ਬਰਨਾਲਾ ਜ਼ਿਲ੍ਹੇ ਦੇ ਕਿਸਾਨਾਂ ਲਈ ਵੱਡੀ ਖੁਸ਼ਖਬਰੀ, ਤਪਾ ਵਿੱਚ ਪੁੱਜਿਆ ਯੂਰੀਆ ਦਾ ਪਹਿਲਾ ਰੈਕ: ਵਿਧਾਇਕ ਉੱਗੋਕੇ
By NIRPAKH POST
On
ਤਪਾ, 7 ਸਤੰਬਰ
ਜ਼ਿਲ੍ਹਾ ਬਰਨਾਲਾ ਦੇ ਕਿਸਾਨਾਂ ਦੀ ਸਹੂਲਤ ਲਈ ਵਿਧਾਇਕ ਲਾਭ ਸਿੰਘ ਉੱਗੋਕੇ ਦੇ ਯਤਨਾਂ ਨਾਲ ਪਹਿਲੀ ਵਾਰ ਤਪਾ ਮੰਡੀ ਵਿੱਚ ਯੂਰੀਆ ਦਾ ਰੈਕ ਲੱਗਿਆ ਅਤੇ 33650 ਗੱਟੇ ਯੂਰੀਆ ਵਾਲੀ ਗੱਡੀ ਏਥੇ ਪੁੱਜੀ। ਇਸ ਦਾ ਵਿਧਾਇਕ ਸ. ਲਾਭ ਸਿੰਘ ਉੱਗੋਕੇ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਤਵੰਤ ਸਿੰਘ ਤੇ ਐੱਸ ਡੀ ਐਮ ਤਪਾ ਆਯੂਸ਼ ਗੋਇਲ ਨੇ ਸਵਾਗਤ ਕੀਤਾ।
ਇਸ ਮੌਕੇ ਵਿਧਾਇਕ ਸ. ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਜ਼ਿਲ੍ਹੇ ਦੇ ਕਿਸਾਨਾਂ ਲਈ ਵੱਡੀ ਖੁਸ਼ਖ਼ਬਰੀ ਹੈ ਕਿ ਅੱਜ ਤਪਾ ਮੰਡੀ ਵਿੱਚ ਯੂਰੀਆ ਦਾ ਪਹਿਲਾ ਰੈਕ ਲੱਗਿਆ ਹੈ, ਜਿਸ ਰਾਹੀਂ 33650 ਗੱਟੇ ਯੂਰੀਆ ਪੁੱਜੀ ਹੈ ਤੇ ਹੁਣ ਜ਼ਿਲ੍ਹੇ ਦੇ ਕਿਸਾਨਾਂ ਨੂੰ ਖਾਦ ਦੀ ਕੋਈ ਕਿੱਲਤ ਨਹੀਂ ਹੋਵੇਗੀ। ਓਨ੍ਹਾਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਜਿਨ੍ਹਾਂ ਸਦਕਾ ਏਥੇ ਰੈਕ ਪੁਆਇੰਟ ਬਣਿਆ ਅਤੇ ਕਿਸਾਨਾਂ ਨੂੰ ਵੱਡੀ ਸਹੂਲਤ ਹੋਈ ਹੈ।

ਓਨ੍ਹਾਂ ਦੱਸਿਆ ਕਿ ਚੰਬਲ ਫਰਟੀਲਾਈਜ਼ਰ ਐਂਡ ਕੈਮੀਕਲ ਲਿਮਟਿਡ ਕੋਟਾ (ਰਾਜਸਥਾਨ) ਤੋਂ ਇਹ ਯੂਰੀਆ ਤਪਾ ਪੁੱਜੀ। ਓਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਅਤੇ ਮਾਨ ਖਾਦ ਸਟੋਰ ਦੀ ਸ਼ਲਾਘਾ ਕੀਤੀ ਤੇ ਸਟੋਰ ਮਾਲਕ ਗੁਰਜੰਟ ਸਿੰਘ ਮਾਨ ਨੂੰ ਮੁਬਾਰਕਬਾਦ ਦਿੱਤੀ ਜਿਨ੍ਹਾਂ ਨੇ ਇਸ ਵਾਸਤੇ ਸਿਰਤੋੜ ਯਤਨ ਕੀਤੇ।
ਓਨ੍ਹਾਂ ਕਿਹਾ ਕਿ ਸਾਡੇ ਕਿਸਾਨਾਂ ਨੂੰ ਹੁਣ ਖਾਦ ਦੀ ਕੋਈ ਕਿੱਲਤ ਨਹੀਂ ਹੋਵੇਗੀ ਅਤੇ ਇਲਾਕੇ ਵਿਚ ਵਾਪਰ ਅਤੇ ਰੋਜ਼ਗਾਰ ਨੂੰ ਵੀ ਹੁਲਾਰਾ ਮਿਲੇਗਾ।