ਡਿਪਟੀ ਕਮਿਸ਼ਨਰ ਵਲੋਂ ਮੀਂਹ ਦੇ ਮੱਦੇਨਜ਼ਰ ਮੌਜੂਦਾ ਸਥਿਤੀ ਦਾ ਜਾਇਜ਼ਾ
ਬਰਨਾਲਾ, 8 ਸਤੰਬਰ
ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਜ਼ਿਲ੍ਹੇ ਦੇ ਵੱਖ ਵੱਖ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮੀਹਾਂ ਦੇ ਮੱਦੇਨਜ਼ਰ ਪਾਣੀ ਦੀ ਨਿਕਾਸੀ, ਰਾਹਤ ਕੈਂਪਾਂ, ਸੀਵਰੇਜ ਦੀ ਸਮੱਸਿਆ, ਡਰੇਨਾਂ ਵਿਚ ਪਾਣੀ ਦਾ ਜਾਇਜ਼ਾ ਲਿਆ।
ਓਨ੍ਹਾਂ ਨਗਰ ਕੌਂਸਲਾਂ ਦੇ ਕਾਰਜਸਾਧਕ ਅਫ਼ਸਰਾਂ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਿੱਥੇ ਜਿੱਥੇ ਸੀਵਰੇਜ ਦੀ ਸਮੱਸਿਆ ਆ ਰਹੀ ਹੈ, ਓਥੇ ਸੁਪਰ ਸਕਸ਼ਨ ਮਸ਼ੀਨ ਲਗਾ ਕੇ ਸਫ਼ਾਈ ਕਰਵਾਈ ਜਾਵੇ ਅਤੇ ਜਿੱਥੇ ਟੋਏ ਜਾਂ ਹੋਰ ਦਿੱਕਤਾਂ ਆ ਰਹੀਆਂ ਹਨ, ਓਨ੍ਹਾਂ ਦੇ ਹੱਲ ਲਈ ਫੌਰੀ ਕੰਮ ਸ਼ੁਰੂ ਕਰ ਦਿੱਤਾ ਜਾਵੇ।
ਓਨ੍ਹਾਂ ਪਸ਼ੂ ਪਾਲਣ ਵਿਭਾਗ ਨੂੰ ਪਸ਼ੂਆਂ ਦੇ ਟੀਕਾਕਰਨ ਦੇ ਨਿਰਦੇਸ਼ ਦਿੱਤੇ ਜਿਸ 'ਤੇ ਅਧਿਕਾਰੀਆਂ ਨੇ ਕਿਹਾ ਕਿ ਪਸ਼ੂਆਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਓਨ੍ਹਾਂ ਸਿਹਤ ਵਿਭਾਗ ਨੂੰ ਡੇਂਗੂ, ਮਲੇਰੀਆ ਤੋਂ ਬਚਾਅ ਲਈ ਅਤੇ ਖੜ੍ਹੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਵਾਸਤੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਲਗਾਤਾਰ ਸਰਗਰਮ ਰਹਿਣ ਦੇ ਆਦੇਸ਼ ਦਿੱਤੇ।
ਇਸ ਮੌਕੇ ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਜਿਥੇ ਟੋਭਿਆਂ ਵਿਚ ਪਾਣੀ ਓਵਰਫਲੋਅ ਹੋਣ ਦੀ ਸਮੱਸਿਆ ਹੈ ਓਥੇ ਮਸਲਾ ਹੱਲ ਕੀਤਾ ਜਾਵੇ।
ਇਸ ਦੌਰਾਨ ਉਨ੍ਹਾਂ ਖੇਤੀਬਾੜੀ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਖੇਤਾਂ ਵਿਚ ਪਾਣੀ ਖੜ੍ਹਨ ਨਾਲ ਫਸਲਾਂ ਨੂੰ ਜੇਕਰ ਕੋਈ ਬਿਮਾਰੀਆਂ ਹੋਣ ਦਾ ਖਦਸ਼ਾ ਹੈ ਤਾਂ ਉਸ ਬਾਰੇ ਕਿਸਾਨਾਂ ਨੂੰ ਪਹਿਲਾਂ ਹੀ ਜਾਗਰੂਕ ਕਰ ਦਿੱਤਾ ਜਾਵੇ ਤਾਂ ਜੋ ਕਿ ਫ਼ਸਲਾਂ ਦਾ ਨੁਕਸਾਨ ਨਾ ਹੋਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪ੍ਰਿਤਾ ਜੌਹਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਤਵੰਤ ਸਿੰਘ, ਐੱਸ ਡੀ ਬਰਨਾਲਾ ਮੈਡਮ ਸੋਨਮ, ਐੱਸ ਡੀ ਐਮ ਤਪਾ ਆਯੂਸ਼ ਗੋਇਲ, ਐੱਸ ਡੀ ਐਮ ਮਹਿਲ ਕਲਾਂ ਜੁਗਰਾਜ ਸਿੰਘ ਕਾਹਲੋ, ਸਿਵਲ ਸਰਜਨ ਡਾਕਟਰ ਬਲਜੀਤ ਸਿੰਘ ਤੇ ਹੋਰ ਅਧਿਕਾਰੀ/ ਕਰਮਚਾਰੀ ਹਾਜ਼ਰ ਸਨ।