ਡੇਢ ਮਹੀਨੇ 'ਚ ਨਗਰ ਨਿਗਮ ਅਧੀਨ ਸਾਰੀਆਂ ਸੜਕਾਂ ਦੀ ਹੋਵੇਗੀ ਕਾਇਆ ਕਲਪ : ਬ੍ਰਹਮ ਸ਼ੰਕਰ ਜਿੰਪਾ
ਹੁਸ਼ਿਆਰਪੁਰ, 10 ਸਤੰਬਰ:
ਪੰਜਾਬ ਸਰਕਾਰ ਦੀ ਅਗਵਾਈ ਹੇਠ ਹੁਸ਼ਿਆਰਪੁਰ ਸ਼ਹਿਰ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਮੇਅਰ ਸੁਰਿੰਦਰ ਕੁਮਾਰ ਨਾਲ ਇਕ ਪ੍ਰੈਸੂ ਕਾਨਫਰੰਸ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਗਰ ਨਿਗਮ ਵੱਲੋਂ ਕੀਤੇ ਗਏ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੇ ਵੇਰਵੇ ਸਾਂਝੇ ਕੀਤੇ। ਇਨ੍ਹਾਂ ਕੰਮਾਂ ਨੇ ਸ਼ਹਿਰ ਨੂੰ ਸਾਫ਼, ਸੁਰੱਖਿਅਤ ਅਤੇ ਆਧੁਨਿਕ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ ਹੈ, ਜਿਸ ਕਾਰਨ ਹੁਸ਼ਿਆਰਪੁਰ ਵਿਕਾਸ ਦੇ ਖੇਤਰ ਵਿਚ ਇਕ ਮਿਸਾਲ ਬਣ ਰਿਹਾ ਹੈ।
ਵਿਧਾਇਕ ਨੇ ਕਿਹਾ ਕਿ ਨਗਰ ਨਿਗਮ ਅਧੀਨ ਸ਼ਹਿਰ ਦੀਆਂ ਸਾਰੀਆਂ ਸੜਕਾਂ ਦਾ ਨਵੀਨੀਕਰਨ ਡੇਢ ਮਹੀਨੇ ਵਿੱਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸ਼ਹਿਰ ਦੇ ਸਾਰੇ ਪੁਰਾਣੇ ਬਾਜ਼ਾਰਾਂ ਨੂੰ ਵਿਰਾਸਤੀ ਬਾਜ਼ਾਰਾਂ ਦਾ ਰੂਪ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਦੀਆਂ ਸੜਕਾਂ, ਗਲ਼ੀਆਂ ਅਤੇ ਨਾਲੀਆਂ ਦੀ ਉਸਾਰੀ ਅਤੇ ਮੁਰੰਮਤ 'ਤੇ 53 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ। ਇਨ੍ਹਾਂ ਵਿਚੋਂ 21 ਕਰੋੜ ਰੁਪਏ ਦੇ ਕੰਮ ਮੁਕੰਮਲ ਹੋ ਚੁੱਕੇ ਹਨ, ਜਦਕਿ ਬਾਕੀ ਕੰਮ ਤੇਜ਼ੀ ਨਾਲ ਚੱਲ ਰਹੇ ਹਨ। ਇਸ ਤੋਂ ਇਲਾਵਾ, ਸਾਲ 2025 ਵਿਚ ਪੰਜਾਬ ਸਰਕਾਰ ਨੇ ਨਗਰ ਨਿਗਮ ਲਈ 35 ਕਰੋੜ ਰੁਪਏ ਦੀ ਵਾਧੂ ਰਕਮ ਮਨਜ਼ੂਰ ਕੀਤੀ ਹੈ, ਜਿਸ ਨਾਲ ਸ਼ਹਿਰ ਦੀਆਂ ਬੁਨਿਆਦੀ ਸਹੂਲਤਾਂ ਨੂੰ ਹੋਰ ਮਜ਼ਬੂਤੀ ਮਿਲੇਗੀ। ਵਿਧਾਇਕ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਜ਼ਨ ਹੈ ਕਿ ਹੁਸ਼ਿਆਰਪੁਰ ਦੀ ਹਰ ਸੜਕ ਅਤੇ ਗਲੀ ਨਾ ਸਿਰਫ਼ ਟਿਕਾਊ ਹੋਵੇ ਬਲਕਿ ਆਧੁਨਿਕ ਵੀ ਦਿਖਾਈ ਦੇਵੇ।
ਵਿਧਾਇਕ ਜਿੰਪਾ ਨੇ ਕਿਹਾ ਕਿ ਸ਼ਹਿਰ ਵਿਚ ਪਾਣੀ ਦੀ ਸਪਲਾਈ ਅਤੇ ਮੀਂਹ ਦੇ ਪਾਣੀ ਦੀ ਨਿਕਾਸੀ ਨੂੰ ਮਜ਼ਬੂਤ ਕਰਨ ਲਈ ਬੇਮਿਸਾਲ ਯਤਨ ਕੀਤੇ ਗਏ ਹਨ। ਸਾਲ 2022 ਤੋਂ ਹੁਣ ਤੱਕ 15 ਕਰੋੜ ਰੁਪਏ ਦੀ ਲਾਗਤ ਨਾਲ 43 ਟਿਊਬਵੈੱਲ ਲਗਾਏ ਗਏ ਹਨ ਜਾਂ ਦੁਬਾਰਾ ਬੋਰ ਕੀਤੇ ਗਏ ਹਨ। ਨਾਲ ਹੀ 7.11 ਕਰੋੜ ਰੁਪਏ ਦਾ ਇਕ ਨਵਾਂ ਪਾਈਪਲਾਈਨ ਪ੍ਰੋਜੈਕਟ ਵੀ ਮਨਜ਼ੂਰ ਕੀਤਾ ਗਿਆ ਹੈ, ਜਿਸ ਦਾ ਕੰਮ ਸ਼ੁਰੂ ਹੋ ਗਿਆ ਹੈ। ਸ਼ਿਮਲਾ ਪਹਾੜੀ ਇਲਾਕੇ ਵਿਚ 1.98 ਕਰੋੜ ਰੁਪਏ ਦੀ ਲਾਗਤ ਨਾਲ ਸਟੌਰਮ ਸੀਵਰ ਦਾ ਨਿਰਮਾਣ ਪੂਰਾ ਹੋ ਗਿਆ ਹੈ, ਜੋ ਜਲਦੀ ਹੀ ਜਨਤਾ ਨੂੰ ਸਮਰਪਿਤ ਕੀਤਾ ਜਾਵੇਗਾ। ਇਹ ਪ੍ਰੋਜੈਕਟ ਬਰਸਾਤ ਦੇ ਮੌਸਮ ਦੌਰਾਨ ਪਾਣੀ ਭਰਨ ਦੀ ਸਮੱਸਿਆ ਨੂੰ ਸਥਾਈ ਤੌਰ 'ਤੇ ਹੱਲ ਕਰੇਗਾ।
ਹੁਸ਼ਿਆਰਪੁਰ ਨੂੰ ਸਾਫ਼ ਅਤੇ ਸੁੰਦਰ ਬਣਾਉਣ ਲਈ ਨਗਰ ਨਿਗਮ ਨੇ 9 ਕਰੋੜ ਰੁਪਏ ਦੀ ਲਾਗਤ ਨਾਲ ਰਿਕਸ਼ਾ, ਗੱਡੀਆਂ, ਆਟੋ, ਜੈਟਿੰਗ ਮਸ਼ੀਨਾਂ, ਜੇ,ਸੀ.ਬੀ ਅਤੇ ਸੁਪਰ ਸਕਸ਼ਨ ਮਸ਼ੀਨਾਂ ਵਰਗੀਆਂ ਅਤਿ-ਆਧੁਨਿਕ ਸਹੂਲਤਾਂ ਪ੍ਰਦਾਨ ਕੀਤੀਆਂ ਹਨ। ਇਹ ਯਕੀਨੀ ਬਣਾਉਂਦਾ ਹੈ ਕਿ ਸ਼ਹਿਰ ਦਾ ਹਰ ਕੋਨਾ ਸਾਫ਼ ਅਤੇ ਸੰਗਠਿਤ ਰਹੇ। ਵਿਧਾਇਕ ਜਿੰਪਾ ਨੇ ਕਿਹਾ ਕਿ ਸ਼ਹਿਰ ਨੂੰ ਰੋਸ਼ਨ ਕਰਨ ਲਈ 10.50 ਕਰੋੜ ਰੁਪਏ ਦੀ ਲਾਗਤ ਨਾਲ ਗਲੀਆਂ ਅਤੇ ਫੈਂਸੀ ਲਾਈਟਾਂ ਲਗਾਈਆਂ ਜਾ ਰਹੀਆਂ ਹਨ, ਜਿਸ ਨਾਲ ਹੁਸ਼ਿਆਰਪੁਰ ਰਾਤ ਨੂੰ ਵੀ ਸੁਰੱਖਿਅਤ ਅਤੇ ਆਕਰਸ਼ਕ ਦਿਖਾਈ ਦੇਵੇਗਾ। ਇਸ ਤੋਂ ਇਲਾਵਾ, ਪਾਰਕਾਂ ਦੇ ਸੁੰਦਰੀਕਰਨ ਅਤੇ ਨਵੀਨੀਕਰਨ 'ਤੇ 2.50 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ, ਤਾਂ ਜੋ ਸ਼ਹਿਰ ਵਾਸੀਆਂ ਨੂੰ ਹਰਿਆਲੀ ਅਤੇ ਸਿਹਤਮੰਦ ਵਾਤਾਵਰਣ ਮਿਲ ਸਕੇ। ਫਾਇਰ ਬ੍ਰਿਗੇਡ ਦੀ ਸਹੂਲਤ ਨੂੰ ਬਿਹਤਰ ਬਣਾਉਣ ਲਈ, ਚੋਆ ਡੈਮ ਰੋਡ 'ਤੇ 2.90 ਕਰੋੜ ਰੁਪਏ ਦੀ ਲਾਗਤ ਨਾਲ ਇਕ ਨਵੀਂ ਇਮਾਰਤ ਦਾ ਨਿਰਮਾਣ ਕੰਮ ਸ਼ੁਰੂ ਹੋ ਗਿਆ ਹੈ, ਜਿਸ ਨਾਲ ਐਮਰਜੈਂਸੀ ਸੇਵਾਵਾਂ ਹੋਰ ਪ੍ਰਭਾਵਸ਼ਾਲੀ ਹੋਣਗੀਆਂ।
ਬ੍ਰਮ ਸ਼ੰਕਰ ਜਿੰਪਾ ਨੇ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੁਸ਼ਿਆਰਪੁਰ ਨੂੰ ਪੰਜਾਬ ਦਾ ਮਾਡਲ ਸ਼ਹਿਰ ਬਣਾਉਣ ਦਾ ਸੁਪਨਾ ਤੇਜ਼ੀ ਨਾਲ ਸਾਕਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡਾ ਹਰ ਕਦਮ ਸ਼ਹਿਰ ਵਾਸੀਆਂ ਦੇ ਜੀਵਨ ਨੂੰ ਬਿਹਤਰ ਬਣਾਉਣ ਵੱਲ ਹੈ। ਪੰਜਾਬ ਸਰਕਾਰ ਅਤੇ ਨਗਰ ਨਿਗਮ ਸਾਂਝੇ ਤੌਰ 'ਤੇ ਇਹ ਯਕੀਨੀ ਬਣਾ ਰਹੇ ਹਨ ਕਿ ਹੁਸ਼ਿਆਰਪੁਰ ਵਿਕਾਸ ਦੀ ਹਰ ਪ੍ਰੀਖਿਆ ਵਿਚੋਂ ਲੰਘੇ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਵਿੱਚ ਚੱਲ ਰਹੇ ਇਹ ਵਿਕਾਸ ਕਾਰਜ ਪੰਜਾਬ ਸਰਕਾਰ ਅਤੇ ਨਗਰ ਨਿਗਮ ਦੀ ਦੂਰਦਰਸ਼ੀ ਸੋਚ ਅਤੇ ਸਮਰਪਣ ਦਾ ਜਿਉਂਦਾ ਜਾਗਦਾ ਸਬੂਤ ਹਨ।
ਇਸ ਮੌਕੇ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਵਿੱਤ ਕਮੇਟੀ ਦੇ ਚੇਅਰਮੈਨ ਬਲਵਿੰਦਰ ਬਿੰਦੀ ਅਤੇ ਹੋਰ ਕੌਂਸਲਰ ਵੀ ਮੌਜੂਦ ਸਨ