ਪੰਜਾਬ ਦਾ ਮਾਣ: ਲੁਧਿਆਣਾ ਦੇ ਅਧਿਆਪਕ ਨਰਿੰਦਰ ਸਿੰਘ ਦੀ ਰਾਸ਼ਟਰੀ ਅਧਿਆਪਕ ਪੁਰਸਕਾਰ ਲਈ ਚੋਣ

ਪੰਜਾਬ ਦਾ ਮਾਣ: ਲੁਧਿਆਣਾ ਦੇ ਅਧਿਆਪਕ ਨਰਿੰਦਰ ਸਿੰਘ ਦੀ ਰਾਸ਼ਟਰੀ ਅਧਿਆਪਕ ਪੁਰਸਕਾਰ ਲਈ ਚੋਣ

ਚੰਡੀਗੜ੍ਹ, 25 ਅਗਸਤ:

ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਲੁਧਿਆਣਾ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ, ਜੰਡਿਆਲੀ ਵਿੱਚ ਸੇਵਾ ਨਿਭਾ ਰਹੇ ਅਧਿਆਪਕ ਨਰਿੰਦਰ ਸਿੰਘ ਦੀ ਵੱਕਾਰੀ ਰਾਸ਼ਟਰੀ ਅਧਿਆਪਕ ਪੁਰਸਕਾਰ- 2025 ਲਈ ਚੋਣ ਹੋਈ ਹੈ। ਇਹ ਪ੍ਰਾਪਤੀ ਮਿਆਰੀ ਸਿੱਖਿਆ ਪ੍ਰਦਾਨ ਕਰਨ ਪ੍ਰਤੀ ਉਨ੍ਹਾਂ ਦੀ ਸ਼ਾਨਦਾਰ ਤੇ ਸੁਹਿਰਦ ਵਚਨਬੱਧਤਾ ਦਾ ਪ੍ਰਮਾਣ ਹੈ।

ਰਾਸ਼ਟਰੀ ਪੱਧਰ ਦੀ ਇਸ ਮਾਨਤਾ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਨਰਿੰਦਰ ਸਿੰਘ ਨੂੰ ਇਸ ਵੱਕਾਰੀ ਰਾਸ਼ਟਰੀ ਅਧਿਆਪਕ ਪੁਰਸਕਾਰ -2025 ਲਈ ਚੋਣ ਹੋਣ ’ਤੇ ਹਾਰਦਿਕ ਵਧਾਈ ਦਿੱਤੀ। ਉਨ੍ਹਾਂ ਨੇ ਨਰਿੰਦਰ ਸਿੰਘ ਲਈ ਉਨ੍ਹਾਂ ਦੇ ਭਵਿੱਖੀ ਯਤਨਾਂ ਵਿੱਚ ਨਿਰੰਤਰ ਸਫਲਤਾ ਦੀ ਕਾਮਨਾ ਵੀ ਕੀਤੀ। ਸ. ਬੈਂਸ ਨੇ ਕਿਹਾ ਕਿ ਨਰਿੰਦਰ ਸਿੰਘ ਦੀ ਪ੍ਰਾਪਤੀ ਹੋਰ ਅਧਿਆਪਕਾਂ ਲਈ ਪ੍ਰਤੱਖ ਉਦਾਹਰਣ  ਹੈ, ਉਹ ਵੀ ਇਸੇ ਤਰ੍ਹਾਂ ਆਪਣੇ ਵਿਦਿਆਰਥੀਆਂ ਦੇ ਜੀਵਨ ’ਤੇ ਆਪਣੀ ਮਿਹਨਤ ਸਦਕਾ ਸਾਰਥਕ ਤੇ ਸਕਾਰਾਤਮਕ ਪ੍ਰਭਾਵ ਪਾ ਸਕਦੇ ਹਨ। ਸਿੱਖਿਆ ਮੰਤਰੀ ਨੇ ਵਿਦਿਆਰਥੀਆਂ  ਵਿੱਚ ਸਿੱਖਿਆ ਪ੍ਰਤੀ ਪਿਆਰ ਦਾ ਸੰਚਾਰ ਕਰਨ ਲਈ ਨਰਿੰਦਰ ਸਿੰਘ ਦੇ ਬੇਮਿਸਾਲ ਅਧਿਆਪਨ ਹੁਨਰ, ਨਵੀਨਤਾਕਾਰੀ ਪਹੁੰਚ ਅਤੇ ਅਣਥੱਕ ਸਮਰਪਣ ਦੀ ਸ਼ਲਾਘਾ ਵੀ ਕੀਤੀ। ਇਹ ਕੌਮੀ ਪੱਧਰ ਦੀ ਮਾਨਤਾ ਨੌਜਵਾਨ ਮਨਾਂ ਨੂੰ ਸੇਧ ਦੇਣ ਵਿੱਚ ਮਿਆਰੀ ਸਿੱਖਿਆ ਦੀ ਪਰਿਵਰਤਨਸ਼ੀਲ ਸਮਰੱਥਾ ਨੂੰ ਦਰਸਾਉਂਦੀ ਹੈ।

ਜ਼ਿਕਰਯੋਗ ਹੈ ਕਿ ਰਾਸ਼ਟਰੀ ਅਧਿਆਪਕ ਪੁਰਸਕਾਰ ਸਮਾਰੋਹ 5 ਸਤੰਬਰ, 2025 ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਹੋਣ ਜਾ ਰਿਹਾ ਹੈ। ਨਰਿੰਦਰ ਸਿੰਘ ਨੂੰ ਉਨ੍ਹਾਂ ਦੇ  ਸਮਰਪਣ ਅਤੇ ਸਿੱਖਿਆ ਦੇ ਖੇਤਰ ਵਿੱਚ ਪਾਏ ਸ਼ਾਨਦਾਰ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਇਸ ਸਮਾਰੋਹ ਦੌਰਾਨ ਮੈਰਿਟ ਸਰਟੀਫਿਕੇਟ, 50,000 ਰੁਪਏ ਦਾ ਨਕਦ ਇਨਾਮ ਅਤੇ ਇੱਕ ਚਾਂਦੀ ਦੇ ਤਗ਼ਮੇ ਨਾਲ ਸਨਮਾਨਿਤ ਕੀਤਾ ਜਾਵੇਗਾ।

ਰਾਸ਼ਟਰੀ ਪੁਰਸਕਾਰ ਲਈ ਚੁਣੇ ਜਾਣ ’ਤੇ ਦਿਲੋਂ ਧੰਨਵਾਦ ਅਤੇ ਖੁਸ਼ੀ ਪ੍ਰਗਟ ਕਰਦਿਆਂ ਨਰਿੰਦਰ ਸਿੰਘ, ਜੋ ਜਨਵਰੀ 2002 ਤੋਂ ਸਕੂਲ ਸਿੱਖਿਆ ਵਿਭਾਗ ਵਿੱਚ ਸੇਵਾਵਾਂ ਨਿਭਾ ਰਹੇ ਹਨ, ਨੇ ਕਿਹਾ, ‘‘ਮੈਂ ਇਸ ਰਾਸ਼ਟਰੀ ਮਾਨਤਾ ਨੂੰ ਪ੍ਰਾਪਤ ਕਰਕੇ ਬਹੁਤ ਮਾਣ ਮਹਿਸੂਸ ਕਰ ਰਿਹਾ  ਹਾਂ। ਮੈਂ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਵਿਦਿਆਰਥੀਆਂ, ਸਹਿਯੋਗੀਆਂ ਅਤੇ ਸਿੱਖਿਆ ਵਿਭਾਗ ਦੇ ਸਮਰਥਨ ਨੂੰ ਦਿੰਦਾ ਹਾਂ। ਮੈਂ ਭਵਿੱਖ ਵਿੱਚ ਵੀ ਉੱਤਮਤਾ ਲਈ ਯਤਨਸ਼ੀਲ ਰਹਾਂਗਾ ਅਤੇ ਆਪਣੇ ਵਿਦਿਆਰਥੀਆਂ ਦੇ ਜੀਵਨ ’ਤੇ ਸਕਾਰਾਤਮਕ ਪ੍ਰਭਾਵ ਪਾਉਣ ਲਈ ਸੁਹਿਰਦ ਯਤਨ ਕਰਦਾ ਰਹਾਂਗਾ।’’

ਉਨ੍ਹਾਂ ਨੇ ਜੰਡਿਆਲੀ ਸਕੂਲ ਦੀ ਨੁਹਾਰ ਬਦਲਣ ਵਿੱਚ ਪਿੰਡ ਦੀ ਪੰਚਾਇਤ ਅਤੇ ਰਾਜ ਸਰਕਾਰ ਦੀ ਮਹੱਤਵਪੂਰਨ ਭੂਮਿਕਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਅਤੇ ਸਰਕਾਰ ਦੇ  ਯਤਨਾਂ ਸਦਕਾ 15 ਸਮਾਰਟ ਕਲਾਸਰੂਮ, ਤਿੰਨ ਲਾਇਬ੍ਰੇਰੀਆਂ (ਸਮੇਤ ਇੱਕ ਮੋਬਾਈਲ ਲਾਇਬ੍ਰੇਰੀ), ਅਤੇ ਤਿੰਨ ਵਿਸ਼ੇਸ਼ ਪਾਰਕ - ਸੁੰਦਰ ਲਿਖਾਈ ਪਾਰਕ, ਮੈਥ (ਗਣਿਤ) ਪਾਰਕ ਅਤੇ ਆਈ.ਟੀ. ਪਾਰਕ ਦੀ ਸਥਾਪਨਾ ਹੋਈ ਹੈ।Teacher Narinder Singh