ਬਾਬਾ ਬਲਜਿੰਦਰ ਸਿੰਘ ਜੀ ਦੇ ਅੰਤਿਮ ਦਰਸ਼ਨਾਂ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਰਾੜਾ ਸਾਹਿਬ ਪਹੁੰਚੇ
ਚੰਡੀਗੜ੍ਹ/ਲੁਧਿਆਣਾ 25 ਅਗਸਤ
ਰਾੜਾ ਸਾਹਿਬ ਸੰਪਰਦਾਇ ਦੇ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਰਾਤ ਦੇ ਦੀਵਾਨ ਤੋ ਬਾਅਦ ਆਪਣਾ ਅਚਾਨਕ ਹੀ ਸਰੀਰ ਛੱਡ ਗਏ ਸਨ। ਉਹਨਾਂ ਦੇ ਅੰਤਿਮ ਦਰਸ਼ਨਾਂ ਲਈ ਪੰਜਾਬ ਦੇ ਵਿੱਤ ਤੇ ਯੋਜਨਾ, ਕਰ ਅਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਸੋਮਵਾਰ ਨੂੰ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਨੇ
ਸੰਤ ਬਾਬਾ ਬਲਜਿੰਦਰ ਸਿੰਘ ਜੀ ਦੀ ਦੇਹ ਨੂੰ ਪੰਜਾਬ ਸਰਕਾਰ ਦੀ ਤਰਫੋਂ ਲੋਈ ਵੀ ਅਰਪਣ ਕੀਤੀ। ਇਸ ਮੌਕੇ ਉਨ੍ਹਾਂ ਦੇ ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੀ ਮੌਜੂਦ ਸਨ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਸੰਤ ਬਾਬਾ ਬਲਜਿੰਦਰ ਸਿੰਘ ਜੀ ਦੇ ਜਾਣ ਦਾ ਸਿੱਖ ਕੌਮ ਨੂੰ ਬਹੁਤ ਵੱਡਾ ਘਾਟਾ ਪਵੇਗਾ। ਇਹ ਸੰਪਰਦਾਇ ਬਹੁਤ ਲੰਬੇ ਸਮੇਂ ਤੋਂ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰ ਰਹੀ ਹੈ। ਜਿੱਥੇ ਸਾਨੂੰ ਨਿੱਜੀ ਤੌਰ 'ਤੇ ਦੁੱਖ ਮਹਿਸੂਸ ਹੋਇਆ ਹੈ ਉੱਥੇ ਸਮੁੱਚੇ ਸਿੱਖ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ, ਕਿਉਂਕਿ ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਨੇ ਦੇਸ਼ ਅਤੇ ਵਿਦੇਸ਼ਾਂ ਵਿੱਚ ਜਾ ਕੇ, ਉਹਨਾਂ ਨੇ ਕੀਰਤਨ ਅਤੇ ਕਥਾ (ਅਧਿਆਤਮਿਕ ਪ੍ਰਵਚਨ) ਰਾਹੀਂ ਸਿੱਖ ਸੰਗਤਾਂ ਨੂੰ ਗੁਰੂ ਨਾਲ ਜੋੜਿਆ ਹੈ ਅਤੇ ਗੁਰੂ ਦੇ ਲੜ ਲਾਉਣ ਦਾ ਕੰਮ ਮਹਾਂਪੁਰਖ ਕਰ ਰਹੇ ਸਨ।
ਬਾਅਦ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਭਗਤੀ ਦੇ ਪੁੰਜ ਅਤੇ ਵਿਸ਼ਵ ਪ੍ਰਸਿੱਧ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਦੇ ਬਾਨੀ ਸੱਚਖੰਡ ਵਾਸੀ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦੇ ਚੱਲ ਰਹੇ 50ਵੇਂ ਬਰਸੀ ਸਮਾਗਮਾਂ ਮੌਕੇ ਸ਼ਰਧਾ ਤੇ ਸਤਿਕਾਰ ਸਹਿਤ ਹਾਜ਼ਰੀ ਭਰੀ।
ਉਨ੍ਹਾਂ ਨੇ ਕਿਹਾ ਕਿ ਜਿੱਥੇ ਅੱਜ ਅਸੀਂ ਸੰਤ ਬਾਬਾ ਈਸ਼ਰ ਸਿੰਘ ਜੀ ਦੀ 50ਵੀ ਬਰਸੀ ਮਨਾ ਰਹੇ ਹਾਂ ਉੱਥੇ ਅੱਜ ਰਾੜਾ ਸਾਹਿਬ ਸੰਪਰਦਾਇ ਦੇ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਜੀ ਵੀ ਸਾਨੂੰ ਸਦੀਵੀ ਵਿਛੋੜਾ ਦੇ ਕੇ ਸੱਚਖੰਡ ਜਾ ਬਿਰਾਜੇ ਹਨ। ਜੋ ਕਿ ਸੰਗਤਾਂ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਮਹਾਂਪੁਰਖ ਸਦੀਆਂ ਬਾਅਦ ਇਸ ਸੰਸਾਰ 'ਤੇ ਆਉਂਦੇ ਹਨ ਅਤੇ ਸੰਗਤਾਂ ਨੂੰ ਗੁਰੂ ਦੇ ਲੜ ਲਾਉਂਦੇ ਹਨ। ਸਮਾਜਿਕ ਕੁਰੀਤੀਆਂ ਨੂੰ ਦੂਰ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਵੱਲੋਂ ਜਿੱਥੇ ਬਾਬਾ ਈਸ਼ਰ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ ਉੱਥੇ ਸੰਤ ਬਾਬਾ ਬਲਜਿੰਦਰ ਸਿੰਘ ਜੀ ਲਈ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਸੰਗਤਾਂ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ।
ਇੱਥੇ ਜ਼ਿਕਰਯੋਗ ਹੈ ਕਿ ਸੱਚਖੰਡ ਵਾਸੀ ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦਾ ਅੰਤਿਮ ਸੰਸਕਾਰ 27 ਅਗਸਤ ਨੂੰ ਸ਼ਾਮ 3 ਵਜੇ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਕਾਰ ਪਾਰਕਿੰਗ ਵਿੱਚ ਹੋਵੇਗਾ। 28 ਅਗਸਤ ਸਵੇਰੇ ਅੰਗੀਠਾ ਸੰਭਾਲਿਆ ਜਾਵੇਗਾ। 28 ਅਗਸਤ ਸਵੇਰੇ 11 ਵਜੇ ਕੀਰਤਪੁਰ ਸਾਹਿਬ ਲਈ ਫੁੱਲ ਤਾਰਨ ਲਈ ਰਵਾਨਾ ਹੋਣਗੇ।
Related Posts
Advertisement
