ਪੰਜਾਬ ਸਰਕਾਰ ਨੇ ਜਲਵਾਯੂ ਅਨੁਕੂਲ ਅਤੇ ਟਿਕਾਊ ਬਾਗਬਾਨੀ ਬਾਰੇ ਤਕਨਾਲੋਜੀ ਐਕਸਚੇਂਜ ਵਰਕਸ਼ਾਪ ਦੀ ਕੀਤੀ ਮੇਜ਼ਬਾਨੀ

ਪੰਜਾਬ ਸਰਕਾਰ ਨੇ ਜਲਵਾਯੂ ਅਨੁਕੂਲ ਅਤੇ ਟਿਕਾਊ ਬਾਗਬਾਨੀ ਬਾਰੇ ਤਕਨਾਲੋਜੀ ਐਕਸਚੇਂਜ ਵਰਕਸ਼ਾਪ ਦੀ ਕੀਤੀ ਮੇਜ਼ਬਾਨੀ

ਚੰਡੀਗੜ੍ਹ, 27 ਅਗਸਤ:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬਾਗਬਾਨੀ ਖੇਤਰ ਨੂੰ ਹੁਲਾਰਾ ਦੇਣ ਲਈ ਅਹਿਮ ਕਦਮ ਚੁੱਕੇ ਜਾ ਰਹੇ ਹਨ। ਇਸ ਦਿਸ਼ਾ ਵਿੱਚ ਕਦਮ ਪੁੱਟਦਿਆਂ, ਪੰਜਾਬ ਅਤੇ ਜਾਪਾਨ ਇੰਟਰਨੈਸ਼ਨਲ ਕੋਆਪਰੇਸ਼ਨ ਏਜੰਸੀ (ਜੇ.ਆਈ.ਸੀ.ਏ.) ਨੇ ਸਾਂਝੇ ਤੌਰ 'ਤੇ "ਪੰਜਾਬ ਵਿੱਚ ਜਲਵਾਯੂ ਅਨੁਕੂਲ ਅਤੇ ਵਾਤਾਵਰਣ ਪੱਖੋਂ ਟਿਕਾਊ ਬਾਗਬਾਨੀ (ਪੀ.ਸੀ.ਆਰ.ਈ.ਐਸ.ਐਚ.ਪੀ.) ਨੂੰ ਉਤਸ਼ਾਹਿਤ ਕਰਨ" ਵਿਸ਼ੇ ‘ਤੇ ਭਾਈਵਾਲਾਂ ਨਾਲ ਨਵੀਂ ਤਕਨਾਲੋਜੀ ਐਕਸਚੇਂਜ ਬਾਰੇ ਇੱਕ ਵਰਕਸ਼ਾਪ ਕਰਵਾਈ। ਇਹ ਵਰਕਸ਼ਾਪ ਕਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀ (ਸੀ.ਆਈ.ਆਈ.) ਕੰਪਲੈਕਸ, ਸੈਕਟਰ 31, ਚੰਡੀਗੜ੍ਹ ਵਿਖੇ ਕਰਵਾਈ ਗਈ। ਇਸ ਸਮਾਗਮ ਦੌਰਾਨ ਬਾਗਬਾਨੀ ਮਾਹਿਰਾਂ, ਭਾਈਵਾਲਾਂ ਅਤੇ ਉੱਚ-ਪੱਧਰੀ ਜੇ.ਆਈ.ਸੀ.ਏ. ਵਫ਼ਦ ਨੇ ਬਾਗਬਾਨੀ ਖੇਤਰ ਵਿੱਚ ਟਿਕਾਊ ਅਭਿਆਸਾਂ ਅਤੇ ਉੱਨਤ ਤਕਨਾਲੋਜੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ।

ਵਰਕਸ਼ਾਪ ਨੂੰ ਸੰਬੋਧਨ ਕਰਦਿਆਂ, ਬਾਗਬਾਨੀ ਮੰਤਰੀ ਮੋਹਿੰਦਰ ਭਗਤ ਨੇ ਜੇ.ਆਈ.ਸੀ.ਏ. ਦੇ ਵਫ਼ਦ ਦਾ ਸਵਾਗਤ ਕੀਤਾ, ਜਿਸ ਵਿੱਚ ਫਸਟ ਸੈਕਟਰੀ (ਖੁਰਾਕ ਅਤੇ ਖੇਤੀਬਾੜੀ) ਸ੍ਰੀ ਹੇਯਾਸੇ ਤਾਕੇਹੀਕੋ, ਜੇ.ਆਈ.ਸੀ.ਏ. ਇੰਡੀਆ ਦੇ ਸੀਨੀਅਰ ਪ੍ਰਤੀਨਿਧੀ ਸ੍ਰੀ ਈਜੀ ਵਾਕਾਮਤਸੂ, ਜੇ.ਆਈ.ਸੀ.ਏ. ਸਰਵੇਅ ਟੀਮ ਦੇ ਟੀਮ ਲੀਡਰ ਸ੍ਰੀ ਸ਼ਿਨੋਹਾਰਾ ਟੋਗੋ ਅਤੇ ਡਿਵੈਲਪਮੈਂਟ ਸਪੈਸ਼ਲਿਸਟ ਜੇ.ਆਈ.ਸੀ.ਏ. ਇੰਡੀਆ ਸ਼੍ਰੀਮਤੀ ਨਿਸ਼ਠਾ ਵੈਂਗੁਰਲੇਕਰ ਸ਼ਾਮਲ ਸਨ। ਇਸ ਮੌਕੇ ਮੰਤਰੀ ਨੇ ਸੀ.ਆਈ.ਆਈ. ਚੰਡੀਗੜ੍ਹ ਦੇ ਚੇਅਰਪਰਸਨ ਸ੍ਰੀ ਅਮਿਤ ਜੈਨ ਦਾ ਵੀ ਸਵਾਗਤ ਕੀਤਾ। ਉਨ੍ਹਾਂ ਨੇ ਤਕਨਾਲੋਜੀ ਦੇ ਆਦਾਨ-ਪ੍ਰਦਾਨ ਅਤੇ ਨਵੇਂ ਅਭਿਆਸਾਂ ਰਾਹੀਂ ਪੰਜਾਬ ਦੇ ਬਾਗਬਾਨੀ ਖੇਤਰ ਨੂੰ ਹੋਰ ਮਜ਼ਬੂਤ ਕਰਨ ਵਿੱਚ ਮੁਹਾਰਤ ਅਤੇ ਸਹਿਯੋਗ ਦੀ ਮਹੱਤਤਾ ਨੂੰ ਉਜਾਗਰ ਕੀਤਾ।

30 ਮੈਂਬਰੀ ਜੇ.ਆਈ.ਸੀ.ਏ. ਵਫ਼ਦ ਨੇ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਫਸਲੀ ਰਹਿੰਦ-ਖੂੰਹਦ ਕੁਸ਼ਲ ਅਤੇ ਟਿਕਾਊ ਬਾਗਬਾਨੀ ਪ੍ਰੋਜੈਕਟ (ਪੀ.ਸੀ.ਆਰ.ਈ.ਐਸ.ਐਚ.ਪੀ.) ਅਧੀਨ ਭਾਈਵਾਲੀ ਬਾਰੇ ਚਰਚਾ ਕੀਤੀ। ਇਸ ਦੌਰਾਨ ਫਸਲੀ ਵਿਭਿੰਨਤਾ, ਟਿਕਾਊ ਸਰੋਤ ਪ੍ਰਬੰਧਨ ਅਤੇ ਕਿਸਾਨਾਂ ਦੀ ਭਲਾਈ ਲਈ ਅਪਗ੍ਰੇਡ ਕੀਤੀ ਤਕਨਾਲੋਜੀ ਦੀ ਵਰਤੋਂ ਵਿੱਚ ਉੱਨਤ ਅਭਿਆਸਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।

ਇਸ ਮੌਕੇ ਬੋਲਦਿਆਂ ਸ੍ਰੀ ਮੋਹਿੰਦਰ ਭਗਤ ਨੇ ਕਿਹਾ ਕਿ ਪੰਜਾਬ ਦੀ ਬਾਗਬਾਨੀ ਵਿਸ਼ਵ ਪੱਧਰ 'ਤੇ ਆਪਣੀ ਪਹਿਚਾਣ ਬਣਾ ਰਹੀ ਹੈ ਅਤੇ ਸੂਬਾ ਸਰਕਾਰ ਕਿਸਾਨਾਂ ਨੂੰ ਆਧੁਨਿਕ ਤਕਨਾਲੋਜੀ ਅਤੇ ਅੰਤਰਰਾਸ਼ਟਰੀ ਮੁਹਾਰਤ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਅੱਗੇ ਕਿਹਾ, "ਜੇ.ਆਈ.ਸੀ.ਏ. ਦੇ ਸਹਿਯੋਗ ਨਾਲ, ਪੰਜਾਬ ਦਾ ਉਦੇਸ਼ ਫਸਲੀ ਵਿਭਿੰਨਤਾ ਨੂੰ ਹੋਰ ਉਤਸ਼ਾਹਿਤ ਕਰਨਾ, ਲਾਗਤ ਖਰਚਿਆਂ ਨੂੰ ਘਟਾਉਣਾ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨਾ ਹੈ।"

ਇਸ ਸਮਾਗਮ ਵਿੱਚ, ਫਸਟ ਸੈਕਟਰੀ (ਖੁਰਾਕ ਅਤੇ ਖੇਤੀਬਾੜੀ) ਸ੍ਰੀ ਹੇਯਾਸੇ ਤਾਕੇਹੀਕੋ ਨੇ ਕਿਹਾ ਕਿ ਪੰਜਾਬ ਵਿੱਚ ਬਾਗਬਾਨੀ ਖੇਤਰ ਲਈ ਅਥਾਹ ਸੰਭਾਵਨਾਵਾਂ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਸਿੱਧਾ ਲਾਭ ਪਹੁੰਚਾਉਣ ਲਈ ਉੱਨਤ ਜਾਪਾਨੀ ਤਕਨਾਲੋਜੀ, ਸਿਖਲਾਈ ਅਤੇ ਟਿਕਾਊ ਅਭਿਆਸਾਂ ਨਾਲ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਇਸ ਵਰਕਸ਼ਾਪ ਦੌਰਾਨ ਕਈ ਸੈਸ਼ਨ ਕਰਵਾਏ ਗਏ, ਜਿਨ੍ਹਾਂ ਵਿੱਚ ਨਿਯੰਤਰਿਤ ਵਾਤਾਵਰਣ ਬਾਗਬਾਨੀ ਵਿੱਚ ਨਵੀਆਂ ਤਕਨਾਲੋਜੀਆਂ, ਖੇਤੀਬਾੜੀ-ਤਕਨੀਕ ਦੀ ਵਰਤੋਂ ਨਾਲ ਹੱਲ, ਘੱਟ-ਕਾਰਬਨ ਅਤੇ ਟਿਕਾਊ ਬਾਗਬਾਨੀ ਵੱਲ ਕਦਮ ਵਧਾਉਣਾ ਅਤੇ ਭਾਰਤ ਤੇ ਜਾਪਾਨ ਦਰਮਿਆਨ ਅਕਾਦਮਿਕ ਸਹਿਯੋਗ ਨੂੰ ਉਤਸ਼ਾਹਿਤ ਕਰਨ ਵਰਗੇ ਵਿਸ਼ੇ ਸ਼ਾਮਲ ਸਨ। ਇਹਨਾਂ ਸੈਸ਼ਨਾਂ ਨੇ ਪੰਜਾਬ ਦੇ ਬਾਗਬਾਨੀ ਖੇਤਰ ਵਿੱਚ ਨਵੀਨਤਾ, ਟਿਕਾਊ ਅਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਮਾਹਰਾਂ ਵੱਲੋਂ ਪੇਸ਼ਕਾਰੀਆਂ, ਵਿਚਾਰ-ਵਟਾਂਦਰੇ ਅਤੇ ਇੰਟਰਐਕਟਿਵ ਆਦਾਨ-ਪ੍ਰਦਾਨ ਲਈ ਇੱਕ ਮੰਚ ਪ੍ਰਦਾਨ ਕੀਤਾ।

ਇਸ ਸਮਾਗਮ ਦੌਰਾਨ ਬਾਗਬਾਨੀ ਵੈਲਿਊ ਚੇਨ ਡਿਵੈਲਪਮੈਂਟ ਨਾਲ ਸੰਬੰਧਿਤ ਤਕਨਾਲੋਜੀਆਂ ਵਾਲੀਆਂ ਜਾਪਾਨ ਅਤੇ ਭਾਰਤ ਦੀਆਂ ਕੰਪਨੀਆਂ, ਖੋਜ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਸ਼ਾਮਲ ਹੋਈਆਂ, ਜੋ ਪੰਜਾਬ ਵਿੱਚ ਟਿਕਾਊ ਅਤੇ ਜਲਵਾਯੂ ਅਨੁਕੂਲ ਬਾਗਬਾਨੀ ਦੇ ਵਿਕਾਸ ਦੇ ਟੀਚੇ ਨੂੰ ਪੂਰਾ ਕਰਨ ਵਿੱਚ ਸਹਿਯੋਗ ਕਰ ਸਕਦੀਆਂ ਹਨ।

ਇਸ ਤੋਂ ਪਹਿਲਾਂ, ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਸ੍ਰੀ ਬਾਲ ਮੁਕੰਦ ਸ਼ਰਮਾ ਅਤੇ ਪੰਜਾਬ ਬਾਗਬਾਨੀ ਡਾਇਰੈਕਟਰ, ਸ੍ਰੀਮਤੀ ਸ਼ੈਲੇਂਦਰ ਕੌਰ ਨੇ ਵੀ ਬਾਗਬਾਨੀ ਵਿਭਾਗ ਰਾਹੀਂ ਕਿਸਾਨਾਂ ਨੂੰ ਦਿੱਤੇ ਜਾ ਰਹੇ ਵੱਖ-ਵੱਖ ਲਾਭਾਂ ‘ਤੇ ਚਾਨਣਾ ਪਾਇਆ, ਜਿਸ ਵਿੱਚ ਤਕਨੀਕੀ ਮਾਰਗਦਰਸ਼ਨ, ਵਿੱਤੀ ਸਹਾਇਤਾ ਅਤੇ ਸੂਬੇ ਭਰ ਵਿੱਚ ਟਿਕਾਊ ਅਤੇ ਜਲਵਾਯੂ ਅਨੁਕੂਲ ਬਾਗਬਾਨੀ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪਹਿਲਕਦਮੀਆਂ ਸ਼ਾਮਲ ਹਨ।

ਇਹ ਵਰਕਸ਼ਾਪ ਦੀ ਸਮਾਪਤੀ ਦੋਵਾਂ ਧਿਰਾਂ ਵੱਲੋਂ ਬਾਗਬਾਨੀ ਖੇਤਰ ਵਿੱਚ ਪੰਜਾਬ-ਜਾਪਾਨ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਵਚਨਬੱਧਤਾ ਨਾਲ ਹੋਈ, ਜਿਸ ਨਾਲ ਸੂਬੇ ਵਿੱਚ ਟਿਕਾਊ ਅਤੇ ਕਿਸਾਨ ਪੱਖੀ ਵਿਕਾਸ ਦਾ ਰਾਹ ਪੱਧਰਾ ਹੋਵੇਗਾ।

ਇਸ ਸਮਾਗਮ ਵਿੱਚ ਪਨਸੀਡ ਦੇ ਚੇਅਰਮੈਨ ਸ੍ਰੀ ਮੋਹਿੰਦਰ ਸਿੰਘ ਸਿੱਧੂ, ਬਾਗਬਾਨੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ, ਖੇਤੀਬਾੜੀ ਵਿਗਿਆਨੀਆਂ ਅਤੇ ਵੱਖ-ਵੱਖ ਕਿਸਾਨ ਸੰਗਠਨਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। 

Advertisement

Latest

ਅਨੁਸੂਚਿਤ ਜਾਤੀਆਂ ਦੀ ਸੁਰੱਖਿਆ ਲਈ ਅੱਤਿਆਚਾਰ ਰੋਕਥਾਮ ਕਾਨੂੰਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਪੰਜਾਬ ਸਰਕਾਰ ਦੀ ਪ੍ਰਮੁੱਖ ਤਰਜੀਹ: ਡਾ. ਬਲਜੀਤ ਕੌਰ
ਪੰਜਾਬ ਸਰਕਾਰ ਨੇ ਜਲਵਾਯੂ ਅਨੁਕੂਲ ਅਤੇ ਟਿਕਾਊ ਬਾਗਬਾਨੀ ਬਾਰੇ ਤਕਨਾਲੋਜੀ ਐਕਸਚੇਂਜ ਵਰਕਸ਼ਾਪ ਦੀ ਕੀਤੀ ਮੇਜ਼ਬਾਨੀ
ਮੁੱਖ ਮੰਤਰੀ ਵੱਲੋਂ ਪੰਜਾਬ ਸਰਕਾਰ ਦਾ ਹੈਲੀਕਾਪਟਰ ਬਚਾਅ ਤੇ ਰਾਹਤ ਕਾਰਜਾਂ ਲਈ ਤਾਇਨਾਤ, ਕੈਬਨਿਟ ਸਾਥੀਆਂ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
ਪੰਜਾਬ ਸਰਕਾਰ ਨੇ ਹੜ੍ਹਾਂ ਨਾਲ ਨਜਿੱਠਣ ਲਈ ਝੋਕੀ ਪੂਰੀ ਤਾਕਤ: ਬਚਾਅ ਅਤੇ ਰਾਹਤ ਕਾਰਜ ਜੰਗੀ ਪੱਧਰ 'ਤੇ ਜਾਰੀ
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਤਰਨ ਤਾਰਨ ਵਿਧਾਨ ਸਭਾ ਹਲਕੇ ਦੇ ਪੋਲਿੰਗ ਸਟੇਸ਼ਨਾਂ ਨੂੰ ਤਰਕਸੰਗਤ ਬਣਾਉਣ ਦਾ ਐਲਾਨ