ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨਿਆ ਰਾਹਤ ਪੈਕੇਜ ਪੰਜਾਬ ਨਾਲ ਕੋਝਾ ਮਜ਼ਾਕ: ਬਰਿੰਦਰ ਕੁਮਾਰ ਗੋਇਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨਿਆ ਰਾਹਤ ਪੈਕੇਜ ਪੰਜਾਬ ਨਾਲ ਕੋਝਾ ਮਜ਼ਾਕ: ਬਰਿੰਦਰ ਕੁਮਾਰ ਗੋਇਲ

ਮੂਨਕ, 10 ਸਤੰਬਰ

ਦੇਸ਼ ਦੀ ਅਜ਼ਾਦੀ ਲਈ ਸਭ ਤੋਂ ਵੱਧ ਯੋਗਦਾਨ ਪਾਉਣ, ਹਰੀ ਕ੍ਰਾਂਤੀ ਤਹਿਤ ਦੇਸ਼ ਦੇ ਅਨਾਜ ਭੰਡਾਰ ਭਰਨ ਅਤੇ ਦੇਸ਼ ਦੀ ਰਾਖੀ ਲਈ ਸਰਹੱਦਾਂ ਉੱਤੇ ਸਭ ਤੋਂ ਵੱਧ ਜਾਨਾਂ ਵਾਰਨ ਵਾਲੇ ਪੰਜਾਬ ਦਾ ਅੱਜ ਜਦੋਂ ਹੜ੍ਹਾਂ ਦੀ ਮਾਰ ਕਾਰਨ 20 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ ਹੈ ਤਾਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਲਈ ਕੇਵਲ 1600 ਕਰੋੜ ਰੁਪਏ ਦੀ ਰਾਹਤ ਰਾਸ਼ੀ ਐਲਾਨੀ ਜਾਣੀ, ਪੰਜਾਬ ਨਾਲ ਕੋਝਾ ਮਜ਼ਾਕ ਹੈ।

ਇਹ ਗੱਲ ਕੈਬਨਿਟ ਮੰਤਰੀ, ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਕੜੈਲ, ਮੂਨਕ, ਫੂਲਦ ਸਮੇਤ ਘੱਗਰ ਦਰਿਆ ਨੇੜਲੇ ਵੱਖ-ਵੱਖ ਪਿੰਡਾਂ ਵਿਖੇ ਘੱਗਰ ਦਰਿਆ ਦੀ ਸਥਿਤੀ ਦਾ ਜਾਇਜ਼ਾ ਲੈਣ ਮੌਕੇ ਲੋਕਾਂ ਨਾਲ ਗੱਲਬਾਤ ਕਰਦਿਆਂ ਆਖੀ।

ਸ਼੍ਰੀ ਗੋਇਲ ਨੇ ਕਿਹਾ ਕਿ ਲੋਕਾਂ ਨੂੰ ਘੱਗਰ ਦਰਿਆ ਦੀ ਮਾਰ ਤੋਂ ਬਚਾਉਣ ਹਿਤ ਪੰਜਾਬ ਸਰਕਾਰ ਵੱਲੋਂ ਦਰਿਆ ਦੇ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਗਿਆ, ਜਿਨ੍ਹਾਂ ਸਦਕਾ ਪਿਛਲੇ 08 ਦਿਨ ਤੋਂ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੋਣ ਦੇ ਬਾਵਜੂਦ ਘੱਗਰ ਦਰਿਆ ਨੇੜਲੇ ਪਿੰਡਾਂ ਤੇ ਸ਼ਹਿਰਾਂ ਦੇ ਲੋਕ ਇਸ ਦੀ ਮਾਰ ਤੋਂ ਬਚੇ ਹੋਏ ਹਨ।

ਦੂਜਾ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਪੂਰੀ ਚੌਕਸੀ ਵਰਤੀ ਜਾ ਰਹੀ ਹੈ, ਜਿੱਥੇ ਕਿਤੇ ਵੀ ਬੋਰੀਆਂ ਲਾਉਣ ਜਾਂ ਹੋਰ ਕਿਸੇ ਵੀ ਕਿਸਮ ਦਾ ਕਾਰਜ ਕਰਨ ਦੀ ਲੋੜ ਪੈਂਦੀ ਹੈ, ਉਹ ਫੌਰੀ ਕੀਤਾ ਜਾਂਦਾ ਹੈ। ਘੱਗਰ ਦਰਿਆ 'ਤੇ ਹਰ ਕਿਲੋਮੀਟਰ ਉੱਤੇ ਅਧਿਕਾਰੀਆਂ ਦੀ ਡਿਊਟੀ ਲਾਈ ਗਈ ਹੈ ਤਾਂ ਜੋ ਕਿਸੇ ਵੀ ਕਿਸਮ ਦੀ ਦਿੱਕਤ ਆਉਣ 'ਤੇ ਫੌਰੀ ਉਸ ਦਾ ਹੱਲ ਕੀਤਾ ਜਾ ਸਕੇ।

ਕੈਬਨਿਟ ਮੰਤਰੀ ਨੇ ਕਿਹਾ ਕਿ ਜੇਕਰ ਹਰਿਆਣਾ ਸਰਕਾਰ ਪੰਜਾਬ ਸਰਕਾਰ ਨਾਲ ਸਹਿਯੋਗ ਕਰੇ ਤਾਂ ਘੱਗਰ ਦੀ ਸਮੱਸਿਆ ਦਾ ਪੱਕੇ ਤੌਰ ਉੱਤੇ ਹੱਲ ਹੋ ਸਕਦਾ ਹੈ। ਇਸ ਲਈ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਹਰਿਆਣਾ ਸਰਕਾਰ ਨੂੰ ਇਸ ਮਾਮਲੇ ਸਬੰਧੀ ਸਹਿਯੋਗ ਲਈ ਅੱਗੇ ਆਉਣਾ ਚਾਹੀਦਾ ਹੈ।

ਸ਼੍ਰੀ ਗੋਇਲ ਨੇ ਕਿਹਾ ਕਿ ਜਦੋਂ ਘੱਗਰ ਦਰਿਆ ਦੀ ਬੰਨ੍ਹਾਂ ਦੀ ਮਜ਼ਬੂਤੀ ਲਈ ਮਿੱਟੀ ਪਾਉਣ ਦਾ ਕੰਮ ਜਾਰੀ ਸੀ ਤਾਂ ਲੋਕਾਂ ਨੇ ਖੁਦ ਕੋਲ ਖੜ੍ਹ ਕੇ ਮਿੱਟੀ ਪਵਾਈ ਸੀ ਤੇ ਅੱਜ ਵੀ ਲੋਕ ਦਿਨ ਰਾਤ ਇੱਕ ਕਰ ਕੇ ਪਹਿਰੇ ਦੇ ਰਹੇ ਹਨ ਤੇ ਸਰਕਾਰ ਨੂੰ ਸਹਿਯੋਗ ਦੇ ਰਹੇ ਹਨ, ਜਿਸ ਲਈ ਉਹ ਲੋਕਾਂ ਦੇ ਦਿਲੋਂ ਧੰਨਵਾਦੀ ਹਨ। ਉਨ੍ਹਾਂ ਨੇ ਲੋਕਾਂ ਨਾਲ ਵਾਅਦਾ ਕੀਤਾ ਕਿ ਉਹ ਘੱਗਰ ਦੀ ਸਮੱਸਿਆ ਦੇ ਹੱਲ ਸਬੰਧੀ ਅਜਿਹੇ ਕੰਮ ਕਰਵਾਉਣਗੇ ਕਿ ਅਗਲੇ ਸਾਲ ਲੋਕਾਂ ਨੂੰ ਦਰਿਆ 'ਤੇ ਪਹਿਰੇ ਲਾਉਣ ਦੀ ਵੀ ਲੋੜ ਨਹੀਂ ਪਵੇਗੀ।

ਸ਼੍ਰੀ ਗੋਇਲ ਨੇ ਦੱਸਿਆ ਕਿ ਸੰਭਾਵੀ ਹੜ੍ਹਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਘੱਗਰ ਦਰਿਆ ਨੇੜਲੇ ਸ਼ਹਿਰਾਂ ਤੇ ਪਿੰਡਾਂ ਲਈ 05 ਰਾਹਤ ਕੈਂਪ ਵੱਖ-ਵੱਖ ਥਾਂ ਬਣਾਏ ਗਏ ਹਨ ਤੇ ਬਕਾਇਦਾ ਵੱਖ-ਵੱਖ ਅਧਿਕਾਰੀਆਂ ਨੂੰ ਕੈਂਪਾਂ ਦਾ ਇੰਚਾਰਜ ਲਾਇਆ ਲਿਆ ਗਿਆ ਹੈ।

ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਡਰੇਨੇਜ ਵਿਭਾਗ ਨਾਲ 87250-29785 'ਤੇ ਜਾਂ ਜ਼ਿਲ੍ਹਾ ਪ੍ਰਸ਼ਾਸਨ ਨਾਲ 01672-234196 'ਤੇ ਜਾਂ ਮੂਨਕ ਕੰਟਰੋਲ ਰੂਮ ਨਾਲ 97802-95132 'ਤੇ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਪਿੰਡਾਂ ਦੇ ਲੋਕ ਹਾਜ਼ਰ ਸਨ।