ਪੰਜਾਬ ਸਰਕਾਰ ਸੂਬੇ ਨੂੰ ਰੰਗਲਾ ਤੇ ਹਰਿਆ-ਭਰਿਆ ਬਣਾਉਣ ਲਈ ਵਚਨਬੱਧ : ਮੋਹਿੰਦਰ ਭਗਤ

ਪੰਜਾਬ ਸਰਕਾਰ ਸੂਬੇ ਨੂੰ ਰੰਗਲਾ ਤੇ ਹਰਿਆ-ਭਰਿਆ ਬਣਾਉਣ ਲਈ ਵਚਨਬੱਧ : ਮੋਹਿੰਦਰ ਭਗਤ

ਜਲੰਧਰ, 25 ਅਗਸਤ : ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਅੱਜ ਜ਼ਿਲ੍ਹਾ ਪੱਧਰੀ ਵਣ ਮਹਾਉਤਸਵ ਦੌਰਾਨ ਬੂਟੇ ਲਾਉਂਦਿਆਂ ਲੋਕਾਂ ਨੂੰ ਵਾਤਾਵਰਣ ਦੀ ਸੰਭਾਲ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਆਪ ਆਗੂ ਰਾਜਵਿੰਦਰ ਕੌਰ ਥਿਆੜਾ ਅਤੇ ਨਿਤਿਨ ਕੋਹਲੀ ਵੀ ਮੌਜੂਦ ਸਨ।

ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਸਥਾਨਕ ਆਈ.ਵੀ. ਵਰਲਡ ਸਕੂਲ ਵਿਖੇ ਮਨਾਏ ਗਏ ਵਣ ਜ਼ਿਲ੍ਹਾ ਪੱਧਰੀ ਵਣ ਮਹਾਉਤਸਵ ਸਮਾਗਮ ਦੌਰਾਨ ਕੈਬਨਿਟ ਮੰਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਰੰਗਲਾ ਅਤੇ ਹਰਿਆ-ਭਰਿਆ ਪੰਜਾਬ ਬਣਾਉਣ ਲਈ ਵਚਨਬੱਧ ਹੈ ਅਤੇ ਪੰਜਾਬ ਵਿੱਚ ਹਰਿਆਵਲ ਵਧਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਜਲੰਧਰ ’ਚ ਮਾਨਸੂਨ ਸੀਜ਼ਨ ਦੌਰਾਨ 3 ਲੱਖ 50 ਹਜ਼ਾਰ ਬੂਟੇ ਲਾਉਣ ਦਾ ਟੀਚਾ ਮਿੱਥਿਆ ਗਿਆ ਸੀ, ਜਿਸ ਤਹਿਤ 90 ਫੀਸਦੀ ਤੋਂ ਜ਼ਿਆਦਾ ਬੂਟੇ ਦਾ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ।

ਮਨੁੱਖੀ ਜੀਵਨ ਵਿੱਚ ਰੁੱਖਾਂ ਦੀ ਅਹਿਮੀਅਤ ’ਤੇ ਚਾਨਣਾ ਪਾਉਂਦਿਆਂ ਸ਼੍ਰੀ ਭਗਤ ਨੇ ਕਿਹਾ ਕਿ ਜਿੰਨਾ ਮਨੁੱਖੀ ਜੀਵਨ ਅਹਿਮ ਹੈ, ਉਨ੍ਹਾਂ ਹੀ ਵਾਤਾਵਰਣ ਵੀ ਮਹੱਤਵਪੂਰਨ ਹੈ ਅਤੇ ਇਸ ਨੂੰ ਬਚਾਉਣ ਦੇ ਲਈ ਸਾਰਿਆਂ ਨੂੰ ਕੁਦਰਤ ਨਾਲ ਜੁੜਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਰੁੱਖਾਂ ਤੋਂ ਬਿਨਾਂ ਮਨੁੱਖੀ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਸਾਡੇ ਆਲੇ-ਦੁਆਲੇ ਦਾ ਵਾਤਾਵਰਣ ਜਿੰਨਾ ਹਰਿਆ-ਭਰਿਆ ਅਤੇ ਸਿਹਤਮੰਦ ਹੋਵੇਗਾ ਓਨੀ ਹੀ ਚੰਗੀ ਤੇ ਗੁਣਵੱਤਾ ਭਰਪੂਰ ਜ਼ਿੰਦਗੀ ਅਸੀਂ ਗੁਜ਼ਾਰ ਸਕਾਂਗੇ।

ਕੈਬਨਿਟ ਮੰਤਰੀ ਨੇ ਹਾਜ਼ਰੀਨ ਨੂੰ ‘ਇਕ ਮਨੁੱਖ ਇਕ ਰੁੱਖ’ ਦੇ ਮੰਤਰ ’ਤੇ ਅਮਲ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਹਰੇਕ ਇਨਸਾਨ ਨੂੰ ਆਪਣੀ ਜ਼ਿੰਦਗੀ ਵਿੱਚ ਘੱਟੋ-ਘੱਟ ਇਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ। ਆਉਣ ਵਾਲੀਆਂ ਪੀੜ੍ਹੀਆਂ ਲਈ ਹਰਿਆ-ਭਰਿਆ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਸਿਰਜਣ ਲਈ ਸ਼੍ਰੀ ਭਗਤ ਨੇ ਵਾਤਾਵਰਣ ਦੀ ਸੰਭਾਲ ਲਈ ਸਮੂਹਿਕ ਯਤਨਾਂ ਦੀ ਲੋੜ ’ਤੇ ਜ਼ੋਰ ਦਿੱਤਾ। ਕੈਬਨਿਟ ਮੰਤਰੀ ਨੇ ਇਸ ਉਪਰਾਲੇ ਲਈ ਸਕੂਲ ਪ੍ਰਬੰਧਕਾਂ ਦੀ ਸ਼ਲਾਘਾ ਵੀ ਕੀਤੀ।

ਇਸ ਦੌਰਾਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਵਾਤਾਵਰਣ ਦੀ ਸੰਭਾਲ ਦੇ ਸੰਦੇਸ਼ ’ਤੇ ਆਧਾਰਿਤ ਗੀਤ, ਨੁੱਕੜ ਨਾਟਕ ਤੇ ਹੋਰ ਵੰਨਗੀਆਂ ਵੀ ਪੇਸ਼ ਕੀਤੀਆਂ ਗਈਆਂ।

ਇਸ ਤੋਂ ਪਹਿਲਾਂ ਜ਼ਿਲ੍ਹਾ ਪੱਧਰੀ ਵਣ ਮਹਾਉਤਸਵ ਸਮਾਗਮ ਦੌਰਾਨ ਸਕੂਲ ਕੈਂਪਸ ਵਿੱਚ ਇਕ ਮਿੰਟ ਵਿੱਚ 2 ਹਜ਼ਾਰ ਬੂਟੇ ਵੀ ਲਗਾਏ ਗਏ, ਜਿਸ ਵਿੱਚ ਮੈਡੀਸਿਨਲ, ਫਲਦਾਰ ਤੇ ਫੁੱਲਦਾਰ ਬੂਟੇ ਸ਼ਾਮਲ ਹਨ। ਇਸ ਦੇ ਨਾਲ ਹੀ ਨਾਨਕ ਬਗੀਚੀ ਵੀ ਲਗਾਈ ਗਈ ਹੈ, ਜੋ ਕਿ ਮੀਆ ਵਾਕੀ ਤਕਨੀਕ ਦੇ ਆਧਾਰ ’ਤੇ ਵਿਕਸਿਤ ਕੀਤੀ ਜਾਵੇਗੀ। 

ਇਸ ਮੌਕੇ ਵਣ ਮੰਡਲ ਅਫ਼ਸਰ ਜਰਨੈਲ ਸਿੰਘ ਬਾਠ, ਵਣ ਰੇਂਜ ਅਫ਼ਸਰ ਹਰਗੁਰਨੇਕ ਸਿੰਘ ਰੰਧਾਵਾ, ਚੇਅਰਮੈਨ ਵਾਸਲ ਐਜੂਕੇਸ਼ਨ ਸੁਸਾਇਟੀ ਸੰਜੀਵ ਕੁਮਾਰ ਵਾਸਲ, ਸੀ.ਈ.ਓ. ਰਾਘਵ ਵਾਸਲ, ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਐਸ. ਚੌਹਾਨ, ਅਧਿਆਪਕ ਤੇ ਹੋਰ ਸਟਾਫ ਅਤੇ ਵੱਡੀ ਗਿਣਤੀ ਵਿਦਿਆਰਥੀ ਮੌਜੂਦ ਸਨ।