DSP ਦਫ਼ਤਰ ਬਾਹਰ ਚੱਲੀਆਂ ਗੋਲੀਆਂ, ਦਫ਼ਤਰ ਅੰਦਰ ਵੀ ਦਾਖ਼ਲ ਹੋਏ ਹਮਲਾਵਰ; 2 ਕਾਬੂ, ਨਾਜਾਇਜ਼ ਪਿਸਤੌਲ ਬਰਾਮਦ
ਬਾਈਕਾਂ 'ਤੇ ਸਵਾਰ ਹੋ ਕੇ ਆਏ ਸਨ ਬਦਮਾਸ਼; ਪੁਲਿਸ ਨੇ ਇਲਾਕਾ ਘੇਰ ਕੇ ਦੋ ਨੌਜਵਾਨਾਂ ਨੂੰ ਦਬੋਚਿਆ, ਗੈਂਗਸਟਰ ਤੇ ਅੱਤਵਾਦੀ ਐਂਗਲ ਤੋਂ ਜਾਂਚ ਸ਼ੁਰੂ
ਜਲਾਲਾਬਾਦ: ( ਮਨਜੀਤ ਕੌਰ )
ਜ਼ਿਲ੍ਹਾ ਫ਼ਾਜ਼ਿਲਕਾ ਦੇ ਜਲਾਲਾਬਾਦ ਵਿੱਚ ਵੱਡੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਬੇਖੌਫ਼ ਬਦਮਾਸ਼ਾਂ ਵੱਲੋਂ ਡੀਐੱਸਪੀ (DSP) ਦਫ਼ਤਰ ਦੇ ਬਾਹਰ ਫਾਇਰਿੰਗ ਕੀਤੀ ਗਈ। ਜਾਣਕਾਰੀ ਅਨੁਸਾਰ ਵੀਰਵਾਰ ਸ਼ਾਮ ਕਰੀਬ 7 ਵਜੇ 3-4 ਮੋਟਰਸਾਈਕਲਾਂ 'ਤੇ ਸਵਾਰ ਨੌਜਵਾਨ ਲਾਲ ਬੱਤੀ ਚੌਕ ਵੱਲੋਂ ਆਏ ਅਤੇ ਡੀਐੱਸਪੀ ਲਵਦੀਪ ਸਿੰਘ ਗਿੱਲ ਦੇ ਦਫ਼ਤਰ ਵੱਲ ਗੋਲੀਆਂ ਚਲਾ ਦਿੱਤੀਆਂ। ਫਾਇਰਿੰਗ ਤੋਂ ਬਾਅਦ ਕੁਝ ਹਮਲਾਵਰ ਦਫ਼ਤਰ ਦੇ ਅੰਦਰ ਵੀ ਦਾਖ਼ਲ ਹੋ ਗਏ।
ਘਟਨਾ ਤੋਂ ਤੁਰੰਤ ਬਾਅਦ ਹਰਕਤ ਵਿੱਚ ਆਈ ਪੁਲਿਸ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰਕੇ ਦੋ ਨੌਜਵਾਨਾਂ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ, ਜਦਕਿ ਬਾਕੀ ਮੁਲਜ਼ਮ ਫ਼ਰਾਰ ਹੋਣ ਵਿੱਚ ਕਾਮਯਾਬ ਰਹੇ।
ਨਾਜਾਇਜ਼ .32 ਬੋਰ ਪਿਸਤੌਲ ਬਰਾਮਦ
ਸਿਟੀ ਜਲਾਲਾਬਾਦ ਦੇ ਐੱਸਐੱਚਓ (SHO) ਮੋਹਿਤ ਧਵਨ ਨੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ:
-
ਸੋਨਾ ਸਿੰਘ ਉਰਫ਼ ਸੋਨੂੰ (ਵਾਸੀ: ਅਮੀਰ ਖਾਸ)
-
ਅਕਾਸ਼ ਪੁੱਤਰ ਪਰਮਜੀਤ (ਵਾਸੀ: ਥਾਣਾ ਵੈਰੋਕਾ ਖੇਤਰ)
ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਨਾਜਾਇਜ਼ .32 ਬੋਰ ਪਿਸਤੌਲ ਬਰਾਮਦ ਕੀਤਾ ਹੈ। ਫੋਰੈਂਸਿਕ ਟੀਮ ਜਾਂਚ ਕਰ ਰਹੀ ਹੈ ਕਿ ਕੀ ਦਫ਼ਤਰ ਬਾਹਰ ਚੱਲੀ ਗੋਲੀ ਇਸੇ ਹਥਿਆਰ ਵਿੱਚੋਂ ਚਲਾਈ ਗਈ ਸੀ।

3 ਰਾਊਂਡ ਫਾਇਰਿੰਗ ਦਾ ਦਾਅਵਾ, ਪੁਲਿਸ ਵੱਲੋਂ ਪੁੱਛਗਿੱਛ ਜਾਰੀ
ਐੱਸਐੱਚਓ ਅਨੁਸਾਰ ਸ਼ੁਰੂਆਤੀ ਰਿਪੋਰਟਾਂ ਵਿੱਚ ਇੱਕ ਫਾਇਰ ਹੋਣ ਦੀ ਗੱਲ ਕਹੀ ਗਈ ਸੀ, ਪਰ ਮੌਕੇ 'ਤੇ 3 ਰਾਊਂਡ ਫਾਇਰਿੰਗ ਹੋਣ ਦੇ ਦਾਅਵੇ ਦੀ ਵੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰ ਨੌਜਵਾਨਾਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਇਸ ਹਮਲੇ ਪਿੱਛੇ ਕੀ ਮਕਸਦ ਸੀ ਅਤੇ ਕੀ ਉਨ੍ਹਾਂ ਦਾ ਕੋਈ ਗੈਂਗਸਟਰ ਜਾਂ ਅੱਤਵਾਦੀ ਸੰਗਠਨ ਨਾਲ ਸਬੰਧ ਹੈ। ਫ਼ਰਾਰ ਸਾਥੀਆਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ।

