LPU ਹਿੰਸਾ ਮਾਮਲਾ: ਮਿਗ-23 ਫਾਈਟਰ ਜੈੱਟ 'ਤੇ ਚੜ੍ਹਨ ਵਾਲੇ ਵਿਦਿਆਰਥੀ ਸਮੇਤ 9 ਕਾਬੂ
ਫਗਵਾੜਾ (ਪੰਜਾਬ):
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਬੀਤੇ ਦਿਨੀਂ ਹੋਈ ਹਿੰਸਾ, ਸਾੜਫੂਕ ਅਤੇ ਨੈਸ਼ਨਲ ਹਾਈਵੇ ਜਾਮ ਕਰਨ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਆਈਜੀ ਨਵੀਨ ਸਿੰਗਲਾ ਨੇ ਦੱਸਿਆ ਕਿ ਜਾਂਚ ਦੌਰਾਨ 20 ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਕਾਬੂ ਕੀਤੇ ਮੁਲਜ਼ਮਾਂ ਵਿੱਚ 7 ਵਿਦਿਆਰਥੀ ਅਤੇ 2 ਬਾਹਰੀ ਨੌਜਵਾਨ ਸ਼ਾਮਲ ਹਨ।
ਮਿਗ-23 ਜੈੱਟ 'ਤੇ ਚੜ੍ਹਨ ਵਾਲਾ ਨਾਬਾਲਗ ਮੰਡੀ ਤੋਂ ਕਾਬੂ
ਯੂਨੀਵਰਸਿਟੀ ਦੇ ਮੁੱਖ ਗੇਟ 'ਤੇ ਪ੍ਰੇਰਨਾ ਵਜੋਂ ਲਗਾਏ ਗਏ ਮਿਗ-23UM ਫਾਈਟਰ ਜੈੱਟ 'ਤੇ ਚੜ੍ਹ ਕੇ ਫੋਟੋਆਂ ਖਿਚਵਾਉਣ ਵਾਲੇ ਵਿਦਿਆਰਥੀ ਨੂੰ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਬੀ.ਟੈਕ ਦਾ ਵਿਦਿਆਰਥੀ ਹੈ। ਸੀਸੀਟੀਵੀ ਫੁਟੇਜ ਅਤੇ ਕਾਲਜ ਰਿਕਾਰਡ ਦੀ ਜਾਂਚ ਮਗਰੋਂ ਪੁਲਿਸ ਨੇ ਉਸ ਦੇ ਘਰੋਂ ਉਸ ਨੂੰ ਕਾਬੂ ਕੀਤਾ।

ਲੁੱਟ-ਖੋਹ ਦੇ ਇਰਾਦੇ ਨਾਲ ਆਏ ਸਨ ਡਿਲੀਵਰੀ ਬੁਆਏ
ਪੁਲਿਸ ਅਨੁਸਾਰ ਫਗਵਾੜਾ ਦੇ ਰਹਿਣ ਵਾਲੇ ਗਗਨਦੀਪ ਅਤੇ ਜਸਮੀਤ ਲੁੱਟ ਦੀ ਨੀਅਤ ਨਾਲ ਕੈਂਪਸ ਪਹੁੰਚੇ ਸਨ, ਜਿਨ੍ਹਾਂ ਨੂੰ ਸੀਸੀਟੀਵੀ ਰਾਹੀਂ ਪਛਾਣ ਕੇ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਇਲਾਵਾ ਯੂਨੀਵਰਸਿਟੀ ਅੰਦਰ ਰੈਸਟੋਰੈਂਟ ਚਲਾਉਣ ਵਾਲੇ ਅਤੇ ਸੋਸ਼ਲ ਮੀਡੀਆ 'ਤੇ ਭੜਕਾਊ ਸਮੱਗਰੀ ਪਾਉਣ ਵਾਲੇ ਜੇਮਸ ਦਹੀਆ ਅਤੇ ਜੰਮੂ ਦੇ ਡੋਡਾ ਵਾਸੀ ਸਾਹਿਲ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਯੂਨੀਵਰਸਿਟੀ ਪ੍ਰਸ਼ਾਸਨ ਨੇ ਮਾਹੌਲ ਸ਼ਾਂਤ ਕਰਨ ਲਈ 10 ਦਿਨਾਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ, ਜਦਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਪੂਰੇ ਮਾਮਲੇ 'ਤੇ ਪੁਲਿਸ ਤੋਂ ਵਿਸਥਾਰਪੂਰਵਕ ਸਟੇਟਸ ਰਿਪੋਰਟ ਮੰਗੀ ਹੈ।

