ਮੱਕੀ ਹੇਠ ਰਕਬਾ ਵਧਾਉਣ ਲਈ ਉਪਰਾਲਾ; ਕਿਸਾਨਾਂ ਨੂੰ 10 ਹਜ਼ਾਰ ਪ੍ਰਤੀ ਹੈਕਟੇਅਰ ਦੀ ਦਿੱਤੀ ਜਾਵੇਗੀ ਵਿੱਤੀ ਸਹਾਇਤਾ : ਮੁੱਖ ਖੇਤੀਬਾੜੀ ਅਫ਼ਸਰ
ਪਟਿਆਲਾ, 5 ਜੁਲਾਈ:
ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਫ਼ਸਲੀ ਵਿਭਿੰਨਤਾ ਪ੍ਰੋਗਰਾਮ ਅਧੀਨ ਪਟਿਆਲਾ ਜ਼ਿਲ੍ਹੇ ਨੂੰ ਮੌਜੂਦਾ ਸਾਉਣੀ ਸੀਜ਼ਨ ਦੌਰਾਨ ਮੱਕੀ ਹੇਠ ਰਕਬਾ 500 ਏਕੜ (200 ਹੈਕਟੇਅਰ ਰਕਬਾ) ਤੱਕ ਵਧਾਉਣ ਦਾ ਟੀਚਾ ਪ੍ਰਾਪਤ ਹੋਇਆ ਹੈ, ਜਿਸ ਵਿੱਚ 20 ਕਲੱਸਟਰ ਪ੍ਰਦਰਸ਼ਨੀਆਂ (10 ਹੈਕਟੇਅਰ ਪ੍ਰਤੀ ਪ੍ਰਦਰਸ਼ਨੀ) ਹਨ ਜਿਨ੍ਹਾਂ ਦੀ ਬਲਾਕ ਵਾਰ ਵੰਡ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਬਲਾਕ ਪਟਿਆਲਾ, ਭੁਨਰਹੇੜੀ ਤੇ ਨਾਭਾ ਨੂੰ ਦੋ-ਦੋ ਕਲੱਸਟਰ ਪ੍ਰਦਰਸ਼ਨੀਆਂ ਜਦਕਿ ਸਮਾਣਾ ਤੇ ਘਨੌਰ ਨੂੰ ਤਿੰਨ-ਤਿੰਨ ਅਤੇ ਰਾਜਪੁਰਾ ਨੂੰ 8 ਕਲੱਸਟਰ ਪ੍ਰਦਰਸ਼ਨੀਆਂ ਦਾ ਟੀਚਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਕਿਸਾਨਾਂ ਨੂੰ 10 ਹਜ਼ਾਰ ਪ੍ਰਤੀ ਹੈਕਟੇਅਰ ਵਿੱਤੀ ਸਹਾਇਤਾ ਬੀਜ ਦਾ ਖਰਚਾ, ਬਿਜਾਈ ਦਾ ਖਰਚਾ, ਦਵਾਈਆਂ ਦਾ ਖਰਚਾ ਅਤੇ ਮੰਡੀਕਰਨ ਸਬੰਧੀ ਖਰਚਾ ਦਿੱਤਾ ਜਾਣਾ ਹੈ।
ਮੱਕੀ ਬੀਜਣ ਦੇ ਚਾਹਵਾਨ ਕਿਸਾਨ ਵੈਬਸਾਈਟ agrimachinerypb.com ਉੱਪਰ ਅਰਜ਼ੀ ਅਪਲਾਈ ਕਰ ਸਕਦੇ ਹਨ ਅਤੇ ਪੋਰਟਲ ਉੱਪਰ ਰਜਿਸਟ੍ਰੇਸ਼ਨ ਲਈ ਬਲਾਕ ਰਾਜਪੁਰਾ ਦੇ ਕਿਸਾਨ ਬਲਾਕ ਖੇਤੀਬਾੜੀ ਅਫ਼ਸਰ, ਰਾਜਪੁਰਾ ਜਪਿੰਦਰ ਸਿੰਘ (79735-74542), ਬਲਾਕ ਘਨੌਰ ਦੇ ਕਿਸਾਨ ਬਲਾਕ ਖੇਤੀਬਾੜੀ ਅਫ਼ਸਰ ਘਨੌਰ ਰਣਜੋਧ ਸਿੰਘ (99883-12299), ਬਲਾਕ ਪਟਿਆਲਾ ਦੇ ਕਿਸਾਨ ਬਲਾਕ ਖੇਤੀਬਾੜੀ ਅਫ਼ਸਰ ਪਟਿਆਲਾ ਗੁਰਮੀਤ ਸਿੰਘ (97791-60950), ਬਲਾਕ ਭੁਨਰਹੇੜੀ ਦੇ ਕਿਸਾਨ ਬਲਾਕ ਖੇਤੀਬਾੜੀ ਅਫ਼ਸਰ, ਭੁਨਰਹੇੜੀ ਅਵਨਿੰਦਰ ਸਿੰਘ ਮਾਨ (80547-04471), ਬਲਾਕ ਨਾਭਾ ਦੇ ਕਿਸਾਨ ਬਲਾਕ ਖੇਤੀਬਾੜੀ ਅਫ਼ਸਰ ਨਾਭਾ ਜੁਪਿੰਦਰ ਸਿੰਘ ਗਿੱਲ (97805-60004) ਅਤੇ ਬਲਾਕ ਸਮਾਣਾ ਦੇ ਕਿਸਾਨ ਬਲਾਕ ਖੇਤੀਬਾੜੀ ਅਫ਼ਸਰ ਸਮਾਣਾ ਸਤੀਸ਼ ਕੁਮਾਰ (97589-00047) ਨਾਲ ਸੰਪਰਕ ਕਰ ਸਕਦੇ ਹਨ ਤਾਂ ਜੋ ਕਿਸਾਨਾਂ ਨੂੰ ਰਜਿਸਟ੍ਰੇਸ਼ਨ ਕਰਨ ਵਿੱਚ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹਾ ਪਟਿਆਲਾ ਵਿੱਚ ਵੱਧ ਤੋਂ ਵੱਧ ਮੱਕੀ ਦੇ ਰਕਬੇ ਦੀ ਬਿਜਾਈ ਕੀਤੀ ਜਾਵੇ ਤਾਂ ਜੋ ਜ਼ਿਲ੍ਹੇ ਵਿੱਚ ਫ਼ਸਲੀ ਵਿਭਿੰਨਤਾ ਸਕੀਮ ਨੂੰ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਹਰੇਕ ਕਲੱਸਟਰ ਪ੍ਰਦਰਸ਼ਨੀ (10 ਹੈਕਟੇਅਰ) ਲਈ ਇੱਕ ਅਗਾਂਹਵਧੂ ਕਿਸਾਨ ਨੂੰ ਇਨ੍ਹਾਂ ਦੇ ਮੁਖੀਆ ਵਜੋਂ ਘੋਸ਼ਿਤ ਕੀਤਾ ਜਾਵੇਗਾ ਜਿਸ ਨੂੰ ਇੱਕ ਮੁਸ਼ਤ 2000 ਰੁਪਏ ਪ੍ਰਤੀ ਕਲੱਸਟਰ ਪ੍ਰਦਰਸ਼ਨੀ ਦੀ ਦੇਖ ਰੇਖ ਵੱਜੋ ਮਾਣਭੱਤਾ ਵੀ ਦਿੱਤਾ ਜਾਵੇਗਾ।