ਸਤਿਕਾਰ ਸਖੀਆਂ ਦੇ ਸਨਮਾਨ ਨਾਲ ਮਹਿਲਾਵਾਂ ਦਾ ਆਤਮ-ਵਿਸ਼ਵਾਸ ਹੋ ਰਿਹੈ ਮਜ਼ਬੂਤ : ਡਾ. ਰਵਜੋਤ ਸਿੰਘ

ਸਤਿਕਾਰ ਸਖੀਆਂ ਦੇ ਸਨਮਾਨ ਨਾਲ ਮਹਿਲਾਵਾਂ ਦਾ ਆਤਮ-ਵਿਸ਼ਵਾਸ ਹੋ ਰਿਹੈ ਮਜ਼ਬੂਤ : ਡਾ. ਰਵਜੋਤ ਸਿੰਘ

ਹੁਸ਼ਿਆਰਪੁਰ, 11 ਸਤੰਬਰ: ਪੰਜਾਬ ਸਰਕਾਰ ਦੀ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਨੂੰ ਘਰ-ਘਰ ਤੱਕ ਪਹੁੰਚਾਉਣ ਵਾਲੀਆਂ ਸਤਿਕਾਰ ਸਖੀਆਂ ਦੇ ਸਨਮਾਨ ਲਈ ਅੱਜ ਇਥੇ ਵਿਸ਼ੇਸ਼ ਸਮਾਗਮ ਦੌਰਾਨ ਪੰਜਾਬ ਦੇ ਜੇਲਾਂ ਅਤੇ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਡਾ. ਰਵਜੋਤ ਸਿੰਘ ਨੇ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਦੀਆਂ 1100 ਤੋਂ ਵੱਧ ਸਤਿਕਾਰ ਸਖੀਆਂ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦੀ ਸਮਰਪਣ ਭਾਵਨਾ, ਮਿਹਨਤ ਅਤੇ ਸਮਾਜ ਪ੍ਰਤੀ ਸੇਵਾ ਦੀ ਸ਼ਲਾਘਾ ਕੀਤੀ।

           ਡਾ. ਰਵਜੋਤ ਸਿੰਘ ਨੇ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਮਹਿਲਾਵਾਂ ਨੂੰ ਸਿਰਫ਼ ਆਰਥਿਕ ਸਹਾਇਤਾ ਦੇਣ ਤੱਕ ਸੀਮਤ ਨਹੀਂ ਹੈ, ਸਗੋਂ ਉਨ੍ਹਾਂ ਨੂੰ ਸਨਮਾਨ, ਅਧਿਕਾਰਾਂ ਦੀ ਜਾਣਕਾਰੀ ਅਤੇ ਆਤਮਨਿਰਭਰ ਬਣਨ ਦੇ ਮੌਕੇ ਵੀ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਇਸੇ ਸੋਚ ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਜਿਸ ਤਹਿਤ ਰੱਖੜੀ ਦੇ ਮੌਕੇ ’ਤੇ ਪੰਜਾਬ ਦੀਆਂ 75 ਲੱਖ ਤੋਂ ਵੱਧ ਮਹਿਲਾਵਾਂ ਨੂੰ ਆਰਥਿਕ ਸਹਾਇਤਾ ਦਾ ਲਾਭ ਮਿਲਿਆ ਹੈ।

       ਕੈਬਨਿਟ ਮੰਤਰੀ ਨੇ ਕਿਹਾ ਕਿ ਕਿਸੇ ਵੀ ਸਰਕਾਰੀ ਯੋਜਨਾ ਦੀ ਸਫਲਤਾ ਤਾਂ ਹੀ ਯਕੀਨੀ ਹੁੰਦੀ ਹੈ, ਜਦੋਂ ਇਸ ਦਾ ਲਾਭ ਯੋਗ ਲਾਭਪਾਤਰੀਆਂ ਅਤੇ ਜ਼ਮੀਨੀ ਪੱਧਰ ਤੱਕ ਪਹੁੰਚੇ ਅਤੇ ਸ਼ਾਮਚੁਰਾਸੀ ਦੀਆਂ ਸਤਿਕਾਰ ਸਖੀਆਂ ਨੇ ਇਹ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਹੈ। ਉਨ੍ਹਾਂ ਨੇ ਮਹਿਲਾਵਾਂ ਨੂੰ ਯੋਜਨਾ ਸਬੰਧੀ ਜਾਣਕਾਰੀ ਦੇਣ, ਯੋਗ ਲਾਭਪਾਤਰੀਆਂ ਤੱਕ ਪਹੁੰਚ ਬਣਾਉਣ ਅਤੇ ਰਜਿਸਟ੍ਰੇਸ਼ਨ ਲਈ ਪ੍ਰੇਰਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਜਿਸ ਸਦਕਾ ਵੱਡੀ ਗਿਣਤੀ ਵਿੱਚ ਮਾਵਾਂ ਅਤੇ ਧੀਆਂ ਨੂੰ ਸਰਕਾਰ ਦੀ ਇਸ ਪਹਿਲਕਦਮੀ ਦਾ ਲਾਭ ਮਿਲ ਰਿਹਾ ਹੈ।  ਕੈਬਨਿਟ ਮੰਤਰੀ ਨੇ ਕਿਹਾ ਕਿ ਸਤਿਕਾਰ ਸਖੀਆਂ ਸਿਰਫ਼ ਯੋਜਨਾ ਦੀ ਜਾਣਕਾਰੀ ਦੇਣ ਵਾਲੀਆਂ ਨੁਮਾਇੰਦੀਆਂ ਨਹੀਂ ਹਨ, ਸਗੋਂ ਉਹ ਮਹਿਲਾਵਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਅਤੇ ਸਰਕਾਰੀ ਸਹੂਲਤਾਂ ਨਾਲ ਜੋੜਨ ਵਾਲੀ ਇੱਕ ਮਹੱਤਵਪੂਰਨ ਕੜੀ ਹਨ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮਹਿਲਾਵਾਂ ਦੇ ਸਨਮਾਨ, ਸੁਰੱਖਿਆ ਅਤੇ ਸਸ਼ਕਤੀਕਰਨ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ ਅਤੇ ਸਰਕਾਰ ਦਾ ਉਦੇਸ਼ ਹੈ ਕਿ ਹਰ ਮਹਿਲਾ ਨੂੰ ਆਪਣੇ ਅਧਿਕਾਰਾਂ ਦੀ ਜਾਣਕਾਰੀ ਹੋਵੇ ਅਤੇ ਉਹ ਆਰਥਿਕ ਤੇ ਸਮਾਜਿਕ ਤੌਰ ’ਤੇ ਮਜ਼ਬੂਤ ਬਣੇ।

             ਇਸ ਮੌਕੇ ਡਾ. ਰਵਜੋਤ ਸਿੰਘ ਨੇ ਸਾਰੀਆਂ ਸਤਿਕਾਰ ਸਖੀਆਂ ਨੂੰ ਉਨ੍ਹਾਂ ਦੇ ਯੋਗਦਾਨ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮਹਿਲਾਵਾਂ ਦਾ ਸਨਮਾਨ ਸਿਰਫ਼ ਇੱਕ ਸਮਾਗਮ ਤੱਕ ਸੀਮਤ ਨਹੀਂ ਹੈ, ਸਗੋਂ ਇਹ ਸਮਾਜ ਦੀ ਤਰੱਕੀ ਅਤੇ ਖੁਸ਼ਹਾਲੀ ਦਾ ਆਧਾਰ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹਿਲਾ ਵਿੰਗ ਦੀ ਇੰਚਾਰਜ ਰਜਵੰਤ ਕੌਰ ਧਾਮੀ, ਪਰਵਿੰਦਰ ਸਿੰਘ ਸੱਜਣ, ਲਵਦੀਪ ਸਿੰਘ ਗਿੱਲ, ਕਮਲ ਧੂਤ, ਸਰਪੰਚ ਰਵਿੰਦਰ ਕੌਰ, ਸਰਪੰਚ ਮੀਨਾ ਰਾਣੀ, ਕੰਚਨ ਦਿਓਲ ਅਤੇ ਹੋਰ ਮੋਹਤਬਰ ਮੌਜੂਦ ਸਨ।