ਭਾਰੀ ਬਾਰਸ਼ ਕਾਰਨ ਚੋਅ ’ਚ ਤੇਜ਼ ਵਹਾਅ, ਵਿਧਾਇਕ ਜਿੰਪਾ ਨੇ ਕੀਤਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ
ਹੁਸ਼ਿਆਰਪੁਰ, 6 ਜੁਲਾਈ :
ਭਾਰੀ ਬਾਰਸ਼ ਕਾਰਨ ਜ਼ਿਲ੍ਹੇ ਦੇ ਵੱਖ-ਵੱਖ ਚੋਆਂ ਵਿਚ ਆਏ ਤੇਜ਼ ਵਹਾਅ ਨੂੰ ਲੈ ਕੇ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਹੁਸ਼ਿਆਰਪੁਰ ਦੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਉਨ੍ਹਾਂ ਸਵਾਮੀ ਸਰਵਾਨੰਦ ਗਿਰੀ ਰਿਜਨਲ ਸੈਂਟਰ ਨੇੜੇ, ਰਾਧਾ ਸਵਾਮੀ ਸਤਿਸੰਗ ਘਰ ਨੇੜੇ ਅਤੇ ਭੰਗੀ ਚੋਅ ਵਿਚ ਆਏ ਪਾਣੀ ਦੀ ਸਥਿਤੀ ਦਾ ਖੁਦ ਜਾਇਜ਼ਾ ਲਿਆ।
ਵਿਧਾਇਕ ਜਿੰਪਾ ਨੇ ਸਥਾਨਿਕ ਨਿਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਭਾਰੀ ਮੀਂਹ ਦੌਰਾਨ ਕਿਸੇ ਵੀ ਸੂਰਤ ਵਿਚ ਚੋਅ ਵਿਚੋਂ ਨਾ ਲੰਘਿਆ ਜਾਵੇ ਕਿਉਂਕਿ ਇਸ ਨਾਲ ਜਾਨੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਹਿਮਾਚਲ ਪ੍ਰਦੇਸ਼ ਵਿਚ ਲਗਾਤਾਰ ਹੋ ਰਹੀ ਬਾਰਸ਼ ਕਾਰਨ ਪਾਣੀ ਭੰਗੀ ਚੋਅ ਦੇ ਰਾਸਤੇ ਹੁਸ਼ਿਆਰਪੁਰ ਵਿਚ ਦਾਖਲ ਕਰ ਰਿਹਾ ਹੈ ਜਿਸ ਨਾਲ ਪਾਣੀ ਦਾ ਪੱਧਰ ਅਚਾਨਕ ਵੱਧ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਸਥਿਤੀ ਨਾਲ ਨਿਪਟਣ ਲਈ ਸਾਰੇ ਜ਼ਰੂਰੀ ਪ੍ਰਬੰਧ ਪੂਰੇ ਕੀਤੇ ਗਏ ਹਨ। ਪੁਲਿਸ ਵਿਭਾਗ ਅਤੇ ਸਿਵਲ ਡਿਫੈਂਸ ਦੇ ਵਲੰਟੀਅਰ ਪ੍ਰਭਾਵਿਤ ਇਲਾਕਿਆਂ ਵਿਚ ਤਾਇਨਾਤ ਹਨ ਅਤੇ ਲੋਕਾਂ ਨੂੰ ਚੋਅ ਵਿਚੋਂ ਨਾ ਲੰਘਣ ਲਈ ਲਗਾਤਾਰ ਜਾਗਰੂਕ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ ’ਤੇ ਕੰਟਰੋਲ ਰੂਮ ਦੀ ਸਥਾਪਨਾ ਕੀਤੀ ਗਈ ਹੈ ਜਿਥੇ ਕਿਸੇ ਵੀ ਅਮਰਜੈਂਸੀ ਸਥਿਤੀ ਵਿਚ ਨਾਗਰਿਕ ਟੈਲੀਫੋਨ ਨੰਬਰ 01882-220412 ’ਤੇ ਸੰਪਰਕ ਕਰ ਸਕਦੇ ਹਨ।
ਵਿਧਾਇਕ ਜਿੰਪਾ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਪੂਰੀ ਮੁਸਤੈਦੀ ਨਾਲ ਸਥਿਤੀ ’ਤੇ ਨਜ਼ਰ ਬਣਾਏ ਹੋਏ ਹਨ ਅਤੇ ਲੋਕਾਂ ਦੀ ਸੁਰੱਖਿਆ ਨੂੰ ਸਭ ਤੋਂ ਵੱਡੀ ਤਰਜੀਹ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਪ੍ਰਕਾਰ ਦੀ ਲਾਪ੍ਰਵਾਹੀ ਨਾ ਵਰਤੀ ਜਾਵੇ ਅਤੇ ਪ੍ਰਸ਼ਾਸਨ ਵਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।
ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਿਸੇ ਵੀ ਅਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਅਲਰਟ ਮੋਡ ਵਿਚ ਰਹਿਣ ਅਤੇ ਸਮੇਂ-ਸਮੇਂ ’ਤੇ ਹਾਲਾਤ ਦੀ ਸਮੀਖਿਆ ਕਰਦੇ ਰਹਿਣ। ਇਸ ਮੌਕੇ ਡੀ.ਐਸ.ਪੀ ਸਿਟੀ ਦੇਵਦਤ ਸ਼ਰਮਾ, ਡਿਪਟੀ ਚੀਫ ਵਾਰਡਨ ਸਿਵਲ ਡਿਫੈਂਸ ਪ੍ਰਮੋਦ ਸ਼ਰਮਾ, ਚੰਦਰ ਪ੍ਰਕਾਸ਼ ਸੈਣੀ, ਅਸ਼ਵਨੀ ਸ਼ਰਮਾ, ਮੋਹਨ ਲਾਲ ਜੋਸ਼ੀ, ਸਤੇਂਦਰ ਸ਼ਰਮਾ, ਵਿਸ਼ਾਲ ਏਰੀ, ਸਿਧਾਰਥ ਸ਼ਰਮਾ, ਦਕਸ਼ ਜੋਸ਼ੀ, ਸੁਮਿਤ ਗੁਪਤਾ, ਅਮਿਤ ਗੁਪਤਾ, ਵਿਕਾਸ ਸ਼ਰਮਾ, ਮਣੀ ਗੋਗੀਆ, ਦੀਪਕ ਕੁਮਾਰ, ਸਤੀਸ਼ ਕੁਮਾਰ, ਰਾਹੁਲ ਅਗਰਵਾਲ, ਜੋਗੇਸ਼ ਓਹਰੀ, ਰਾਜੇਸ਼ ਸੇਠੀ, ਤਾਰਕ ਸ਼ਰਮਾ ਵੀ ਮੌਜੂਦ ਸਨ।