ਅੰਮ੍ਰਿਤਸਰ ਵਿੱਚ ਕੱਲ੍ਹ ਸਕੂਲ ਅਤੇ ਕਾਲਜ ਬੰਦ, ਮੀਂਹ ਕਾਰਨ ਸਥਿਤੀ ਵਿਗੜੀ, ਰਾਵੀ ਦਰਿਆ 'ਤੇ ਖ਼ਤਰਾ
ਅੰਮ੍ਰਿਤਸਰ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਸਾਰੇ ਸਕੂਲ ਅਤੇ ਕਾਲਜ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦਿੱਤੇ। ਡੀਸੀ ਨੇ ਕਿਹਾ ਕਿ ਅਗਲੇ 12 ਘੰਟਿਆਂ ਵਿੱਚ ਰਾਵੀ ਦਰਿਆ ਦੇ ਪਾਣੀ ਦਾ ਪੱਧਰ ਵਧਣ ਦੀ ਸੰਭਾਵਨਾ ਹੈ।
ਇਸ ਕਾਰਨ ਅਜਨਾਲਾ ਹਲਕੇ ਦੇ 14 ਪਿੰਡਾਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਹਾਲਾਂਕਿ ਬਿਆਸ ਦਰਿਆ ਦੀ ਸਥਿਤੀ ਇਸ ਸਮੇਂ ਸਥਿਰ ਹੈ, ਪਰ ਪ੍ਰਸ਼ਾਸਨ ਲਗਾਤਾਰ ਇਸ 'ਤੇ ਨਜ਼ਰ ਰੱਖ ਰਿਹਾ ਹੈ।
ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਮੀਂਹ ਕਾਰਨ ਪੈਦਾ ਹੋਏ ਹਾਲਾਤਾਂ 'ਤੇ ਜ਼ਿਲ੍ਹੇ ਭਰ ਵਿੱਚ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਸਾਰੀਆਂ ਟੀਮਾਂ ਸਰਗਰਮ ਹਨ ਅਤੇ ਮੌਸਮ ਵਿਭਾਗ ਵੱਲੋਂ ਜਾਰੀ 48 ਘੰਟਿਆਂ ਦੀ ਚੇਤਾਵਨੀ ਦੇ ਮੱਦੇਨਜ਼ਰ, 24 ਘੰਟੇ ਚੌਕਸੀ ਬਣਾਈ ਰੱਖੀ ਜਾ ਰਹੀ ਹੈ।
Read Also : ਅੰਮ੍ਰਿਤਸਰ ਵਿੱਚ ਮੀਂਹ ਕਾਰਨ ਤਿੰਨ ਮੰਜ਼ਿਲਾ ਇਮਾਰਤਾਂ ਡਿੱਗੀਆਂ ,ਪੁਲਿਸ ਨੇ ਆਵਾਜਾਈ ਕਰਵਾਈ ਬੰਦ
ਹੜ੍ਹ ਕੰਟਰੋਲ ਰੂਮ ਦਾ ਨੰਬਰ ਜਾਰੀ ਕੀਤਾ ਗਿਆ
ਜ਼ਿਲ੍ਹਾ ਪ੍ਰਸ਼ਾਸਨ ਨੇ ਅਪੀਲ ਕੀਤੀ ਹੈ ਕਿ ਹੜ੍ਹ ਨਾਲ ਸਬੰਧਤ ਕਿਸੇ ਵੀ ਪੁੱਛਗਿੱਛ ਜਾਂ ਜਾਣਕਾਰੀ ਲਈ, ਲੋਕ ਹੜ੍ਹ ਕੰਟਰੋਲ ਰੂਮ ਨੰਬਰ 0183-2229125 'ਤੇ ਸੰਪਰਕ ਕਰਨ। ਨਾਲ ਹੀ, ਜ਼ਿਲ੍ਹੇ ਦੇ ਵਸਨੀਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅਫਵਾਹਾਂ 'ਤੇ ਵਿਸ਼ਵਾਸ ਨਾ ਕਰਨ ਅਤੇ ਸੁਚੇਤ ਰਹਿਣ।