ਲਗਾਤਾਰ ਮੀਂਹ ਤੋਂ ਪ੍ਰਭਾਵਿਤ ਝੋਨੇ ਅਤੇ ਬਾਸਮਤੀ ਤੋਂ ਚੰਗਾ ਝਾੜ ਲੈਣ ਲਈ ਲਗਾਇਆ ਜਾਗਰੂਕਤਾ ਕੈਂਪ
ਸੰਗਰੂਰ, 9 ਸਤੰਬਰ (000) - ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਵੱਲੋਂ ਪਿੰਡ ਭੱਟੀਵਾਲ ਕਲਾਂ ਵਿਖੇ ਲਗਾਤਾਰ ਮੀਂਹ ਤੋਂ ਪ੍ਰਭਾਵਿਤ ਝੋਨੇ ਅਤੇ ਬਾਸਮਤੀ ਤੋਂ ਚੰਗਾ ਝਾੜ ਲੈਣ ਲਈ ਸਿਫਾਰਿਸ਼ ਨੁਕਤਿਆਂ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਵਿੱਚ ਪਿੰਡ ਦੇ ਅਗਾਂਹਵਧੂ 30 ਤੋਂ ਵੱਧ ਕਿਸਾਨਾਂ ਨੇ ਵੱਧ ਚੜ ਕੇ ਹਿੱਸਾ ਲਿਆ।
ਕੈਂਪ ਦੀ ਅਗਵਾਈ ਕਰਦੇ ਹੋਏ ਡਾ. ਅਸ਼ੋਕ ਕੁਮਾਰ, ਜ਼ਿਲ੍ਹਾ ਪਸਾਰ ਵਿਗਿਆਨੀ (ਭੂਮੀ ਵਿਗਿਆਨ) ਨੇ ਝੋਨੇ ਵਿੱਚ ਮੀਂਹ ਦੇ ਪਾਣੀ ਜੀਰਣ ਤੋਂ ਬਾਅਦ ਖੁਰਾਕੀ ਪ੍ਰਬੰਧ ਖਾਸ ਕਰਕੇ ਨਾਈਟੋ੍ਜਨ ਤੱਤ ਦੀ ਘਾਟ ਨਾਲ ਪੀਲੇ ਹੋਏ ਝੋਨੇ ਦੀ ਫਸਲ ਦੀ ਸਥਿਤੀ ਠੀਕ ਹੋਣ ਤੱਕ 2% ਯੂਰੀਆ (100 ਲੀਟਰ ਪਾਣੀ ਵਿੱਚ 2 ਕਿੱਲੋ ਯੂਰੀਆ) ਦਾ ਪੱਤਿਆਂ ਤੇ ਛਿੜਕਾਅ ਕਰਨ ਬਾਰੇ ਦੱਸਿਆ। ਝੋਨੇ ਵਿੱਚ ਫੋਕ ਘਟਾਉਣ ਲਈ ਜਦੋਂ ਝੋਨਾ ਗੋਭ ਵਿੱਚ ਹੋਵੇ ਤਾਂ 1.5% ਪੋਟਾਸ਼ੀਅਮ ਨਾਈਟ੍ਰੇਟ (3 ਕਿਲੋ ਪੋਟਾਸ਼ੀਅਮ ਨਾਈਟ੍ਰੇਟ ਨੂੰ 200 ਲਿਟਰ ਪਾਣੀ ਵਿੱਚ ਪ੍ਰਤੀ ਏਕੜ) ਦੇ ਛਿੜਕਾਅ ਬਾਰੇ ਸੁਝਾਅ ਦਿੱਤਾ। ਜ਼ਿੰਕ ਦੀ ਘਾਟ ਦੀਆ ਨਿਸ਼ਾਨੀਆਂ ਆਉਣ ਤੇ 0.5% ਜ਼ਿੰਕ ਸਲਫੇਟ (21%) ਜਾਂ 0.3% ਜ਼ਿੰਕ ਸਲਫੇਟ (33%) ਦੇ ਛਿੜਕਾਅ ਕਰਨ ਬਾਰੇ ਵੀ ਦੱਸਿਆ ਗਿਆ।
ਉਨ੍ਹਾਂ ਨੇ ਝੋਨੇ ਅਤੇ ਬਾਸਮਤੀ ਦੇ ਕੀੜਿਆਂ ਅਤੇ ਬਿਮਾਰੀਆਂ ਜਿਵੇਂ ਕਿ ਪੱਤਾ ਲਪੇਟ ਸੁੰਡੀ, ਸ਼ੀਥ ਬਲਾਈਟ ਅਤੇ ਬਲਾਸਟ ਦੇ ਪ੍ਰਬੰਧਨ ਲਈ ਨਵੀਆਂ ਸਿਫ਼ਾਰਸ਼ਾਂ ਬਾਰੇ ਗੱਲ ਕੀਤੀ। ਝੋਨੇ ਦੀ ਪਰਾਲੀ ਦੇ ਖੇਤ ਵਿੱਚ ਹੀ ਪ੍ਰਬੰਧਨ ਲਈ ਹੈਪੀਸੀਡਰ, ਸੁਪਰ ਸੀਡਰ, ਪੀ ਏ ਯੂ ਸਮਾਰਟ ਸੀਡਰ ਅਤੇ ਸਰਫੇਸ ਸੀਡਿੰਗ-ਕਮ-ਮਲਚਿੰਗ ਵਿਧੀ ਨਾਲ ਕਣਕ ਦੀ ਬਿਜਾਈ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ। ਉਨ੍ਹਾਂ ਨੇ ਮਿੱਟੀ ਦੀ ਜੈਵਿਕ ਸਿਹਤ ਸੁਧਾਰਨ ਲਈ ਅਗਲੀ ਹਾੜੀ ਵਿੱਚ ਬੀਜੀ ਜਾਣ ਵਾਲੀ ਕਣਕ ਨੂੰ ਲੱਗਣ ਵਾਲੇ ਜੈਵਿਕ ਟੀਕੇ (ਕੰਨਸ਼ੋਰਸ਼ੀਅਮ) ਦੇ ਫਾਇਦਿਆਂ ਬਾਰੇ ਦੱਸਿਆ।
ਉਹਨਾਂ ਕਿਸਾਨਾਂ ਨੂੰ ਸਾਉਣੀ ਦੀ ਫਸਲ ਦੀ ਵਾਢੀ ਤੋਂ ਬਾਅਦ ਆਪਣੇ ਖੇਤ ਦੀ ਮਿੱਟੀ ਚੈੱਕ ਕਰਾਉਣ ਲਈ ਪ੍ਰੇਰਿਤ ਕੀਤਾ ਅਤੇ ਮਿੱਟੀ ਪਰਖ ਲਈ ਨਮੂਨਾ ਲੈਣ ਦੇ ਢੰਗ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ। ਉਹਨਾਂ ਅੱਗੇ ਹਾੜੀ ਦੀਆਂ ਮੁੱਖ ਫਸਲਾਂ ਵਿੱਚ ਸੁਚੱਜੇ ਖੁਰਾਕ ਪ੍ਰਬੰਧਨ ਬਾਰੇ ਵਿਚਾਰ ਸਾਂਝੇ ਕੀਤੇ। ਕਿਸਾਨਾਂ ਨੂੰ ਹਾੜ੍ਹੀ ਵਿੱਚ ਬੀਜੀਆਂ ਜਾਣ ਵਾਲੀਆਂ ਕਣਕ ਦੀਆਂ ਨਵੀਆਂ ਸਿਫਾਰਿਸ਼ ਕਿਸਮਾਂ (ਪੀ ਬੀ ਡਬਲਯੂ 872) ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਕੈਂਪ ਦੌਰਾਨ ਉੱਠੇ ਕਈ ਸਵਾਲ, ਜਿਸ ਵਿੱਚ ਮਿੱਟੀ ਅਤੇ ਪਾਣੀ ਦਾ ਨਮੂਨਾ ਕਿਵੇਂ ਲੈਣਾ ਹੈ, ਕਣਕ ਦੀਆਂ ਨਵੀਆਂ ਕਿਸਮਾਂ ਦੇ ਬੀਜ, ਜੈਵਿਕ ਮਾਦਾ ਵਧਾਉਣ ਦੇ ਤਰੀਕੇ ਆਦਿ ਦੇ ਪ੍ਰਭਾਵਸ਼ਾਲੀ ਢੰਗ ਨਾਲ ਉੱਤਰ ਦਿੱਤੇ ਗਏ। ਘਰੇਲੂ ਬਗੀਚੀ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਉਹਨਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਤਿਆਰ ਸਰਦੀ ਰੁੱਤ ਦੀਆਂ ਸਬਜ਼ੀ ਦੀਆਂ ਕਿੱਟਾਂ ਬਾਰੇ ਚਾਨਣਾ ਪਾਇਆ ਅਤੇ ਸੇਲ ਵਾਸਤੇ ਵੀ ਉਪਲਬਧ ਕਰਵਾਇਆ ਗਿਆ।
ਇਸ ਮੌਕੇ ਪੀ.ਏ.ਯੂ ਸਾਹਿਤ ਦੀ ਪ੍ਰਦਰਸ਼ਨੀ ਅਤੇ ਸੇਲ ਵੀ ਕੀਤੀ ਗਈ।ਇਸ ਦੇ ਨਾਲ ਹੀ ਪੀਏਯੂ ਲੁਧਿਆਣਾ ਵਲੋਂ ਹਾੜ੍ਹੀ ਰੁੱਤ ਲਈ ਲਗਾਏ ਜਾ ਰਹੇ ਕਿਸਾਨ ਮੇਲਿਆਂ ਦਾ ਪ੍ਰਚਾਰ ਵੀ ਕੀਤਾ।ਇਸ ਮੌਕੇ ਤੇ ਸ. ਗੁਰਤੇਜ ਸਿੰਘ, ਜਿਨ੍ਹਾਂ ਨੇ ਕੈਂਪ ਲਗਾਉਣ ਵਿੱਚ ਪੂਰੀ ਸਹਿਯੋਗ ਦਿੱਤਾ ਅਤੇ ਨਾਲ ਹੀ ਸ. ਜਿੰਦਰ ਸਿੰਘ, ਸਰਪੰਚ, ਸ. ਹਰਵਿੰਦਰ ਸਿੰਘ ਅਤੇ ਹੋਰ ਵੀ ਕੈਂਪ ਵਿੱਚ ਮੌਜੂਦ ਰਹੇ।