ਨਹਿਰੂ ਸਟੇਡੀਅਮ ਸਬੰਧੀ ਗਲਤ ਖਬਰਾਂ ਦਾ ਜਿਲ੍ਹਾ ਖੇਡ ਅਫਸਰ ਨੇ ਕੀਤਾ ਖੰਡਨ
ਫਰੀਦਕੋਟ 18 ਜੁਲਾਈ ( ) ਪਿਛਲੇ ਦਿਨੀਂ ਸ਼ੋਸ਼ਲ ਮੀਡੀਆ ਦੇ ਇੱਕ ਹਿੱਸੇ ਵਿੱਚ ਨਹਿਰੂ ਸਟੇਡੀਅਮ ਫਰੀਦਕੋਟ ਅਤੇ ਜ਼ਿਲ੍ਹਾ ਖੇਡ ਵਿਭਾਗ ਦੀ ਕਾਰਗੁਜ਼ਾਰੀ ਸਬੰਧੀ ਜੋ ਟਿੱਪਣੀਆਂ ਕੀਤੀਆਂ ਗਈਆਂ ਹਨ, ਉਹ ਨਿਰਾਧਾਰ, ਗਲਤ ਜਾਣਕਾਰੀ ਤੇ ਅਧੂਰੇ ਤੱਥਾਂ ’ਤੇ ਆਧਾਰਿਤ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਜਿਲ੍ਹਾ ਖੇਡ ਅਫਸਰ ਸ. ਬਲਜਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਮੌਕੇ ਪੱਤਰਕਾਰਾਂ ਨੂੰ ਦਿੱਤੀ ਜਾਣਕਾਰੀ ਦੌਰਾਨ ਦਿੱਤਾ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਨਹਿਰੂ ਸਟੇਡੀਅਮ ਦੀ ਬਿਲਡਿੰਗ ਅਤੇ ਗਰਾਊਂਡ ਬਿਲਕੁਲ ਪੁਰਾਣੇ ਹੋਣ ਕਾਰਨ ਸੜਕ ਤੋਂ ਨੀਵੇਂ ਹਨ ਜਿਸ ਕਾਰਨ ਬਰਸਾਤੀ ਮੌਸਮ ਵਿੱਚ ਪਾਣੀ ਭਰ ਜਾਣ ਕਾਰਨ ਘਾਹ ਕੱਟਣ ਵਿੱਚ ਸਮੱਸਿਆ ਪੇਸ਼ ਆਉਂਦੀ ਹੈ। ਉਨ੍ਹਾਂ ਸਪੱਸ਼ਟ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਫਰੀਦਕੋਟ ਵਿੱਚ ਮੌਜੂਦਾ ਸਮੇਂ 20 ਤੋਂ ਵੱਧ ਖੇਡਾਂ ਦੇ ਕੋਚਿੰਗ ਸੈਂਟਰ ਚੱਲ ਰਹੇ ਹਨ, ਅਤੇ ਇਨ੍ਹਾਂ ਗਰਾਊਂਡਾਂ ਦੀ ਸਾਫ-ਸਫਾਈ ਅਤੇ ਸੰਭਾਲ ਲਈ ਸਿਰਫ 3 ਗਰਾਊਂਡਮੈਨ ਤੈਨਾਤ ਹਨ। ਉਨ੍ਹਾਂ ਕਿਹਾ ਕਿ ਗਰਾਊਂਡਮੈਨਾਂ ਦੀ ਕਮੀ ਕਾਰਨ ਸਫਾਈ ਕਰਨ ਵਿੱਚ ਸਮਾਂ ਲੱਗਦਾ ਹੈ ਪਰ ਇਸ ਦੇ ਬਾਵਜੂਦ ਵੀ ਵਿਭਾਗ ਵੱਲੋਂ ਗਰਾਊਂਡਾਂ ਦੀ ਸਾਫ-ਸਫਾਈ ਅਤੇ ਸੰਭਾਲ ਨਿਯਮਤ ਰੂਪ ਵਿੱਚ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾ ਅਤੇ ਐਮ.ਐੱਲ.ਏ ਸ. ਗੁਰਦਿੱਤ ਸਿੰਘ ਸੇਖੋ ਦੇ ਸਹਿਯੋਗ ਨਾਲ ਸਟੇਡੀਅਮ ਵਿੱਚ ਸਿੰਥੈਟਿਕ ਟਰੈਕ ਬਣਾਉਣ ਸੰਬੰਧੀ ਪ੍ਰਪੋਜ਼ਲ ਭੇਜਿਆ ਗਿਆ ਹੈ, ਜੋ ਕਿ ਹੁਣ ਸਪੋਰਟਸ ਨਰਸਰੀ ਮਾਸਟਰ ਪਲੈਨ ਵਿੱਚ ਵੀ ਸ਼ਾਮਿਲ ਕਰ ਲਿਆ ਗਿਆ ਹੈ।
ਉਨ੍ਹਾਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਹੁਣ ਤੱਕ ਜਿਲ੍ਹੇ ਵਿੱਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਜੋ ਕੰਮ ਕਰਵਾਏ ਗਏ ਹਨ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਜ਼ਿਲ੍ਹੇ ਵਿੱਚ ਖੇਡ ਢਾਂਚੇ ਦੀ ਉਨਤੀ ਲਈ ਜੋ ਉਪਰਾਲੇ ਕੀਤੇ ਗਏ ਹਨ, ਉਹ ਸਿਰਫ ਦਾਵਿਆਂ ਤੱਕ ਸੀਮਤ ਨਹੀਂ ਹਨ। ਉਨ੍ਹਾਂ ਦੱਸਿਆ ਕਿ ਐਸਟ੍ਰੋਟਰਫ ਹਾਕੀ ਸਟੇਡੀਅਮ ਦੇ ਵਿੱਚ 11 ਲੱਖ ਰੁਪਏ ( ਨਵਾਂ ਸਪਰਿੰਕਲ ਸਿਸਟਮ ਅਤੇ ਰਿਪੇਅਰ), ਨਵੀਂ ਹੈਂਡਬਾਲ ਗਰਾਉਂਡ ਦੇ 17 ਲੱਖ ਦੇ ਕਰੀਬ, ਨਵੀਂ ਸ਼ੂਟਿੰਗ ਰੇਂਜ ਦੇ ਵਿੱਚ 11.50 ਲੱਖ ਰੁਪਏ, ਬੈਡਿਮਿੰਟਨ ਹਾਲ ਦੇ ਵਿੱਚ 10 ਲੱਖ ਦੇ ਕਰੀਬ, ਨਹਿਰੂ ਸਟੇਡੀਅਮ ਦੇ ਅੰਦਰਲੇ ਨਵੇਂ ਬਾਥਰੂਮਾ ਲਈ 16 ਲੱਖ ਰੁਪਏ, ਬਾਸਕਿਟਬਾਲ ਕੋਚਿੰਗ ਸੈਂਟਰ ਦੇ ਵਿੱਚ ਨਵਾਂ ਬਾਸਕਿਟਬਾਲ ਗਰਾਉਂਡ ਅਤੇ ਸ਼ੈੱਡ (20 ਲੱਖ ਦੇ ਕਰੀਬ), ਰੈਸਲਿੰਗ ਕੋਚਿੰਗ ਸੈਂਟਰ ਲਈ (7 ਲੱਖ) ਰੁਪੈ ਦੇ ਕਰੀਬ, ਸਟੇਡੀਅਮ ਅਤੇ ਵੱਖ-ਵੱਖ ਕੋਚਿੰਗ ਸੈਂਟਰਾਂ ਦੀ ਮਾਈਨਰ ਰਿਪੇਅਰ ਲਈ 10 ਲੱਖ ਰੁਪਏ ਖਰਚ ਕੀਤਾ ਜਾ ਚੁੱਕਾ ਹੈ।
ਇਸ ਤੋਂ ਇਲਾਵਾ, 50 ਲੱਖ ਰੁਪਏ ਦੀ ਲਾਗਤ ਨਾਲ ਇਕ ਹੋਰ ਨਵਾਂ ਬਾਸਕਿਟਬਾਲ ਗਰਾਊਂਡ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋ ਵੱਲੋਂ ਤਿਆਰ ਕਰਵਾਇਆ ਜਾ ਰਿਹਾ ਹੈ, ਜਦਕਿ ਹਰੀਨੌ ਵਿਖੇ ਵਾਲੀਬਾਲ ਕੋਚਿੰਗ ਸੈਂਟਰ ਨੂੰ ਵੀ ਨਵੀਂ ਸਪੋਰਟਸ ਨਰਸਰੀ ਦੇ ਮਾਸਟਰ ਪਲੈਨ ਵਿੱਚ ਸ਼ਾਮਿਲ ਕਰਕੇ ਉਨਤ ਬਣਾਇਆ ਜਾ ਰਿਹਾ ਹੈ।
Related Posts
Advertisement
