ਲੋਕ ਸਭਾ ਮੈਂਬਰ ਡਾ. ਚੱਬੇਵਾਲ ਪਹੁੰਚੇ ਬੱਸੀ ਗ਼ੁਲਾਮ ਹਸੈਨ, ਹਾਲਾਤਾਂ ਦਾ ਲਿਆ ਜਾਇਜ਼ਾ
ਹੁਸ਼ਿਆਰਪੁਰ, 6 ਜੁਲਾਈ :
ਐਤਵਾਰ ਸਵੇਰੇ ਪਏ ਤੇਜ਼ ਮੀਂਹ ਕਾਰਨ ਪਿੰਡ ਬੱਸੀ ਗ਼ੁਲਾਮ ਹੁਸੈਨ ਨੂੰ ਹੁਸ਼ਿਆਰਪੁਰ ਸ਼ਹਿਰ ਨਾਲ ਜੋੜਨ ਵਾਲੀ ਮੁੱਖ ਸੜਕ ਚੋਅ ਦੇ ਪਾਣੀ ਨਾਲ ਰੁੜ੍ਹ ਜਾਣ ਦੀ ਸੂਚਨਾ ਮਿਲਦੇ ਸਾਰ ਹੀ ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਮੌਕੇ ’ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਅਤੇ ਪਿੰਡ ਵਾਸੀਆਂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਕਿ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ। ਡਾ. ਰਾਜ ਕੁਮਾਰ ਚੱਬੇਵਾਲ ਨੇ ਇਸ ਮੌਕੇ ਜਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਪਿੰਡ ਵਾਸੀਆਂ ਨੂੰ ਲੋੜੀਦੀ ਸਹਾਇਤਾ ਤੁਰੰਤ ਪ੍ਰਭਾਵ ਨਾਲ ਮੁਹੱਈਆ ਕਰਵਾਈ ਜਾਵੇ। ਡਾ.ਚੱਬੇਵਾਲ ਨੇ ਇਸ ਸਮੇਂ ਪਿੰਡ ਵਾਸੀਆਂ ਦੀਆਂ ਫਸਲਾਂ ਦੇ ਅਤੇ ਪਸ਼ੂਆਂ ਦੇ ਹੋਏ ਨੁਕਸਾਨ ਦੀ ਵੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਪਿੰਡ ਵਾਸੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਪੰਜਾਬ ਸਰਕਾਰ ਤੱਕ ਇਸ ਦੀ ਜਾਣਕਾਰੀ ਪਹੁੰਚਾ ਕੇ ਲੋਕਾਂ ਨੂੰ ਮਦਦ ਦਿਵਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ। ਡਾ. ਚੱਬੇਵਾਲ ਨੇ ਇਸ ਸਮੇਂ ਕਿਹਾ ਕਿ ਇਹ ਕੁਦਰਤੀ ਆਫਤ ਹੈ ਜਿਸ ਨੂੰ ਮਨੁੱਖ ਨਹੀਂ ਰੋਕ ਸਕਦਾ ਲੇਕਿਨ ਅਸੀਂ ਇਸ ਸਥਿਤੀ ਵਿੱਚੋ ਲੋਕਾਂ ਨੂੰ ਬਾਹਰ ਕੱਢਣ ਦੀ ਸਮਰੱਥਾ ਜਰੂਰ ਰੱਖਦੇ ਹਾਂ, ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸ਼ਨ ਨੂੰ ਹਦਾਇਤ ਕੀਤੀ ਗਈ ਹੈ ਕਿ ਇਸ ਕੁਦਰਤੀ ਆਫਤ ਕਾਰਨ ਪੈਦਾ ਹੋਏ ਮੁਸ਼ਕਿਲ ਭਰੇ ਹਾਲਾਤਾਂ ਲਈ ਡਿਸਾਸਟਰ ਫੰਡ ਵਿੱਚੋ ਤੁਰੰਤ ਰਾਸ਼ੀ ਰਿਲੀਜ ਕਰਕੇ ਪਿੰਡ ਦਾ ਸ਼ਹਿਰ ਦਾ ਮੁੜ ਤੋਂ ਸੰਪਰਕ ਸਥਾਪਿਤ ਕੀਤਾ ਜਾਵੇ, ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਅਜਿਹੇ ਹਾਲਾਤਾਂ ਨੂੰ ਬਣਨ ਤੋਂ ਰੋਕਣ ਲਈ ਪਿੰਡ ਤੇ ਹੁਸ਼ਿਆਰਪੁਰ ਸ਼ਹਿਰ ਵਿੱਚ ਪੱਕਾ ਸੰਪਰਕ ਸਥਾਪਿਤ ਕਰਨ ਲਈ ਇੱਕ ਪੁੱਲ ਦਾ ਵੀ ਨਿਰਮਾਣ ਕਰਵਾਇਆ ਜਾਵੇਗਾ। ਡਾ. ਚੱਬੇਵਾਲ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਹਰ ਸਮੇਂ ਉਨ੍ਹਾਂ ਦੀ ਸੇਵਾ ਵਿੱਚ ਹਾਜਰ ਹਨ ਤੇ ਜਦੋਂ ਤੱਕ ਇਸ ਮੁਸ਼ਕਿਲ ਦਾ ਹੱਲ ਨਹੀਂ ਹੋ ਜਾਂਦਾ ਤਦ ਤੱਕ ਉਹ ਇਸ ਮਾਮਲੇ ਦੀ ਖੁਦ ਨਿਗਰਾਨੀ ਕਰਨਗੇ।