ਚੇਅਰਮੈਨ ਦਲਵੀਰ ਸਿੰਘ ਢਿੱਲੋਂ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਸਬੰਧੀ ਵਲੰਟੀਅਰਜ਼ ਨਾਲ ਬੈਠਕ
ਧੂਰੀ/ਸੰਗਰੂਰ, 5 ਦਸੰਬਰ:
ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਵਿੱਚ ਹਰੇਕ ਘਰ ਤੱਕ ਪਹੁੰਚ ਬਣਾ ਕੇ ਪਿਛਲੇ ਪੌਣੇ ਚਾਰ ਸਾਲ 'ਚ ਕੀਤੇ ਵਿਕਾਸ ਕਾਰਜਾਂ ਤੇ ਲੋਕਾਂ ਦੇ ਕੀਤੇ ਕੰਮ ਦੇ ਆਧਾਰ 'ਤੇ ਵੋਟਾਂ ਪਾਉਣ ਲਈ ਲੋਕਾਂ ਨੂੰ ਅਪੀਲ ਕੀਤੀ ਜਾਵੇਗੀ। ਇਹ ਪ੍ਰਗਟਾਵਾਂ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਸਬੰਧੀ ਵਲੰਟੀਅਰਜ਼ ਨਾਲ ਬੈਠਕ ਕਰਦਿਆਂ ਕੀਤਾ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਿਛਲੇ ਪੌਣੇ ਚਾਰ ਸਾਲ ਵਿੱਚ ਸੂਬੇ ਦਾ ਸਰਵਪੱਖੀ ਵਿਕਾਸ ਹੋਇਆ ਹੈ ਅਤੇ ਇਸ ਵਿਕਾਸ ਦੇ ਏਜੰਡੇ ਉੱਤੇ ਹੀ ਚੋਣ ਲੜੀ ਜਾਵੇਗੀ। ਉਹਨਾਂ ਵਲੰਟੀਅਰਜ਼ ਨੂੰ ਚੋਣਾਂ ਲਈ ਲਾਮਬੰਦ ਕਰਦਿਆਂ ਕਿਹਾ ਕਿ ਵਿਕਾਸ ਦੇ ਪਹੀਏ ਨੂੰ ਹੋਰ ਤੇਜ਼ ਕਰਨ ਲਈ ਇਨ੍ਹਾਂ ਚੋਣਾਂ ਦੀ ਖ਼ਾਸ ਅਹਿਮੀਅਤ ਹੈ ਕਿਉਂਕਿ ਪੰਚਾਇਤ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਲੋਕਤੰਤਰ ਦੀਆਂ ਅਹਿਮ ਇਕਾਈਆਂ ਹਨ ਤੇ ਇੱਥੋਂ ਭੇਜੇ ਪ੍ਰੋਜੈਕਟ ਹੀ ਉਪਰ ਸਰਕਾਰ ਵੱਲੋਂ ਪਾਸ ਕੀਤੇ ਜਾਂਦੇ ਹਨ।
ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਵਲੰਟੀਅਰਜ਼ ਨੂੰ ਡੋਰ ਟੂ ਡੋਰ ਮੁਹਿੰਮ ਤੇ ਨੁੱਕੜ ਮੀਟਿੰਗਾਂ ਰਾਹੀਂ ਲੋਕਾਂ ਨਾਲ ਸਿੱਧਾ ਰਾਬਤਾ ਬਣਾਉਣ ਲਈ ਕਿਹਾ। ਉਹਨਾਂ ਬਾਲੀਆਂ ਜ਼ੋਨ ਤੋਂ ਚੋਣ ਲੜ ਰਹੇ ਹਰਜਿੰਦਰ ਸਿੰਘ ਕਾਂਝਲਾ ਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਜ਼ਮੀਨੀ ਪੱਧਰ ਉੱਤੇ ਲੋਕਾਂ ਨਾਲ ਸਿੱਧਾ ਰਾਬਤਾ ਕਰਕੇ ਆਮ ਆਦਮੀ ਪਾਰਟੀ ਵੱਲੋਂ ਆਪਣੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਸਬੰਧੀ ਲੋਕਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਕਿਹਾ।
ਇਸ ਮੌਕੇ ਬਲਾਕ ਪ੍ਰਧਾਨ ਨਰੇਸ਼ ਸਿੰਗਲਾ, ਗੁਰਚਰਨ ਸਿੰਘ, ਸੁਰਜੀਤ ਸਿੰਘ, ਰਮਨਦੀਪ ਸਿੰਘ, ਨਵਜੋਤ ਕੌਰ, ਪੁਸ਼ਪਿੰਦਰ ਸ਼ਰਮਾ, ਸੁਖਪਾਲ ਪਾਲਾ ਤੇ ਬਖਸ਼ੀਸ ਸਿੰਘ ਸਮੇਤ ਪਿੰਡ ਬੁੱਗਰਾ, ਕਾਂਝਲਾ, ਹਸਨਪੁਰ, ਪੁੰਨਾਵਾਲ, ਰਾਜੋਮਾਜਰਾ, ਬਾਲੀਆਂ, ਧੰਦੀਵਾਲ, ਕੁੰਬੜਵਾਲ, ਕਿਲਾ ਹਕੀਮ, ਰਾਮਗੜ੍ਹ, ਬਟੂਹਾ, ਅਲਾਲ, ਮੁਲੋਵਾਲ, ਸੁਲਤਾਨਪੁਰ, ਬੇਨੜਾ, ਕਾਂਝਲੀ, ਲੱਡਾ, ਨੱਤ, ਨਾਇਕ ਬਸਤੀ ਲੱਡਾ, ਰੰਗੀਆਂ, ਰਣੀਕੇ, ਕੱਕੜਵਾਲ, ਪੇਦਨੀ ਕਲਾਂ ਤੇ ਧੂਰੀ ਪਿੰਡ ਦੇ ਵਲੰਟੀਅਰ ਮੌਜੂਦ ਸਨ।


