ਭਾਰਤ ਦੇ ਲੋਕ ਝੱਲ ਲੈਂਦੇ ਨੇ 50° ਡਿਗਰੀ ਵਾਲੀ ਗਰਮੀ ਪਰ ਯੂਰਪ ‘ਚ ਆਹ ਕੀ ਹੋ ਗਿਆ !

ਭਾਰਤ ਦੇ ਲੋਕ ਝੱਲ ਲੈਂਦੇ ਨੇ 50° ਡਿਗਰੀ ਵਾਲੀ ਗਰਮੀ  ਪਰ ਯੂਰਪ ‘ਚ ਆਹ ਕੀ ਹੋ ਗਿਆ !

 ਅਕਸਰ ਜਦੋਂ ਭਾਰਤ ਵਿੱਚ ਤਾਪਮਾਨ ਤੋਂ 45° ਤੋਂ 50° ਤੱਕ ਪਹੁੰਚਦਾ ਹੈ, ਤਾਂ ਵੀ ਸਾਡਾ ਜਨਜੀਵਨ ਚੱਲਦਾ ਰਹਿੰਦਾ ਹੈ। ਦੂਜੇ ਪਾਸੇ, ਯੂਰਪ ਜਾਂ ਹੋਰ ਪੱਛਮੀ ਦੇਸ਼ਾਂ (ਜਿਨ੍ਹਾਂ ਨੂੰ ਆਮ ਭਾਸ਼ਾ ਵਿੱਚ 'ਗੋਰੇ' ਕਿਹਾ ਜਾਂਦਾ ਹੈ) ਵਿੱਚ ਤਾਪਮਾਨ ਹੁੰਦੇ ਹੀ ਹਾਹਾਕਾਰ ਮੱਚ ਜਾਂਦੀ ਹੈ ਅਤੇ ਲੋਕਾਂ ਦੀਆਂ ਜਾਨਾਂ 'ਤੇ ਬਣ ਆਉਂਦੀ ਹੈ।
ਇਸ ਸਮੇਂ ਦੁਨੀਆ ਦੇ ਕਈ ਹਿੱਸਿਆਂ
ਲੂ ਵੱਗ ਰਹੀ ਹੈ । ਭਾਰਤ-ਪਾਕਿਸਤਾਨ ਦੇ ਨਾਲ-ਨਾਲ ਯੂਰਪ 'ਚ ਵੀ ਗਰਮੀ ਨੇ ਭਿਆਨਕ ਰੂਪ ਧਾਰਿਆ ਹੋਇਆ ਹੈ। ਇਕੱਲੇ ਫਰਾਂਸ 'ਚ ਹੀ ਗਰਮੀ ਕਾਰਨ ਹੁਣ ਤੱਕ 1000 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਹੈ, ਜਿਸ ਕਾਰਨ ਲੋਕਾਂ 'ਚ ਹਾਹਾਕਾਰ ਮਚੀ ਹੋਈ ਹੈ।  ਜਾਣਕਾਰੀ ਅਨੁਸਾਰ ਇੰਗਲੈਂਡ 'ਚ ਤਾਂ ਆਲਮ ਇਹ ਹੈ ਕਿ ਉੱਥੇ ਸੜਕਾਂ ਤੱਕ ਪਿਘਲ ਗਈਆਂ ਹਨ।

ਇਸੇ ਦੌਰਾਨ ਇਕ ਹੋਰ ਗੱਲ ਜਿਸ ਬਾਰੇ ਹਰ ਕੋਈ ਅਕਸਰ ਸੋਚਦਾ ਹੈ ਕਿ ਭਾਰਤ '45-48 ਡਿਗਰੀ ਤੱਕ ਵੀ ਤਾਪਮਾਨ ਚਲਾ ਜਾਵੇ ਤਾਂ ਇੰਨਾ ਬੁਰਾ ਹਾਲ ਨਹੀਂ ਹੁੰਦਾ, ਪਰ ਯੂਰਪੀ ਦੇਸ਼ਾਂ '35-40 ਡਿਗਰੀ 'ਤੇ ਹੀ ਲੋਕ ਹਾਲੋ-ਬੇਹਾਲ ਕਿਉਂ ਹੋ ਜਾਂਦੇ ਹਨ ? ਮਾਹਿਰਾਂ ਮੁਤਾਬਕ, ਭਾਰਤੀਆਂ ਦੇ ਮੁਕਾਬਲੇ ਯੂਰਪੀ ਲੋਕਾਂ ਲਈ 40 ਡਿਗਰੀ ਤਾਪਮਾਨ ਜਾਨਲੇਵਾ ਸਾਬਤ ਹੋਣ ਦੇ ਪਿੱਛੇ ਕੁਝ ਅਹਿਮ ਕਾਰਨ ਹਨ, ਜਿਸ ਕਾਰਨ ਉੱਥੇ 40 ਡਿਗਰੀ 'ਤੇ ਵੀ ਲੋਕਾਂ ਦਾ ਬੁਰਾ ਹਾਲ ਹੋ ਜਾਂਦਾ ਹੈ। ਆਓ ਅੱਜ ਜਾਣਦੇ ਹਾਂ ਕਿ ਆਖ਼ਿਰ ਇਸ ਪਿੱਛੇ ਅਸਲ ਕਾਰਨ ਕੀ ਹੈ..?

 WhatsApp Image 2026-06-29 at 17.36.37

ਘਰਾਂ ਦਾ ਡਿਜ਼ਾਈਨ ਵੀ ਕਾਰਨ ?
ਯੂਰਪ 'ਚ ਸਾਲ ਦੇ ਜ਼ਿਆਦਾਤਰ ਮਹੀਨੇ ਬਹੁਤ ਜ਼ਿਆਦਾ ਠੰਢ ਪੈਂਦੀ ਹੈ। ਇਸ ਲਈ ਉੱਥੋਂ ਦੀਆਂ ਇਮਾਰਤਾਂ ਅਤੇ ਘਰ ਇਸ ਤਰ੍ਹਾਂ ਡਿਜ਼ਾਈਨ ਕੀਤੇ ਜਾਂਦੇ ਹਨ ਕਿ ਘਰ ਦੇ ਅੰਦਰ ਦੀ ਗਰਮੀ ਬਾਹਰ ਨਾ ਜਾ ਸਕੇ ਅਤੇ ਠੰਢ ਅੰਦਰ ਨਾ ਆਵੇ। ਇੱਥੇ ਜ਼ਿਆਦਾਤਰ ਮਕਾਨ ਪੱਥਰਾਂ ਅਤੇ ਕੰਕਰੀਟ ਨਾਲ ਬਣਾਏ ਜਾਂਦੇ ਹਨ। ਗਰਮੀਆਂ 'ਚ ਇਹ ਪੱਥਰ ਦਿਨ ਵੇਲੇ ਤਪ ਜਾਂਦੇ ਹਨ ਅਤੇ ਰਾਤ ਨੂੰ ਵੀ ਛੇਤੀ ਠੰਢੇ ਨਹੀਂ ਹੁੰਦੇ, ਜਿਸ ਕਾਰਨ ਇਹ ਘਰ 'ਭੱਠੀ' ਦਾ ਕੰਮ ਕਰਨ ਲੱਗਦੇ ਹਨ ਤੇ ਘਰ ਦੇ ਅੰਦਰ ਦਾ ਤਾਪਮਾਨ ਬਾਹਰ ਨਾਲੋਂ ਵੀ ਜ਼ਿਆਦਾ ਮਹਿਸੂਸ ਹੋਣ ਲੱਗਦਾ ਹੈ। ਕਈ ਵਾਰ ਤਾਂ ਘਰ ਦੇ ਅੰਦਰ ਦਾ ਤਾਪਮਾਨ 50 ਡਿਗਰੀ ਤੱਕ ਵੀ ਪਹੁੰਚ ਜਾਂਦਾ ਹੈ।

 ਭਾਰਤ ਦੇ ਉਲਟ, ਯੂਰਪੀ ਦੇਸ਼ਾਂ ਵਿੱਚ ਗਰਮੀ ਤੋਂ ਬਚਣ ਦੇ ਪੁਖ਼ਤਾ ਇੰਤਜ਼ਾਮ ਨਹੀਂ ਹਨ। ਯੂਰਪ 'ਚ ਬਹੁਤ ਹੀ ਘੱਟ ਘਰਾਂ 'ਚ ਏ.ਸੀ. ਲੱਗੇ ਹੋਏ ਹਨ। ਸਾਲ ਦੇ ਜ਼ਿਆਦਾਤਰ ਸਮੇਂ ਠੰਡਾ ਮੌਸਮ ਹੋਣ ਕਾਰਨ ਆਮ ਤੌਰ 'ਤੇ ਲੋਕ ਆਪਣੇ ਘਰਾਂ 'ਚ ਛੱਤ ਵਾਲੇ ਪੱਖੇ ਜਾਂ ਕੂਲਰ ਵੀ ਨਹੀਂ ਰੱਖਦੇ। ਇਸ ਸਾਲ ਜਦੋਂ ਅਚਾਨਕ ਭਿਆਨਕ ਗਰਮੀ ਪੈਣ ਲੱਗੀ ਹੈ ਤਾਂ ਲੋਕ ਹੁਣ ਏ.ਸੀ.-ਪੱਖੇ ਖਰੀਦਣ ਦੀ ਦੌੜ 'ਚ ਲੱਗ ਗਏ ਹਨ, ਜਿਸ ਕਾਰਨ ਮਾਰਕੀਟ 'ਚ ਏ.ਸੀ.-ਪੱਖਿਆਂ ਦੀ ਵੀ ਭਾਰੀ ਕਿੱਲਤ ਆ ਗਈ ਹੈ।

 ਸਰੀਰਕ ਅਨੁਕੂਲਤਾ ਦੀ ਘਾਟ
ਭਾਰਤ ਦੇ ਲੋਕ ਬਚਪਨ ਤੋਂ ਹੀ ਤੇਜ਼ ਗਰਮੀ ਅਤੇ ਧੁੱਪ ਵਿੱਚ ਰਹਿਣ ਦੇ ਆਦੀ ਹੁੰਦੇ ਹਨ, ਜਿਸ ਕਾਰਨ ਸਾਡਾ ਸਰੀਰ ਪਸੀਨੇ ਰਾਹੀਂ ਤਾਪਮਾਨ ਨੂੰ ਕੰਟਰੋਲ ਕਰ ਲੈਂਦਾ ਹੈ। ਇਸ ਦੇ ਉਲਟ, ਯੂਰਪੀ ਲੋਕਾਂ ਦਾ ਸਰੀਰ ਠੰਢੇ ਮੌਸਮ ਦਾ ਆਦੀ ਹੁੰਦਾ ਹੈ। ਅਚਾਨਕ ਤਾਪਮਾਨ 40 ਡਿਗਰੀ ਤੱਕ ਪਹੁੰਚਣ ਕਾਰਨ ਉਨ੍ਹਾਂ ਦੇ ਸਰੀਰ ਦੇ ਤਾਪਮਾਨ ਦਾ ਸੰਤੁਲਨ ਵਿਗੜ ਜਾਂਦਾ ਹੈ, ਜਿਸ ਨਾਲ 'ਹੀਟ ਸਟ੍ਰੋਕ' ਅਤੇ ਦਿਲ ਦੇ ਦੌਰੇ ਵਰਗੀਆਂ ਜਾਨਲੇਵਾ ਸਥਿਤੀਆਂ ਪੈਦਾ ਹੋ ਰਹੀਆਂ ਹਨ।

 ਹਵਾ ਵਿੱਚ ਨਮੀ ਦੀ ਵੱਧ ਮਾਤਰਾ ਅਤੇ ਲੰਬੇ ਦਿਨ
ਯੂਰਪ ਦੀ ਹਵਾ 'ਚ ਨਮੀ ਦੀ ਮਾਤਰਾ ਬਹੁਤ ਜ਼ਿਆਦਾ ਹੈ। ਨਮੀ ਕਾਰਨ ਸਰੀਰ ਦਾ ਪਸੀਨਾ ਸੁੱਕਦਾ ਨਹੀਂ, ਜਿਸ ਕਾਰਨ ਸਰੀਰ ਆਪਣੇ ਆਪ ਨੂੰ ਠੰਡਾ ਨਹੀਂ ਕਰ ਪਾਉਂਦਾ। ਇਸ ਤੋਂ ਇਲਾਵਾ, ਉੱਥੇ ਗਰਮੀਆਂ 'ਚ ਦਿਨ ਵੀ ਬਹੁਤ ਲੰਬੇ ਹੁੰਦੇ ਹਨ। ਉੱਥੇ ਸਵੇਰੇ 5 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਧੁੱਪ ਨਿਕਲੀ ਰਹਿੰਦੀ ਹੈ, ਜਿਸ ਕਾਰਨ ਵਾਤਾਵਰਨ ਅਤੇ ਲੋਕਾਂ ਦੇ ਸਰੀਰ ਨੂੰ ਠੰਢਾ ਹੋਣ ਲਈ ਰਾਤ ਦਾ ਸਮਾਂ ਬਹੁਤ ਘੱਟ ਮਿਲਦਾ ਹੈ, ਜਿਸ ਕਾਰਨ ਦਿਨ-ਰਾਤ ਦੇ ਤਾਪਮਾਨ 'ਚ ਜ਼ਿਆਦਾ ਅੰਤਰ ਨਹੀਂ ਆਉਂਦਾ ਤੇ ਲੋਕਾਂ ਨੂੰ ਜ਼ਿਆਦਾ ਗਰਮੀ ਦਾ ਅਹਿਸਾਸ ਹੁੰਦਾ ਹੈ।

Related Posts