ਪੰਜਾਬ ਵਿਧਾਨ ਸਭਾ ਚੋਣਾਂ 2027: ਅੰਮ੍ਰਿਤਪਾਲ ਸਿੰਘ ਦੋ ਸੀਟਾਂ ਤੋਂ ਲੜਨਗੇ ਚੋਣ, ਜਾਣੋ ਕਿਹੜੀ-ਕਿਹੜੀ ਹੋਵੇਗੀ ਉਹ ਸੀਟ
ਮੋਹਾਲੀ — ਪੰਜਾਬ ਵਿਧਾਨ ਸਭਾ ਚੋਣਾਂ 2027 ਦੇ ਮੱਦੇਨਜ਼ਰ ਸਿਆਸੀ ਮੈਦਾਨ ਵਿੱਚ ਵੱਡੀ ਹਲਚਲ ਤੇਜ਼ ਹੋ ਗਈ ਹੈ। 'ਵਾਰਿਸ ਪੰਜਾਬ ਦੇ' ਪੱਖੀ ਜਥੇਬੰਦਕ ਆਗੂਆਂ ਵੱਲੋਂ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖ਼ਿਲਾਫ਼ ਦੋ ਵਿਧਾਨ ਸਭਾ ਹਲਕਿਆਂ ਤੋਂ ਚੋਣ ਮੈਦਾਨ ਵਿੱਚ ਉਤਾਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਇਹ ਫ਼ੈਸਲਾ ਮੋਹਾਲੀ ਵਿਖੇ ਹੋਈ ਸੀਨੀਅਰ ਆਗੂਆਂ ਦੀ ਇੱਕ ਅਹਿਮ ਮੀਟਿੰਗ ਦੌਰਾਨ ਲਿਆ ਗਿਆ, ਜਿਸ ਵਿੱਚ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਸਮੇਤ ਕਈ ਪ੍ਰਮੁੱਖ ਆਗੂ ਸ਼ਾਮਲ ਸਨ।
ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਇਸ ਸਮੇਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ ਅਤੇ ਉਨ੍ਹਾਂ ਨੇ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਜੇਲ੍ਹ ਵਿੱਚ ਰਹਿੰਦਿਆਂ ਹੀ ਖਡੂਰ ਸਾਹਿਬ ਹਲਕੇ ਤੋਂ ਇਤਿਹਾਸਕ ਜਿੱਤ ਦਰਜ ਕੀਤੀ ਸੀ।
ਅੰਦਰੂਨੀ ਸਰਵੇਖਣ ਅਤੇ ਚੋਣ ਰਣਨੀਤੀ
ਸੂਤਰਾਂ ਮੁਤਾਬਕ ਪਾਰਟੀ ਨੇ ਗਿੱਦੜਬਾਹਾ ਅਤੇ ਲੰਬੀ ਹਲਕਿਆਂ ਵਿੱਚ ਜ਼ਮੀਨੀ ਸਰਵੇਖਣ ਕਰਵਾਏ ਹਨ। ਰਣਨੀਤੀ ਇਹ ਤੈਅ ਕੀਤੀ ਗਈ ਹੈ ਕਿ ਅੰਮ੍ਰਿਤਪਾਲ ਸਿੰਘ ਸਿੱਧੇ ਤੌਰ ’ਤੇ ਵਿਰੋਧੀ ਧਿਰਾਂ ਦੇ ਮੁੱਖ ਚਿਹਰਿਆਂ ਨੂੰ ਚੁਣੌਤੀ ਦੇਣਗੇ:
ਸੁਖਬੀਰ ਬਾਦਲ ਦੇ ਮੁਕਾਬਲੇ ਗਿੱਦੜਬਾਹਾ: ਸੁਖਬੀਰ ਸਿੰਘ ਬਾਦਲ ਵੱਲੋਂ ਜਲਾਲਾਬਾਦ ਦੀ ਥਾਂ ਗਿੱਦੜਬਾਹਾ ਤੋਂ ਚੋਣ ਲੜਨ ਦੇ ਐਲਾਨ ਮਗਰੋਂ, ਪਾਰਟੀ ਅੰਮ੍ਰਿਤਪਾਲ ਸਿੰਘ ਨੂੰ ਇਸੇ ਹਲਕੇ ਤੋਂ ਮੈਦਾਨ ਵਿੱਚ ਉਤਾਰਨ ਦੀ ਯੋਜਨਾ ਬਣਾ ਰਹੀ ਹੈ।
.png)
CM ਭਗਵੰਤ ਮਾਨ ਖ਼ਿਲਾਫ਼ ਟੱਕਰ: ਇਸੇ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਜਿਸ ਵੀ ਸੀਟ (ਮੌਜੂਦਾ ਧੂਰੀ ਜਾਂ ਸੰਗਰੂਰ ਇਲਾਕੇ ਦੀ ਕਿਸੇ ਹੋਰ ਸੀਟ) ਤੋਂ ਚੋਣ ਲੜਨਗੇ, ਅੰਮ੍ਰਿਤਪਾਲ ਸਿੰਘ ਦੂਜੀ ਸੀਟ ਵਜੋਂ ਉੱਥੋਂ ਚੋਣ ਲੜਨਗੇ।
ਰਾਮਪੁਰਾ ਫੂਲ ਤੋਂ ਗਿੱਲ ਰੌਂਤਾ ਨੂੰ ਟਿਕਟ
ਪਹਿਲਾਂ ਪਾਰਟੀ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਰਾਮਪੁਰਾ ਫੂਲ ਤੋਂ ਉਮੀਦਵਾਰ ਬਣਾਉਣ ਦੀ ਚਰਚਾ ਸੀ, ਕਿਉਂਕਿ 2024 ਦੀਆਂ ਚੋਣਾਂ ਦੌਰਾਨ ਫ਼ਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਨੂੰ ਇਸ ਹਲਕੇ ਤੋਂ ਭਾਰੀ ਲੀਡ ਮਿਲੀ ਸੀ। ਪਰ ਤਾਜ਼ਾ ਮੀਟਿੰਗ ਵਿੱਚ ਫ਼ੈਸਲਾ ਬਦਲਦਿਆਂ ਵੱਡੇ ਚਿਹਰਿਆਂ ਖ਼ਿਲਾਫ਼ ਸਿੱਧੀ ਟੱਕਰ ਨੂੰ ਤਰਜੀਹ ਦਿੱਤੀ ਗਈ ਹੈ, ਜਦਕਿ ਰਾਮਪੁਰਾ ਫੂਲ ਤੋਂ ਗਿੱਲ ਰੌਂਤਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ।

