"ਮੌਤ ਨਾਲ ਗੁਨਾਹ ਖ਼ਤਮ ਨਹੀਂ ਹੁੰਦੇ": ਨਾਨਾ ਪਾਟੇਕਰ ਦੇ ਦਿਹਾਂਤ ਤੋਂ ਬਾਅਦ ਤਨੁਸ਼੍ਰੀ ਦੱਤਾ ਦਾ ਤਿੱਖਾ ਬਿਆਨ, AICWA ਨੇ ਕੀਤੀ ਨਿਖੇਧੀ

ਮੁੰਬਈ — ਬਾਲੀਵੁੱਡ ਦੇ ਦਿੱਗਜ ਅਦਾਕਾਰ ਨਾਨਾ ਪਾਟੇਕਰ ਦੇ ਗੋਆ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਹੋਏ ਦਿਹਾਂਤ ਤੋਂ ਬਾਅਦ, ਅਦਾਕਾਰਾ ਤਨੁਸ਼੍ਰੀ ਦੱਤਾ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਦੱਤਾ ਨੇ ਕਿਹਾ ਕਿ #MeToo ਅੰਦੋਲਨ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ "ਨਰਕ ਬਣ ਗਈ ਸੀ" ਅਤੇ ਕਿਸੇ ਵਿਅਕਤੀ ਦੀ ਮੌਤ ਉਸ ਦੇ ਪੁਰਾਣੇ ਗੁਨਾਹਾਂ ਨੂੰ ਮਿਟਾ ਨਹੀਂ ਦਿੰਦੀ।

ਜ਼ਿਕਰਯੋਗ ਹੈ ਕਿ ਤਨੁਸ਼੍ਰੀ ਦੱਤਾ ਨੇ ਸਾਲ 2008 ਦੀ ਫ਼ਿਲਮ 'ਹਾਰਨ ਓਕੇ ਪਲੀਜ਼' ਦੀ ਸ਼ੂਟਿੰਗ ਦੌਰਾਨ ਨਾਨਾ ਪਾਟੇਕਰ 'ਤੇ ਗ਼ਲਤ ਵਿਵਹਾਰ ਕਰਨ ਦੇ ਦੋਸ਼ ਲਾਏ ਸਨ, ਜਿਸ ਨੂੰ ਉਨ੍ਹਾਂ ਨੇ 2018 ਵਿੱਚ ਮੁੜ ਚੁੱਕਿਆ ਸੀ।

"#MeToo ਮਗਰੋਂ ਮਿਲੀ ਜਾਨੋਂ ਮਾਰਨ ਦੀ ਧਮਕੀ"

ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਵੀਡੀਓ ਵਿੱਚ ਤਨੁਸ਼੍ਰੀ ਨੇ ਕਿਹਾ ਕਿ ਦੋਸ਼ ਲਾਉਣ ਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ ਡਰ ਦੇ ਸਾਏ ਵਿੱਚ ਜਿਊਣਾ ਪਿਆ। ਉਨ੍ਹਾਂ ਕਿਹਾ, "ਲੋਕ ਨਹੀਂ ਜਾਣਦੇ ਕਿ ਮੈਂ ਕਿਸ ਹਾਲਤ ਵਿੱਚ ਰਹੀ ਹਾਂ। ਮੈਂ ਬਿਨਾਂ ਡਰ ਘੁੰਮਦੀ ਸੀ, ਪਰ #MeToo ਤੋਂ ਬਾਅਦ ਗੁੰਡੇ ਮੇਰਾ ਪਿੱਛਾ ਕਰਦੇ ਰਹੇ। 2024 ਵਿੱਚ ਕਿਸੇ ਨੇ ਮੇਰੀ ਕਾਰ ਦੀਆਂ ਬ੍ਰੇਕਾਂ ਕੱਟ ਦਿੱਤੀਆਂ ਸਨ।"

"ਬਿਨਾਂ ਮਾਫ਼ੀ ਮੰਗੇ ਕੋਈ ਗੁਨਾਹ ਮੁਆਫ਼ ਨਹੀਂ ਹੁੰਦਾ"

ਮੁਆਫ਼ ਕਰਨ ਦੀਆਂ ਸਲਾਹਾਂ ਦੇਣ ਵਾਲੇ ਸੋਸ਼ਲ ਮੀਡੀਆ ਯੂਜ਼ਰਾਂ ਨੂੰ ਜਵਾਬ ਦਿੰਦਿਆਂ ਤਨੁਸ਼੍ਰੀ ਨੇ ਕਿਹਾ, "ਕਿਸੇ ਦੀ ਮੌਤ ਹੋ ਜਾਣ ਨਾਲ ਉਸ ਦੇ ਜੀਵਨ ਦੇ ਗੁਨਾਹ ਖ਼ਤਮ ਨਹੀਂ ਹੁੰਦੇ। ਜਿਨ੍ਹਾਂ ਲੋਕਾਂ ਨੂੰ ਉਸ ਨੇ ਤੰਗ ਕੀਤਾ, ਕੀ ਉਨ੍ਹਾਂ ਦਾ ਹਿਸਾਬ ਬੰਦ ਹੋ ਜਾਂਦਾ ਹੈ? ਰੱਬ ਵੀ ਬਿਨਾਂ ਮਾਫ਼ੀ ਮੰਗੇ ਕਿਸੇ ਨੂੰ ਮੁਆਫ਼ ਨਹੀਂ ਕਰਦਾ। ਉਸ ਨੇ ਕਦੇ ਮਾਫ਼ੀ ਨਹੀਂ ਮੰਗੀ।" ਉਨ੍ਹਾਂ ਕਿਹਾ ਕਿ ਪਾਟੇਕਰ ਉਨ੍ਹਾਂ ਦੀ ਜ਼ਿੰਦਗੀ ਦਾ "ਸਭ ਤੋਂ ਵੱਡਾ ਰਾਖਸ਼" ਸੀ।

ਰਾਖੀ ਸਾਵੰਤ 'ਤੇ ਪੈਸੇ ਲੈਣ ਦੇ ਇਲਜ਼ਾਮ

ਵੀਡੀਓ ਵਿੱਚ ਤਨੁਸ਼੍ਰੀ ਨੇ ਰਾਖੀ ਸਾਵੰਤ 'ਤੇ ਵੀ ਗੰਭੀਰ ਦੋਸ਼ ਲਾਏ। ਉਨ੍ਹਾਂ ਦਾਅਵਾ ਕੀਤਾ ਕਿ 2018 ਵਿੱਚ ਪ੍ਰੈਸ ਕਾਨਫਰੰਸ ਕਰਕੇ ਪਾਟੇਕਰ ਦੇ ਹੱਕ ਵਿੱਚ ਬੋਲਣ ਲਈ ਰਾਖੀ ਨੇ ਨਾਨਾ ਪਾਟੇਕਰ ਦੇ ਘਰੋਂ 2 ਤੋਂ 2.5 ਲੱਖ ਰੁਪਏ ਨਕਦ ਲਏ ਸਨ।

AICWA ਵੱਲੋਂ ਸਖ਼ਤ ਇਤਰਾਜ਼

ਆਲ ਇੰਡੀਅਨ ਸਿਨੇ ਵਰਕਰਜ਼ ਐਸੋਸੀਏਸ਼ਨ (AICWA) ਨੇ ਨਾਨਾ ਪਾਟੇਕਰ ਦੇ ਦਿਹਾਂਤ ਮਗਰੋਂ ਤਨੁਸ਼੍ਰੀ ਵੱਲੋਂ ਕੀਤੀ ਗਈ ਬਿਆਨਬਾਜ਼ੀ ਦੀ ਨਿਖੇਧੀ ਕੀਤੀ ਹੈ। ਐਸੋਸੀਏਸ਼ਨ ਨੇ ਇਸ ਬਿਆਨ ਨੂੰ ਗ਼ੈਰ-ਸੰਵੇਦਨਸ਼ੀਲ ਕਰਾਰ ਦਿੰਦਿਆਂ ਕਿਹਾ ਕਿ ਸੋਗ ਦੇ ਮਾਹੌਲ ਵਿੱਚ ਅਜਿਹੀਆਂ ਟਿੱਪਣੀਆਂ ਕਰਨਾ ਸਸਤੀ ਪ੍ਰਸਿੱਧੀ ਹਾਸਲ ਕਰਨ ਦੀ ਕੋਸ਼ਿਸ਼ ਹੈ।

image (11)

ਕੀ ਸੀ ਮਾਮਲਾ?

ਇਹ ਵਿਵਾਦ 2008 ਵਿੱਚ ਮੁੰਬਈ ਦੇ ਫ਼ਿਲਮਿਸਤਾਨ ਸਟੂਡੀਓ ਵਿੱਚ ਇੱਕ ਗਾਣੇ ਦੀ ਸ਼ੂਟਿੰਗ ਦੌਰਾਨ ਸ਼ੁਰੂ ਹੋਇਆ ਸੀ। ਤਨੁਸ਼੍ਰੀ ਨੇ ਦੋਸ਼ ਲਾਇਆ ਸੀ ਕਿ ਨਾਨਾ ਪਾਟੇਕਰ ਨੇ ਡਾਂਸ ਸਿਖਾਉਣ ਦੇ ਬਹਾਨੇ ਗ਼ਲਤ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਕੀਤੀ ਸੀ। ਪਾਟੇਕਰ ਨੇ ਹਮੇਸ਼ਾ ਇਨ੍ਹਾਂ ਦੋਸ਼ਾਂ ਨੂੰ ਝੂਠਾ ਦੱਸਿਆ ਸੀ। ਸਾਲ 2019 ਵਿੱਚ ਮੁੰਬਈ ਪੁਲਿਸ ਨੇ ਸਬੂਤਾਂ ਦੀ ਘਾਟ ਕਾਰਨ ਕਲੋਜ਼ਰ ਰਿਪੋਰਟ ਦਾਖ਼ਲ ਕੀਤੀ ਸੀ ਅਤੇ 2025 ਵਿੱਚ ਅਦਾਲਤ ਨੇ ਵੀ ਨਾਨਾ ਪਾਟੇਕਰ ਖ਼ਿਲਾਫ਼ ਕੇਸ ਨੂੰ ਖ਼ਾਰਜ ਕਰ ਦਿੱਤਾ ਸੀ।

Related Posts