ਮਾਰਚ 2027 ਤੱਕ ਹਟ ਜਾਣਗੇ ਦੇਸ਼ ਦੇ ਸਾਰੇ ਟੋਲ ਬੈਰੀਅਰ! ਨਿਤਿਨ ਗਡਕਰੀ ਦਾ ਵੱਡਾ ਐਲਾਨ
ਨਵੀਂ ਦਿੱਲੀ: ਨੈਸ਼ਨਲ ਹਾਈਵੇਅ (NH) 'ਤੇ ਲੰਬੇ ਸਫ਼ਰ ਦੌਰਾਨ ਟੋਲ ਪਲਾਜ਼ਿਆਂ 'ਤੇ ਲੱਗਣ ਵਾਲੀਆਂ ਲੰਬੀਆਂ ਲਾਈਨਾਂ ਅਤੇ ਬੈਰੀਅਰਾਂ ਤੋਂ ਬਹੁਤ ਜਲਦ ਮੁਕਤੀ ਮਿਲਣ ਜਾ ਰਹੀ ਹੈ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਮੁੰਬਈ 'ਚ ਚੱਲ ਰਹੇ ਗਲੋਬਲ ਫਿਨਟੈਕ ਫੈਸਟ (GFF 2026) ਦੌਰਾਨ ਦੇਸ਼ ਦੇ ਹਾਈਵੇਅ ਸਫ਼ਰ ਨੂੰ ਲੈ ਕੇ ਇੱਕ ਬਹੁਤ ਵੱਡਾ ਐਲਾਨ ਕੀਤਾ ਹੈ।
ਮੰਤਰੀ ਨੇ ਦੱਸਿਆ ਕਿ ਸਰਕਾਰ ਮਾਰਚ 2027 ਤੱਕ ਦੇਸ਼ ਦੇ ਸਾਰੇ ਟੋਲ ਪਲਾਜ਼ਿਆਂ ਨੂੰ ਪੂਰੀ ਤਰ੍ਹਾਂ 'ਬੈਰੀਅਰ ਫ੍ਰੀ' (Barrier-Free) ਬਣਾਉਣ ਦੀ ਤਿਆਰੀ ਕਰ ਚੁੱਕੀ ਹੈ। ਦਸੰਬਰ 2026 ਤੱਕ ਹੀ ਲਗਭਗ 60 ਤੋਂ 70 ਫੀਸਦੀ ਟੋਲ ਪਲਾਜ਼ਿਆਂ ਤੋਂ ਬੈਰੀਅਰ ਹਟਾ ਦਿੱਤੇ ਜਾਣਗੇ।
ਕਿਵੇਂ ਕੰਮ ਕਰੇਗਾ ਇਹ ਨਵਾਂ 'ਹਾਈ-ਟੈਕ' ਸਿਸਟਮ?
ਗਡਕਰੀ ਮੁਤਾਬਕ, ਇਹ ਨਵੀਂ ਪ੍ਰਣਾਲੀ ਮਲਟੀ-ਲੇਨ ਫ੍ਰੀ ਫਲੋ (MLFF) ਅਤੇ AI-ਆਧਾਰਿਤ ਆਟੋਮੈਟਿਕ ਨੰਬਰ ਪਲੇਟ ਰਿਕੋਗਨੀਸ਼ਨ (ANPR) ਤਕਨਾਲੋਜੀ 'ਤੇ ਆਧਾਰਿਤ ਹੋਵੇਗੀ।
-
ਸੜਕਾਂ 'ਤੇ ਹਾਈ-ਟੈਕ ਕੈਮਰੇ (Overhead Gantry) ਲਗਾਏ ਜਾਣਗੇ।
-
ਗੱਡੀ ਚਾਹੇ 80-100 ਦੀ ਰਫ਼ਤਾਰ 'ਚ ਲੰਘੇ, ਕੈਮਰੇ ਚਲਦੀ ਗੱਡੀ ਦੀ ਨੰਬਰ ਪਲੇਟ ਪੜ੍ਹ ਕੇ ਆਪਣੇ ਆਪ FASTag ਖਾਤੇ 'ਚੋਂ ਟੋਲ ਕੱਟ ਲੈਣਗੇ।
-
ਵਾਹਨ ਚਾਲਕਾਂ ਨੂੰ ਟੋਲ 'ਤੇ ਆਪਣੀ ਗੱਡੀ ਧੀਮੀ ਜਾਂ ਰੋਕਣੀ ਨਹੀਂ ਪਵੇਗੀ।
'One Tag' ਸੁਵਿਧਾ: ਹੁਣ ਬੈਂਕ ਬਦਲਣਾ ਹੋਇਆ ਹੋਰ ਵੀ ਆਸਾਨ
ਇਸੇ ਸਮਾਗਮ ਦੌਰਾਨ ਨਿਤਿਨ ਗਡਕਰੀ ਨੇ 'OneTag' ਨਾਮਕ ਫੀਚਰ ਵੀ ਲਾਂਚ ਕੀਤਾ। ਜਿਵੇਂ ਅਸੀਂ ਆਪਣਾ ਮੋਬਾਈਲ ਨੰਬਰ ਬਦਲੇ ਬਿਨਾਂ ਕੰਪਨੀ (Port) ਬਦਲ ਲੈਂਦੇ ਹਾਂ, ਠੀਕ ਉਸੇ ਤਰ੍ਹਾਂ ਹੁਣ ਵਾਹਨ ਮਾਲਕਾਂ ਨੂੰ ਬੈਂਕ ਬਦਲਣ ਲਈ ਪੁਰਾਣਾ ਫਾਸਟੈਗ ਉਤਾਰ ਕੇ ਨਵਾਂ ਖਰੀਦਣ ਦੀ ਲੋੜ ਨਹੀਂ ਪਵੇਗੀ। ਇੱਕੋ ਟੈਗ 'ਤੇ ਬੈਂਕ ਪੋਰਟੇਬਿਲਟੀ ਹੋ ਜਾਵੇਗੀ।

ਆਮ ਜਨਤਾ ਅਤੇ ਦੇਸ਼ ਨੂੰ ਕੀ ਹੋਵੇਗਾ ਫਾਇਦਾ?
-
ਕਰੋੜਾਂ ਦਾ ਡੀਜ਼ਲ-ਪੈਟਰੋਲ ਬਚੇਗਾ: ਟੋਲ 'ਤੇ ਗੱਡੀਆਂ ਦੇ ਖੜ੍ਹੇ ਰਹਿਣ ਨਾਲ ਹਰ ਸਾਲ ਅਰਬਾਂ ਰੁਪਏ ਦਾ ਈਂਧਨ ਬਰਬਾਦ ਹੁੰਦਾ ਹੈ। ਨਵੇਂ ਸਿਸਟਮ ਨਾਲ ਸਾਲਾਨਾ ਲਗਭਗ 5,250 ਕਰੋੜ ਰੁਪਏ ਦੇ ਤੇਲ ਦੀ ਬਚਤ ਹੋਵੇਗੀ।
-
ਸਮੇਂ ਦੀ ਬਚਤ: ਟੋਲ 'ਤੇ ਲੱਗਣ ਵਾਲੇ 10 ਤੋਂ 20 ਮਿੰਟਾਂ ਦਾ ਇੰਤਜ਼ਾਰ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗਾ।
-
ਸਰਕਾਰੀ ਖਜ਼ਾਨੇ 'ਚ ਵਾਧਾ: ਟੋਲ ਵਸੂਲੀ ਵਿੱਚ ਪਾਰਦਰਸ਼ਤਾ ਆਉਣ ਨਾਲ ਸਰਕਾਰ ਨੂੰ ਸਾਲਾਨਾ ਟੋਲ ਮਾਲੀਏ 'ਚ ਲਗਭਗ 10,000 ਕਰੋੜ ਰੁਪਏ ਦਾ ਵਾਧਾ ਹੋਣ ਦੀ ਉਮੀਦ ਹੈ।
ਗਡਕਰੀ ਨੇ ਦਾਅਵਾ ਕੀਤਾ ਕਿ ਭਵਿੱਖ ਦੇ ਭਾਰਤੀ ਹਾਈਵੇਅ ਪੂਰੀ ਤਰ੍ਹਾਂ ਸਮਾਰਟ, ਕੈਸ਼ਲੇਸ ਅਤੇ ਬਿਨਾਂ ਕਿਸੇ ਰੁਕਾਵਟ ਵਾਲੇ ਹੋਣਗੇ।

