ਲੇਖਕ ਰੋਹਿਤ ਕਾਲੜਾ ਦੀ 17ਵੀਂ ਕਿਤਾਬ ਦੀ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਸ਼੍ਰੀ ਵਿਮਲ ਸੇਤੀਆ ਆਈ.ਏ.ਐੱਸ. ਨੇ ਕੀਤੀ ਘੁੰਡ ਚੁਕਾਈ
ਮਲੋਟ/ਸ੍ਰੀ ਮੁਕਤਸਰ ਸਾਹਿਬ, 04 ਦਸੰਬਰ: -
ਮਲੋਟ ਸ਼ਹਿਰ ਅਤੇ ਮਲੋਟ ਬਲਾਕ ਦੇ ਪਿੰਡਾਂ ਦਾ ਇਤਿਹਾਸ ਲਿਖਣ ਵਾਲੇ ਨੌਜਵਾਨ ਲੇਖਕ ਰੋਹਿਤ ਕਾਲੜਾ ਦੀ 17ਵੀਂ ਕਿਤਾਬ 'ਪੰਨੇ ਮਲੋਟ ਦੇ' ਦੀ ਘੁੰਡ ਚੁਕਾਈ ਅੱਜ ਆਪਣੀ ਰਿਹਾਇਸ਼ ’ਤੇ ਮਲੋਟ ਇਲਾਕੇ ਦੇ ਜੰਮਪਲ ਅਤੇ ਇਲਾਕੇ ਦੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਦੇ ਡਾਇਰੈਕਟਰ ਸ਼੍ਰੀ ਵਿਮਲ ਸੇਤੀਆ ਆਈ.ਏ.ਐੱਸ ਨੇ ਕੀਤੀ।
ਇਸ ਮੌਕੇ ਉਨ੍ਹਾਂ ਦੀ ਧਰਮਪਤਨੀ ਸ਼੍ਰੀਮਤੀ ਅਨੁਰਾਧਾ ਸੇਤੀਆ ਅਤੇ ਉਨ੍ਹਾਂ ਦੇ ਹੋਣਹਾਰ ਸਪੁੱਤਰ ਉੱਭਰਦੇ ਲੇਖਕ ਮਾਧਵ ਸੇਤੀਆ ਵਿਸ਼ੇਸ਼ ਤੌਰ ’ਤੇ ਹਾਜਰ ਸਨ, ਇਸ ਦੌਰਾਨ ਸ਼੍ਰੀ ਵਿਮਲ ਸੇਤੀਆ ਨੇ ਨੌਜਵਾਨ ਲੇਖਕ ਰੋਹਿਤ ਕਾਲੜਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ 2009 ਤੋਂ ਹਰ ਸਾਲ ਮਲੋਟ ਦੇ ਵੱਖ-ਵੱਖ ਵਿਸ਼ਿਆਂ ਅਤੇ ਮੁੱਦਿਆਂ 'ਤੇ ਕਿਤਾਬ ਪ੍ਰਕਾਸ਼ਿਤ ਕਰ ਰਹੇ ਹਨ। ਰੋਹਿਤ ਕਾਲੜਾ ਨੇ ਛੋਟੀ ਉਮਰ ਵਿੱਚ ਇਲਾਕਾ ਵਾਸੀਆਂ ਨੂੰ ਇਕ ਸੌਗਾਤ ਦਿੱਤੀ ਹੈ ਜਿਸ ਤੋਂ ਨੌਜਵਾਨ ਪੀੜ੍ਹੀ ਨੂੰ ਸੇਧ ਲੈਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਰੋਹਿਤ ਕਾਲੜਾ ਨਾਲ ਉਨ੍ਹਾਂ ਦਾ ਸੰਬੰਧ 2009 ਤੋਂ ਉਸ ਸਮੇਂ ਤੋਂ ਹੈ ਜਦੋਂ ਉਹ ਮਲੋਟ ਸ਼ਹਿਰ ਦੇ ਇਤਿਹਾਸ ’ਤੇ ਖੋਜ ਕਰ ਰਹੇ ਸਨ ਅਤੇ ਹਰ ਸਾਲ ਉਹ ਮਲੋਟ ਨੂੰ ਆਪਣੀ ਕਿਤਾਬ ਰਾਹੀਂ ਵੱਖਰੇ ਢੰਗ ਨਾਲ ਜੋੜ ਰਹੇ ਹਨ, ਇਸਦੇ ਨਾਲ ਹੀ ਸ਼੍ਰੀ ਸੇਤੀਆ ਨੇ ਆਪਣੇ ਸਫਲ ਜੀਵਨ ਦਾ ਸਿਹਰਾ ਮਲੋਟ ਵਾਸੀਆਂ ਖਾਸਕਰ ਆਪਣੇ ਬਜ਼ੁਰਗਾਂ ਨੂੰ ਦਿੰਦੇ ਹੋਏ ਨੌਜਵਾਨਾਂ ਨੂੰ ਮਿਹਨਤ ਨਾਲ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ, ਇਸ ਮੌਕੇ ਲੇਖਕ ਰੋਹਿਤ ਕਾਲੜਾ ਨੇ ਆਪਣੀ ਇਸ ਕਿਤਾਬ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਕਿਤਾਬ ਵਿੱਚ 2023-25 ਦੇ ਮਲੋਟ ਸ਼ਹਿਰ ਦੇ ਹਾਲਾਤ, ਸਮੱਸਿਆਵਾਂ ਅਤੇ ਉਨ੍ਹਾਂ ਸ਼ਖ਼ਸੀਅਤਾਂ ਦੀ ਜੀਵਨੀ ਪ੍ਰਕਾਸ਼ਿਤ ਕੀਤੀ ਗਈ ਹੈ ਜਿੰਨਾਂ ਨੇ ਇਸ ਇਲਾਕੇ ਦਾ ਨਾਂ ਵੱਖ ਵੱਖ ਖੇਤਰਾਂ ਵਿਚ ਰੌਸ਼ਨ ਕੀਤਾ ਹੈ।
ਇਹ ਵੀ ਜਿਕਰਯੋਗ ਹੈ ਕਿ ਸਟੇਟ ਪੱਧਰ ’ਤੇ ਸਵਾਭਿਮਾਨ ਐਵਾਰਡ ਜੇਤੂ ਰੋਹਿਤ ਕਾਲੜਾ ਨੂੰ ਸਿਰਫ 19 ਸਾਲ ਦੀ ਉਮਰ ਵਿੱਚ ਮਲੋਟ ਦਾ 165 ਸਾਲਾਂ ਦਾ ਇਤਿਹਾਸ ਲਿਖਣ ਦਾ ਵੀ ਮਾਣ ਹਾਸਲ ਹੋਇਆ ਹੈ।


