚੋਂ ਲੰਘਦੇ ਘੱਗਰ ਨੇੜਲੇ ਇਲਾਕਿਆਂ ਦਾ ਦੌਰਾ ਕਰਕੇ ਪੂਰਾ ਦਿਨ ਰਾਹਤ ਅਤੇ ਬਚਾਅ ਕਾਰਜਾਂ ਦਾ ਨਿਰੀਖਣ ਕਰਦੇ ਰਹੇ।

ਉਨ੍ਹਾਂ ਦੱਸਿਆ ਕਿ 10 ਸਤੰਬਰ ਤੱਕ ਘੱਗਰ ਦਰਿਆ ਵਿੱਚ 4-5 ਇੰਚ ਪਾਣੀ ਘਟ ਜਾਵੇਗਾ। ਉਨ੍ਹਾਂ ਕਿਹਾ ਕਿ 9 ਸਤੰਬਰ ਨੂੰ ਘੱਗਰ ਦਰਿਆ ਵਿੱਚ 750.5 ਫੁੱਟ (14425 ਕਿਊਸਿਕ) ਪਾਣੀ ਚੱਲ ਰਿਹਾ ਹੈ। ਵਿਭਾਗ ਵੱਲੋਂ ਲਗਾਏ ਗਏ ਅਨੁਮਾਨ ਅਨੁਸਾਰ ਕੱਲ੍ਹ ਤੱਕ 4-5 ਇੰਚ ਪਾਣੀ ਘਟਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਜੇ ਹਾਲਾਤ ਇਸੇ ਤਰ੍ਹਾਂ ਰਹੇ ਤਾਂ ਅਗਲੇ 4-5 ਦਿਨਾਂ ਵਿੱਚ ਘੱਗਰ ਦਰਿਆ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਆ ਜਾਵੇਗਾ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ 18 ਕਿਲੋਮੀਟਰ ਵਿੱਚ ਪੈਂਦੇ ਘੱਗਰ ਖੇਤਰ ਦੀ 24 ਘੰਟੇ ਨਿਗਰਾਨੀ ਕੀਤੀ ਜਾ ਰਹੀ ਹੈ। ਵਿਭਾਗ ਦੇ ਬੇਲਦਾਰ ਤੋਂ ਲੈ ਕੇ ਨਿਗਰਾਨ ਇੰਜੀਨੀਅਰ ਤੱਕ ਦੇ ਅਧਿਕਾਰੀ ਬੰਨ੍ਹ ਉੱਤੇ ਲਗਾਤਾਰ ਡਿਊਟੀ ਉੱਤੇ ਤਾਇਨਾਤ ਹਨ।

ਡੇਰਾਬੱਸੀ ਹਲਕੇ ਦੇ ਵਿਧਾਇਕ ਸ.ਕੁਲਜੀਤ ਸਿੰਘ ਰੰਧਾਵਾ ਨੇ ਅੱਜ ਲਾਲੜੂ ਅਨਾਜ ਮੰਡੀ ਤੋਂ ਹੜ੍ਹ ਪੀੜਤ ਲੋਕਾਂ ਲਈ ਰਾਹਤ ਸਮੱਗਰੀ ਰਵਾਨਾ ਕੀਤੀ। ਉਨ੍ਹਾਂ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਾਹਪੁਰ ਜਾਜਾਂ ਵਿੱਚ ਹੜ੍ਹਾ ਕਾਰਨ ਲੋਕਾਂ ਦੀ ਰੋਜ਼ਮਰ੍ਹਾ ਦੀ ਜਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਪਿੰਡ ਦੇ ਬਹੁਤ ਸਾਰੇ ਪਰਿਵਾਰ ਆਪਣਾ ਘਰ, ਪਸ਼ੂ ਪਾਲਣ ਅਤੇ ਰੋਜ਼ਾਨਾ ਵਰਤੋਂ ਵਾਲਾ ਸਮਾਨ ਹੜ੍ਹਾਂ ਦੀ ਭੇਂਟ ਚੜ੍ਹਾ ਬੈਠੇ ਹਨ। ਉਨ੍ਹਾਂ ਕਿਹਾ ਕਿ ਇਸ ਸੰਕਟ ਦੀ ਘੜੀ ਵਿੱਚ ਉਹਨਾਂ ਦੀ ਸਹਾਇਤਾ ਲਈ ਹੋਰਾਂ ਦੇ ਸਹਿਯੋਗ ਨਾਲ ਅੱਜ ਲਾਲੜੂ ਤੋ 2 ਟਰੱਕ ਭੇਜੇ ਗਏ ਹਨ, ਜਿਨ੍ਹਾਂ ਵਿੱਚ ਇੱਕ ਟਰੱਕ ਪਸ਼ੂਆਂ ਲਈ ਫੀਡ ਅਤੇ ਦੂਜਾ ਟਰੱਕ ਚੋਕਰ ਦਾ ਭੇਜਿਆ ਗਿਆ ਹੈ।

ਵਿਧਾਇਕ ਨੇ ਕਿਹਾ ਕਿ ਹੜ੍ਹਾ ਨੇ ਸੂਬੇ ਦੇ ਕਈ ਇਲਾਕਿਆਂ ਵਿੱਚ ਵੱਡਾ ਨੁਕਸਾਨ ਕੀਤਾ ਹੈ। ਇਸ ਵੇਲੇ ਸਾਰੇ ਲੋਕਾਂ, ਸੰਸਥਾਵਾਂ ਅਤੇ ਸਰਕਾਰ ਨੂੰ ਇੱਕਠੇ ਮਿਲਕੇ ਕੰਮ ਕਰਨ ਦੀ ਲੋੜ ਹੈ ਤਾਂ ਜੋ ਹੜ੍ਹ ਪੀੜਤ ਲੋਕਾਂ ਨੂੰ ਜਲਦ ਤੋ ਜਲਦ ਮੁੜ ਸਧਾਰਨ ਜਿੰਦਗੀ ਵਿੱਚ ਵਾਪਿਸ ਲਿਆਂਦਾ ਜਾ ਸਕੇ।

ਜਲਾਲਾਬਾਦ ਦੇ ਵਿਧਾਇਕ ਸ. ਜਗਦੀਪ ਕੰਬੋਜ ਗੋਲਡੀ ਨੇ ਆਪਣੇ ਹਲਕੇ ਦੇ ਪਿੰਡ ਆਤੂ ਵਾਲਾ ਲਈ 5.63 ਲੱਖ ਰੁਪਏ ਦੀ ਕਿਸ਼ਤੀ ਮੁਹੱਈਆ ਕਰਵਾਈ। ਉਨ੍ਹਾਂ ਕਿਹਾ ਕਿ ਸਰਕਾਰ ਲੋੜਵੰਦ ਲੋਕਾਂ ਨੂੰ ਰਾਸ਼ਨ, ਅਤੇ ਪਸ਼ੂਆਂ ਲਈ ਕੈਟਲ ਫੀਡ ਮੁਹਈਆ ਕਰਵਾ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਸੂਬਾ ਸਰਕਾਰ ਵੱਲੋਂ ਕੀਤੇ ਅਹਿਮ ਫੈਸਲਿਆਂ ਜਿਵੇਂ ਕਿ ਕਿਸਾਨਾਂ ਨੂੰ ਪ੍ਰਤੀ ਏਕੜ 20 ਹਜ਼ਾਰ ਰੁਪਏ ਦਾ ਮੁਆਵਜ਼ਾ ਮੁਹੱਈਆ ਕਰਵਾਉਣ ਅਤੇ ਜਿਸ ਦਾ ਖੇਤ ਉਸਦੀ ਰੇਤ ਬਾਰੇ ਵੀ ਚਾਨਣਾ ਪਾਇਆ।


ਇਸੇ ਕੜੀ ਵਿੱਚ ਫਾਜ਼ਿਲਕਾ ਵਿੱਚ ਸੀਨੀਅਰ ਆਈਏਐਸ ਅਫਸਰ ਕੰਵਲਪ੍ਰੀਤ ਬਰਾੜ ਅਤੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਫਾਜ਼ਿਲਕਾ ਦੇ ਪਿੰਡ ਮੌਜਮ, ਰਾਣਾ ਅਤੇ ਸਲੇਮ ਸ਼ਾਹ ਦੇ ਰਾਹਤ ਕੈਂਪਾਂ ਦਾ ਦੌਰਾ ਕਰਕੇ ਬੱਚਿਆਂ ਵਿੱਚ ਖੁਰਾਕ ਤੇ ਮਹਿਲਾਵਾਂ ਵਿੱਚ ਹਾਈਜੀਨ ਸਮਾਨ ਵੰਡਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੈਡੀਕਲ ਅਤੇ ਵੈਟਰਨਰੀ ਟੀਮਾਂ ਤਾਇਨਾਤ ਹਨ, ਜਾਨਵਰਾਂ ਲਈ ਚਾਰਾ ਉਪਲਬਧ ਹੈ। ਬੱਚਿਆਂ ਲਈ ਆਰਜੀ ਕਲਾਸਾਂ ਅਤੇ ਮੋਬਾਈਲ ਲਾਇਬਰੇਰੀ ਵੀ ਸ਼ੁਰੂ ਕੀਤੀ ਗਈ ਹੈ। ਇਸ ਵੇਲੇ 14 ਕੈਂਪਾਂ ਵਿੱਚ 2761 ਲੋਕ ਰਹਿ ਰਹੇ ਹਨ ਜਿਨ੍ਹਾਂ ਦੀ ਸੰਭਾਲ ਲਈ ਸੀਨੀਅਰ ਅਧਿਕਾਰੀ ਤਾਇਨਾਤ ਹਨ।