ਅਮਰੀਕਾ ’ਚ 2 ਪੰਜਾਬੀ ਕਾਰਗੋ ਚੋਰੀ ਮਾਮਲੇ ’ਚ ਦੋਸ਼ੀ ਕਰਾਰ, 2 ਮਿਲੀਅਨ ਡਾਲਰ ਦਾ ਸਮਾਨ ਚੋਰੀ ਕਰਨ ਦਾ ਮਾਮਲਾ

ਅਮਰੀਕਾ ’ਚ 2 ਪੰਜਾਬੀ ਕਾਰਗੋ ਚੋਰੀ ਮਾਮਲੇ ’ਚ ਦੋਸ਼ੀ | Nirpakh Post

ਅਮਰੀਕਾ ’ਚ 2 ਪੰਜਾਬੀ ਕਾਰਗੋ ਚੋਰੀ ਮਾਮਲੇ ’ਚ ਦੋਸ਼ੀ ਕਰਾਰ, 2 ਮਿਲੀਅਨ ਡਾਲਰ ਦਾ ਸਮਾਨ ਚੋਰੀ ਕਰਨ ਦਾ ਮਾਮਲਾ

ਅਮਰੀਕਾ ’ਚ ਅਰਸ਼ਪ੍ਰੀਤ ਸਿੰਘ ਤੇ ਵਿਕਰਮਜੀਤ ਸਿੰਘ ਨੂੰ ਕਾਰਗੋ ਚੋਰੀ ਸਾਜ਼ਿਸ਼ ਮਾਮਲੇ ’ਚ ਦੋਸ਼ੀ ਕਰਾਰ ਦਿੱਤਾ ਗਿਆ। ਮਾਮਲੇ ’ਚ 2 ਮਿਲੀਅਨ ਡਾਲਰ ਤੋਂ ਵੱਧ ਦੇ ਸਮਾਨ ਦੀ ਚੋਰੀ ਦਾ ਦੋਸ਼ ਹੈ।

ਅਮਰੀਕਾ ’ਚ 2 ਪੰਜਾਬੀ ਕਾਰਗੋ ਚੋਰੀ ਮਾਮਲੇ ’ਚ ਦੋਸ਼ੀ ਕਰਾਰ

ਅਮਰੀਕਾ ਤੋਂ ਪੰਜਾਬੀ ਭਾਈਚਾਰੇ ਨਾਲ ਜੁੜੀ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ। ਅਮਰੀਕਾ ਦੀ ਇੱਕ ਫੈਡਰਲ ਜਿਊਰੀ ਨੇ ਦੋ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਵੱਡੀ ਕਾਰਗੋ ਚੋਰੀ ਦੀ ਸਾਜ਼ਿਸ਼ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਮਾਮਲੇ ਵਿੱਚ ਅਰਸ਼ਪ੍ਰੀਤ ਸਿੰਘ, ਉਮਰ 28 ਸਾਲ, ਅਤੇ ਵਿਕਰਮਜੀਤ ਸਿੰਘ, ਉਮਰ 31 ਸਾਲ, ਦੇ ਨਾਮ ਸਾਹਮਣੇ ਆਏ ਹਨ। ਅਮਰੀਕੀ ਅਧਿਕਾਰੀਆਂ ਮੁਤਾਬਕ ਦੋਵਾਂ ’ਤੇ ਦੱਖਣੀ ਕੈਲੀਫੋਰਨੀਆ ਸਮੇਤ ਹੋਰ ਇਲਾਕਿਆਂ ਵਿੱਚ ਕਾਰਗੋ ਚੋਰੀ ਕਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦੇ ਦੋਸ਼ ਸਨ। 

ਅਮਰੀਕਾ ਦੇ ਸੈਂਟਰਲ ਡਿਸਟ੍ਰਿਕਟ ਆਫ ਕੈਲੀਫੋਰਨੀਆ ਦੇ ਅਮਰੀਕੀ ਅਟਾਰਨੀ ਦਫ਼ਤਰ ਅਨੁਸਾਰ ਇਹ ਮਾਮਲਾ ਲਗਭਗ ਮਾਰਚ 2024 ਤੋਂ ਜੂਨ 2025 ਤੱਕ ਚੱਲੀ ਕਥਿਤ ਸਾਜ਼ਿਸ਼ ਨਾਲ ਸਬੰਧਤ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਸ਼ਿਪਿੰਗ ਕੰਟਰੈਕਟ ਹਾਸਲ ਕਰਨ ਲਈ ਅਸਲ ਟਰੱਕਿੰਗ ਕੰਪਨੀਆਂ ਨੂੰ ਖਰੀਦਿਆ ਜਾਂ ਧੋਖੇ ਨਾਲ ਵਰਤਿਆ ਗਿਆ। ਇਸ ਤੋਂ ਬਾਅਦ ਵੱਖ-ਵੱਖ ਕੰਪਨੀਆਂ ਰਾਹੀਂ ਕਾਰਗੋ ਦੀਆਂ ਲੋਡਾਂ ਬੁੱਕ ਕੀਤੀਆਂ ਜਾਂਦੀਆਂ ਅਤੇ ਮਾਲ ਨੂੰ ਉਸਦੇ ਨਿਰਧਾਰਤ ਟਿਕਾਣੇ ਤੱਕ ਪਹੁੰਚਾਉਣ ਦੀ ਬਜਾਏ ਕਥਿਤ ਤੌਰ ’ਤੇ ਚੋਰੀ ਕਰ ਲਿਆ ਜਾਂਦਾ ਸੀ। 

ਰਿਪੋਰਟ ਮੁਤਾਬਕ ਇਸ ਮਾਮਲੇ ਵਿੱਚ ਚੋਰੀ ਹੋਏ ਸਮਾਨ ਦੀ ਕੀਮਤ ਘੱਟੋ-ਘੱਟ 2 ਮਿਲੀਅਨ ਅਮਰੀਕੀ ਡਾਲਰ ਦੱਸੀ ਗਈ ਹੈ। ਚੋਰੀ ਕੀਤੇ ਸਮਾਨ ਵਿੱਚ ਟੈਲੀਵਿਜ਼ਨ, ਲੈਪਟਾਪ, ਸੋਲਰ ਪੈਨਲ, ਘਰੇਲੂ ਉਪਕਰਣ ਅਤੇ ਹੋਰ ਉੱਚ ਕੀਮਤ ਵਾਲੀਆਂ ਵਸਤੂਆਂ ਸ਼ਾਮਲ ਸਨ। ਇਸ ਤੋਂ ਇਲਾਵਾ ਵੈਕਿਊਮ ਕਲੀਨਰ, LED ਲਾਈਟਾਂ, ਜੁੱਤੇ ਅਤੇ ਟਾਇਰ ਵਰਗਾ ਸਮਾਨ ਵੀ ਚੋਰੀ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। 

ਅਮਰੀਕੀ ਸਰਕਾਰੀ ਦਸਤਾਵੇਜ਼ਾਂ ਅਨੁਸਾਰ ਮਾਰਚ 2024 ਵਿੱਚ ਅਰਸ਼ਪ੍ਰੀਤ ਸਿੰਘ ਨੇ ਟੈਕਸਾਸ ਸਥਿਤ Z&F Transportation LLC ਨਾਮ ਦੀ ਕੈਰੀਅਰ ਕੰਪਨੀ ਨੂੰ ਲਗਭਗ 22,000 ਡਾਲਰ ਵਿੱਚ ਖਰੀਦਿਆ ਸੀ। ਇਸ ਤੋਂ ਬਾਅਦ ਇਸ ਕੰਪਨੀ ਦੇ ਨਾਮ ’ਤੇ ਇੱਕ ਟੈਲੀਵਿਜ਼ਨ ਦੀ ਲੋਡ ਚੁੱਕੀ ਗਈ, ਜੋ ਆਪਣੇ ਨਿਰਧਾਰਤ ਟਿਕਾਣੇ ’ਤੇ ਨਹੀਂ ਪਹੁੰਚੀ। ਬਾਅਦ ਵਿੱਚ Skyways Trucking LLC ਨਾਮ ਦੀ ਇੱਕ ਹੋਰ ਕੰਪਨੀ ਦੀ ਵਰਤੋਂ ਕਰਕੇ ਲੈਪਟਾਪ, ਟੈਲੀਵਿਜ਼ਨ, ਸੋਲਰ ਪੈਨਲ ਅਤੇ ਹੋਰ ਸਮਾਨ ਵਾਲੀਆਂ ਲੋਡਾਂ ਬੁੱਕ ਕਰਨ ਅਤੇ ਉਨ੍ਹਾਂ ਨੂੰ ਡਾਇਵਰਟ ਕਰਨ ਦੀ ਗੱਲ ਜਾਂਚ ਵਿੱਚ ਸਾਹਮਣੇ ਆਈ।

ਅਰਸ਼ਪ੍ਰੀਤ ਸਿੰਘ ਅਤੇ ਵਿਕਰਮਜੀਤ ਸਿੰਘ ਦੋਵਾਂ ਨੂੰ ਅੰਤਰਰਾਜੀ ਜਾਂ ਵਿਦੇਸ਼ੀ ਸ਼ਿਪਮੈਂਟਾਂ ਵਿੱਚੋਂ ਚੋਰੀ ਕਰਨ ਦੀ ਸਾਜ਼ਿਸ਼ ਦੇ ਇੱਕ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਹੈ। ਇਸ ਤੋਂ ਇਲਾਵਾ ਅਰਸ਼ਪ੍ਰੀਤ ਸਿੰਘ ਨੂੰ ਵਾਇਰ ਫਰਾਡ ਕਰਨ ਦੀ ਸਾਜ਼ਿਸ਼ ਦੇ ਇੱਕ ਮਾਮਲੇ ਵਿੱਚ ਵੀ ਦੋਸ਼ੀ ਕਰਾਰ ਦਿੱਤਾ ਗਿਆ। ਹਾਲਾਂਕਿ ਵਿਕਰਮਜੀਤ ਸਿੰਘ ਨੂੰ ਵਾਇਰ ਫਰਾਡ ਦੀ ਸਾਜ਼ਿਸ਼ ਨਾਲ ਸਬੰਧਤ ਇੱਕ ਹੋਰ ਦੋਸ਼ ਵਿੱਚ ਬਰੀ ਕਰ ਦਿੱਤਾ ਗਿਆ। 

ਹੁਣ ਦੋਵਾਂ ਦੀ ਸਜ਼ਾ ਸਬੰਧੀ ਸੁਣਵਾਈ 20 ਜਨਵਰੀ 2027 ਨੂੰ ਤੈਅ ਕੀਤੀ ਗਈ ਹੈ। ਅਮਰੀਕੀ ਨਿਆਂ ਵਿਭਾਗ ਮੁਤਾਬਕ ਅਰਸ਼ਪ੍ਰੀਤ ਸਿੰਘ ਨੂੰ ਸੰਬੰਧਤ ਦੋਸ਼ ਵਿੱਚ ਵੱਧ ਤੋਂ ਵੱਧ 20 ਸਾਲ ਅਤੇ ਵਿਕਰਮਜੀਤ ਸਿੰਘ ਨੂੰ ਵੱਧ ਤੋਂ ਵੱਧ 5 ਸਾਲ ਦੀ ਫੈਡਰਲ ਜੇਲ੍ਹ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅੰਤਿਮ ਸਜ਼ਾ ਅਦਾਲਤ ਵੱਲੋਂ ਤੈਅ ਕੀਤੀ ਜਾਵੇਗੀ।