ਪੰਜਾਬ ’ਚ ਬਿਜਲੀ ਸੰਕਟ ਦਾ ਖ਼ਦਸ਼ਾ: ਪ੍ਰਾਈਵੇਟ ਥਰਮਲ ਪਲਾਂਟਾਂ ਕੋਲ ਸਿਰਫ਼ 3 ਦਿਨਾਂ ਦਾ ਕੋਲਾ
ਪੰਜਾਬ ਵਿੱਚ ਬਿਜਲੀ ਸੰਕਟ ਮੁੜ ਗੰਭੀਰ ਰੂਪ ਧਾਰਨ ਕਰਦਾ ਦਿਖਾਈ ਦੇ ਰਿਹਾ ਹੈ। ਸੂਬੇ ਦੇ ਪ੍ਰਾਈਵੇਟ ਥਰਮਲ ਪਲਾਂਟਾਂ ਕੋਲ ਮਹਿਜ਼ 3 ਦਿਨਾਂ ਦਾ ਕੋਲਾ ਸਟਾਕ ਬਚਿਆ ਹੈ। ਜੇਕਰ ਅਗਲੇ ਤਿੰਨ ਦਿਨਾਂ ਅੰਦਰ ਨਵੀਂ ਸਪਲਾਈ ਨਾ ਪਹੁੰਚੀ ਤਾਂ ਇਨ੍ਹਾਂ ਪਲਾਂਟਾਂ ਵਿੱਚ ਬਿਜਲੀ ਉਤਪਾਦਨ ਠੱਪ ਹੋ ਸਕਦਾ ਹੈ, ਜਿਸ ਕਾਰਨ ਸੂਬੇ ਵਿੱਚ ਲੰਬੇ ਬਿਜਲੀ ਕੱਟ ਲੱਗਣ ਦਾ ਖ਼ਦਸ਼ਾ ਬਣ ਗਿਆ ਹੈ। ਹਾਲਾਂਕਿ, ਕੇਂਦਰ ਸਰਕਾਰ ਦੇ ਕੋਲਾ ਮੰਤਰਾਲੇ ਨੇ ਕੋਲੇ ਦੀ ਕਿਸੇ ਵੀ ਤਰ੍ਹਾਂ ਦੀ ਕਮੀ ਤੋਂ ਇਨਕਾਰ ਕਰਦਿਆਂ ਪੰਜਾਬ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ।
ਪੰਜਾਬ ਦਾ ਦਾਅਵਾ: ਮੰਗ 15,900 MW, ਉਤਪਾਦਨ ਅੱਧਾ ਪੰਜਾਬ ਵਿੱਚ ਇਸ ਸਮੇਂ ਬਿਜਲੀ ਦੀ ਕੁੱਲ ਮੰਗ ਲਗਭਗ 15,900 ਮੈਗਾਵਾਟ ਤੱਕ ਪਹੁੰਚ ਚੁੱਕੀ ਹੈ, ਜਦਕਿ ਸੂਬੇ ਦਾ ਆਪਣਾ ਅੰਦਰੂਨੀ ਉਤਪਾਦਨ ਮਹਿਜ਼ 4,862 ਮੈਗਾਵਾਟ ਹੀ ਹੈ। ਪਾਵਰਕਾਮ (PSPCL) ਨੂੰ ਤਕਰੀਬਨ 11,100 ਮੈਗਾਵਾਟ ਬਿਜਲੀ ਕੇਂਦਰੀ ਪੂਲ ਅਤੇ ਬਾਹਰੀ ਸਰੋਤਾਂ ਤੋਂ ਖ਼ਰੀਦਣੀ ਪੈ ਰਹੀ ਹੈ।
ਸੂਬੇ ਦੇ ਪੰਜ ਪ੍ਰਮੁੱਖ ਥਰਮਲ ਪਲਾਂਟਾਂ ਦੀ ਕੁੱਲ ਸਥਾਪਿਤ ਸਮਰੱਥਾ 5,680 ਮੈਗਾਵਾਟ ਹੈ, ਪਰ ਮੌਜੂਦਾ ਹਾਲਾਤਾਂ ਵਿੱਚ ਸਿਰਫ਼ 3,800 ਮੈਗਾਵਾਟ ਦੇ ਕਰੀਬ ਹੀ ਉਤਪਾਦਨ ਹੋ ਰਿਹਾ ਹੈ। ਸਰਕਾਰੀ ਥਰਮਲ ਪਲਾਂਟਾਂ ਵਿੱਚ 8 ਤੋਂ 10 ਦਿਨਾਂ ਦਾ ਸਟਾਕ ਦੱਸਿਆ ਜਾ ਰਿਹਾ ਹੈ, ਪਰ ਪ੍ਰਾਈਵੇਟ ਪਲਾਂਟਾਂ ਵਿੱਚ ਸਥਿਤੀ ਨਾਜ਼ੁਕ ਹੈ।
ਕੇਂਦਰ ਦਾ ਜਵਾਬ: ਕੋਲੇ ਦੀ ਕਮੀ ਨਹੀਂ, ਘੱਟ ਸਮਰੱਥਾ 'ਤੇ ਚੱਲ ਰਹੇ ਨੇ ਪਲਾਂਟ ਕੇਂਦਰੀ ਕੋਲਾ ਮੰਤਰਾਲੇ ਨੇ ਪੰਜਾਬ ਸਰਕਾਰ ਦੇ ਦਾਅਵਿਆਂ ਦੇ ਉਲਟ ਅੰਕੜੇ ਜਾਰੀ ਕਰਦਿਆਂ ਕਿਹਾ ਕਿ PSPCL ਦੇ ਸਰਕਾਰੀ ਪਲਾਂਟਾਂ (ਲਹਿਰਾ ਮੁਹੱਬਤ, ਗੋਇੰਦਵਾਲ ਸਾਹਿਬ ਅਤੇ ਰੋਪੜ) ਵਿੱਚ 4 ਸਤੰਬਰ ਤੱਕ ਲੋੜ ਮੁਤਾਬਕ 117 ਫੀਸਦੀ ਕੋਲਾ ਸਟਾਕ ਮੌਜੂਦ ਸੀ।
ਕੇਂਦਰ ਮੁਤਾਬਕ ਘੱਟ ਬਿਜਲੀ ਉਤਪਾਦਨ ਦਾ ਕਾਰਨ ਕੋਲੇ ਦੀ ਘਾਟ ਨਹੀਂ, ਸਗੋਂ ਪਲਾਂਟਾਂ ਦਾ ਘੱਟ 'ਪਲਾਂਟ ਲੋਡ ਫੈਕਟਰ' (PLF) ਹੈ। ਅਗਸਤ ਮਹੀਨੇ ਦੌਰਾਨ PSPCL ਦੇ ਪਲਾਂਟ ਆਪਣੀ ਸਮਰੱਥਾ ਦੇ ਸਿਰਫ਼ 42% ਹਿੱਸੇ 'ਤੇ ਹੀ ਚੱਲੇ। ਇਸ ਤੋਂ ਇਲਾਵਾ, ਕੇਂਦਰ ਨੇ ਸਪੱਸ਼ਟ ਕੀਤਾ ਕਿ ਪਚਵਾੜਾ ਸੈਂਟਰਲ ਕੋਲ ਮਾਈਨ ਵਿੱਚੋਂ ਪ੍ਰਾਈਵੇਟ ਪਲਾਂਟਾਂ—ਨਾਭਾ ਪਾਵਰ ਲਿਮਟਿਡ (NPL) ਅਤੇ ਤਲਵੰਡੀ ਸਾਬੋ ਪਾਵਰ ਲਿਮਟਿਡ (TSPL)—ਨੂੰ 50% ਤੱਕ ਕੋਲਾ ਵਰਤਣ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ ਨਾਭਾ ਪਾਵਰ ਨੇ ਅਗਸਤ ਵਿੱਚ 93% PLF ਹਾਸਲ ਕੀਤਾ ਹੈ।
1.png)
ਸਰਕਾਰੀ ਪਲਾਂਟਾਂ ਦੇ ਯੂਨਿਟ ਵੀ ਠੱਪ ਇਸ ਸਮੇਂ ਲਹਿਰਾ ਮੁਹੱਬਤ ਦਾ ਇੱਕ ਯੂਨਿਟ ਅਤੇ ਰੋਪੜ ਦਾ ਯੂਨਿਟ ਨੰਬਰ-6 ਬੰਦ ਪਏ ਹਨ। ਦਿਨ ਵੇਲੇ ਸੂਰਜੀ ਊਰਜਾ (ਸੋਲਰ ਪਾਵਰ) ਤੋਂ ਰਾਹਤ ਮਿਲ ਜਾਂਦੀ ਹੈ, ਪਰ ਸ਼ਾਮ ਢਲਦੇ ਹੀ ਸੋਲਰ ਉਤਪਾਦਨ ਜ਼ੀਰੋ ਹੋ ਜਾਂਦਾ ਹੈ। ਪੀਕ ਆਵਰਜ਼ ਦੌਰਾਨ ਥਰਮਲ ਉਤਪਾਦਨ ਘੱਟ ਹੋਣ ਕਰਕੇ ਗਰਿੱਡ 'ਤੇ ਦਬਾਅ ਵਧ ਰਿਹਾ ਹੈ। ਜੇਕਰ ਅਗਲੇ 72 ਘੰਟਿਆਂ ਵਿੱਚ ਪ੍ਰਾਈਵੇਟ ਪਲਾਂਟਾਂ ਤੱਕ ਕੋਲੇ ਦੀਆਂ ਰੈਕਾਂ ਨਾ ਪਹੁੰਚੀਆਂ ਤਾਂ ਪੰਜਾਬ ਵਾਸੀਆਂ ਨੂੰ ਭਾਰੀ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

