Diljit Dosanjh Delhi Concert: 'ਪੰਜਾਬੀਆਂ ਨੂੰ ਲੜਾਈਆਂ ਨਾ ਸਿਖਾਓ', ਪ੍ਰਸ਼ੰਸਕ ਹੋਏ ਦੀਵਾਨੇ
ਦਿੱਲੀ 'ਔਰਾ ਟੂਰ' ਦੇ ਹਾਊਸਫੁੱਲ ਸ਼ੋਅ 'ਚ ਦਿਲਜੀਤ ਦੋਸਾਂਝ ਨੇ ਪ੍ਰਸ਼ੰਸਕਾਂ ਨੂੰ ਝੂਮਣ ਲਾਇਆ। ਆਲੋਚਕਾਂ ਨੂੰ ਠੋਕਵਾਂ ਜਵਾਬ ਦੇਣ ਨਾਲ-ਨਾਲ CRPF ਜਵਾਨ ਨੂੰ ਸਟੇਜ 'ਤੇ ਬੁਲਾ ਕੇ ਜਿੱਤਿਆ ਸਭ ਦਾ ਦਿਲ।
ਨਵੀਂ ਦਿੱਲੀ:
ਪੰਜਾਬੀ ਗਾਇਕ ਅਤੇ ਗਲੋਬਲ ਆਈਕਨ ਦਿਲਜੀਤ ਦੋਸਾਂਝ ਨੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਆਪਣੇ 'ਔਰਾ ਇੰਡੀਆ ਟੂਰ' ਦਾ ਅਜਿਹਾ ਧਮਾਕੇਦਾਰ ਆਗਾਜ਼ ਕੀਤਾ ਹੈ, ਜਿਸ ਦੀ ਗੂੰਜ ਪੂਰੇ ਦੇਸ਼ ਵਿੱਚ ਸੁਣਾਈ ਦੇ ਰਹੀ ਹੈ। ਦਿੱਲੀ ਦੇ ਸਟੇਡੀਅਮ 'ਚ ਪਹੁੰਚੇ ਹਜ਼ਾਰਾਂ ਦੀ ਗਿਣਤੀ 'ਚ ਦਰਸ਼ਕਾਂ ਦੇ ਉਤਸ਼ਾਹ ਨੇ ਪੂਰੇ ਮਾਹੌਲ ਨੂੰ ਸੰਗੀਤਮਈ ਅਤੇ ਜੋਸ਼ੀਲਾ ਬਣਾ ਦਿੱਤਾ। ਸ਼ੋਅ ਸ਼ੁਰੂ ਹੁੰਦਿਆਂ ਹੀ ਪ੍ਰਸ਼ੰਸਕਾਂ ਦੀਆਂ ਤਾਲੀਆਂ ਅਤੇ ਚੀਕਾਂ ਨਾਲ ਪੂਰਾ ਮੈਦਾਨ ਗੂੰਜ ਉੱਠਿਆ।
ਸੁਰੱਖਿਆ ਅਤੇ ਟਰੈਫਿਕ ਸਬੰਧੀ ਸ਼ੁਰੂਆਤੀ ਅਨਿਸ਼ਚਿਤਤਾਵਾਂ ਨੂੰ ਪਿੱਛੇ ਛੱਡਦਿਆਂ, ਆਇਓਜਕ 'ਬੁੱਕਮਾਈਸ਼ੋਅ ਲਾਈਵ' ਦੀਆਂ ਪੁਖ਼ਤਾ ਤਿਆਰੀਆਂ ਤੋਂ ਬਾਅਦ ਇਹ ਹਾਊਸਫੁੱਲ ਕੰਸਰਟ ਸਖ਼ਤ ਸੁਰੱਖਿਆ ਹੇਠ ਸਫ਼ਲਤਾਪੂਰਵਕ ਨੇਪਰੇ ਚੜ੍ਹਿਆ।
ਦਰਸ਼ਕਾਂ ਦਾ ਬੰਨ੍ਹਿਆ ਰੰਗ: ਪ੍ਰਸ਼ੰਸਕ ਹੋਏ ਦੀਵਾਨੇ
ਕੰਸਰਟ ਦੌਰਾਨ ਦਿਲਜੀਤ ਦੇ ਸੁਪਰਹਿੱਟ ਗੀਤਾਂ 'ਤੇ ਪ੍ਰਸ਼ੰਸਕ ਲਗਾਤਾਰ ਝੂਮਦੇ ਅਤੇ ਗਾਉਂਦੇ ਨਜ਼ਰ ਆਏ। ਹਰ ਉਮਰ ਦੇ ਲੋਕਾਂ ਵਿੱਚ ਦਿਲਜੀਤ ਦਾ ਕ੍ਰੇਜ਼ ਦੇਖਣਯੋਗ ਸੀ। ਦਿਲਜੀਤ ਦੀ ਦਮਦਾਰ ਆਵਾਜ਼, ਸ਼ਾਨਦਾਰ ਸਟੇਜ ਐਂਟਰੀ ਅਤੇ ਊਰਜਾ ਨੇ ਦਰਸ਼ਕਾਂ ਨੂੰ ਪੂਰੇ ਸ਼ੋਅ ਦੌਰਾਨ ਕੀਲ ਕੇ ਰੱਖਿਆ। ਪ੍ਰਸ਼ੰਸਕਾਂ ਦਾ ਕਹਿਣਾ ਸੀ ਕਿ ਇਹ ਦਿੱਲੀ ਦੇ ਇਤਿਹਾਸ ਦੇ ਸਭ ਤੋਂ ਯਾਦਗਾਰੀ ਅਤੇ ਸ਼ਾਨਦਾਰ ਸ਼ੋਆਂ ਵਿੱਚੋਂ ਇੱਕ ਸੀ।
ਆਲੋਚਕਾਂ ਨੂੰ ਦਿੱਤਾ ਠੋਕਵਾਂ ਜਵਾਬ
ਗੀਤਾਂ ਦੇ ਵਿਚਕਾਰ ਬ੍ਰੇਕ ਲੈਂਦਿਆਂ ਦਿਲਜੀਤ ਨੇ 'ਕਾਕਰੋਚ ਜਨਤਾ ਪਾਰਟੀ' (CJP) ਦੇ ਵਿਦਿਆਰਥੀ ਰੋਸ ਪ੍ਰਦਰਸ਼ਨ ਤੋਂ ਦੂਰੀ ਬਣਾਉਣ ਕਾਰਨ ਹੋ ਰਹੀ ਆਲੋਚਨਾ ਦਾ ਬੇਬਾਕੀ ਨਾਲ ਜਵਾਬ ਦਿੱਤਾ।
ਉਨ੍ਹਾਂ ਕਿਹਾ, "ਮੈਂ ਸਾਰਿਆਂ ਨਾਲ ਪਿਆਰ ਕਰਦਾ ਹਾਂ ਕਿਉਂਕਿ ਮੈਂ ਇੱਕ ਕਲਾਕਾਰ ਹਾਂ ਬ੍ਰੋ। ਪੰਜਾਬੀਆਂ ਨੂੰ ਲੜਾਈਆਂ ਲੜਨੀਆਂ ਨਾ ਸਿਖਾਓ। ਜਿਸ ਫਿਲਮ ਦਾ ਤੁਸੀਂ ਸਟੇਜ 'ਤੇ ਖੜ੍ਹੇ ਹੋ ਕੇ ਮਜ਼ਾਕ ਉਡਾਇਆ—ਜਸਵੰਤ ਸਿੰਘ ਖਾਲੜਾ ਜੀ ਦੀ ਫਿਲਮ ('ਸਤਲੁਜ'), ਅਸੀਂ ਉਸ ਫਿਲਮ ਲਈ ਬਹੁਤ ਲੰਬੇ ਸਮੇਂ ਤੱਕ ਲੜਾਈ ਲੜੀ ਹੈ। ਮੈਂ ਚੁੱਪ ਰਹਿੰਦਾ ਹਾਂ, ਮੈਂ ਸਾਰਿਆਂ ਨਾਲ ਪਿਆਰ ਕਰਦਾ ਹਾਂ। ਜੇ ਕੋਈ ਸਾਡੇ ਨਾਲ ਨਫ਼ਰਤ ਕਰਦਾ ਹੈ, ਕੋਈ ਗੱਲ ਨਹੀਂ, ਸਾਡੇ ਵੱਲੋਂ ਸਾਰਿਆਂ ਲਈ ਸਿਰਫ਼ ਪਿਆਰ ਹੀ ਹੈ!"
ਜ਼ਿਕਰਯੋਗ ਹੈ ਕਿ ਫਿਲਮ 'ਸਤਲੁਜ' ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਹੈ, ਜੋ ਲੰਬੇ ਸਮੇਂ ਬਾਅਦ ਓ.ਟੀ.ਟੀ. 'ਤੇ ਆਈ ਸੀ ਪਰ ਕੁਝ ਹੀ ਦਿਨਾਂ ਬਾਅਦ ਵਾਪਸ ਲੈ ਲਈ ਗਈ ਸੀ।
ਸਟੇਜ 'ਤੇ CRPF ਜਵਾਨ ਨੂੰ ਦੇ ਕੇ ਸਨਮਾਨ ਜਿੱਤਿਆ ਦਿਲ
ਪੇਸ਼ਕਾਰੀ ਦੇ ਵਿਚਕਾਰ ਦਿਲਜੀਤ ਨੇ ਸੁਰੱਖਿਆ 'ਚ ਤੈਨਾਤ ਇੱਕ CRPF ਕਰਮੀ ਨੂੰ ਸਟੇਜ 'ਤੇ ਬੁਲਾ ਕੇ ਉਨ੍ਹਾਂ ਦੀ ਸੇਵਾ ਲਈ ਧੰਨਵਾਦ ਕੀਤਾ। ਜਵਾਨ ਨੂੰ ਦੇਖ ਕੇ ਜਜ਼ਬਾਤੀ ਹੁੰਦਿਆਂ ਦਿਲਜੀਤ ਨੇ ਕਿਹਾ, "ਜਦੋਂ ਮੈਂ ਤੁਹਾਨੂੰ ਖੜ੍ਹੇ ਵੇਖਿਆ, ਮੈਨੂੰ ਲੱਗਿਆ ਜਿਵੇਂ ਮੇਰੀ ਮਾਂ ਖੜ੍ਹੀ ਹੈ। ਅੱਜ ਮੇਰੀ ਮਾਂ ਨੇ ਮੈਨੂੰ ਫੋਨ ਕਰਕੇ ਆਪਣਾ ਖਿਆਲ ਰੱਖਣ ਲਈ ਕਿਹਾ ਸੀ, ਤੇ ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਚਿੰਤਾ ਨਾ ਕਰੋ।" ਦਿਲਜੀਤ ਦੇ ਇਸ ਸੁਨੇਹੇ ਨੇ ਸਟੇਡੀਅਮ ਵਿੱਚ ਮੌਜੂਦ ਹਰ ਵਿਅਕਤੀ ਦਾ ਦਿਲ ਜਿੱਤ ਲਿਆ।
20 ਦਸੰਬਰ ਤੱਕ ਚੱਲੇਗਾ 'ਔਰਾ ਟੂਰ'
ਦਿੱਲੀ ਦੇ ਧਮਾਕੇਦਾਰ ਸ਼ੋਅ ਤੋਂ ਬਾਅਦ ਦਿਲਜੀਤ ਦਾ ਇਹ ਟੂਰ 20 ਦਸੰਬਰ ਤੱਕ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਚੱਲੇਗਾ:
-
15 ਨਵੰਬਰ: ਇੰਦੌਰ
-
21 ਨਵੰਬਰ: ਅਹਿਮਦਾਬਾਦ
-
27 ਨਵੰਬਰ: ਮੁੰਬਈ
-
29 ਨਵੰਬਰ: ਬੈਂਗਲੁਰੂ
-
05 ਦਸੰਬਰ: ਲਖਨਊ
-
12 ਦਸੰਬਰ: ਚੰਡੀਗੜ੍ਹ
-
19 ਦਸੰਬਰ: ਕੋਲਕਾਤਾ


