ਪਰਾਲੀ ਪ੍ਰਬੰਧਨ- ਡਿਪਟੀ ਕਮਿਸ਼ਨਰ ਵੱਲੋਂ ਪਿੰਡ ਚੰਨਣਵਾਲ ਵਿਖੇ ਡੰਪ ਸਾਈਟ ਦਾ ਦੌਰਾ

ਪਰਾਲੀ ਪ੍ਰਬੰਧਨ- ਡਿਪਟੀ ਕਮਿਸ਼ਨਰ ਵੱਲੋਂ ਪਿੰਡ ਚੰਨਣਵਾਲ ਵਿਖੇ ਡੰਪ ਸਾਈਟ ਦਾ ਦੌਰਾ

ਬਰਨਾਲਾ, 25 ਅਕਤੂਬਰ
ਪੰਜਾਬ ਸਰਕਾਰ ਦੇ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਸੁਰੱਖਿਅਤ ਵਾਤਾਵਰਣ ਯਕੀਨੀ ਬਣਾਉਣ ਲਈ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਸਬੰਧੀ ਅਣਥੱਕ ਪ੍ਰਯਾਸ ਕੀਤੇ ਜਾ ਰਹੇ ਹਨ । ਜ਼ਿਲ੍ਹੇ ਵਿੱਚ ਇਸ ਵੇਲੇ 85 ਬੇਲਰ ਖੇਤਾਂ ਵਿੱਚੋਂ ਪਰਾਲੀ ਇਕੱਠੀ ਕਰਨ ਲਈ ਕੰਮ ਕਰ ਰਹੇ ਹਨ ਤਾਂ ਜੋ 14 ਡੰਪ ਸਾਈਟਾਂ 'ਤੇ ਪਰਾਲੀ ਸਟੋਰ ਕੀਤੀ ਜਾ ਸਕੇ। 
 
ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ. ਬੈਨਿਥ ਨੇ ਪਿੰਡ ਚੰਨਣਵਾਲ ਵਿਖੇ ਸਥਿਤ ਡੰਪ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪਹਿਲਾਂ ਹੀ ਪੁਲਿਸ ਅਤੇ ਸਿਵਲ ਅਧਿਕਾਰੀ ਖੇਤਾਂ ਦਾ ਦੌਰਾ ਕਰ ਰਹੇ ਹਨ ਜੋ ਕਿਸਾਨਾਂ ਨੂੰ ਪਰਾਲੀ ਸਾੜਨ ਦੀ ਬਜਾਏ ਪ੍ਰਬੰਧਨ ਕਰਨ ਲਈ ਪ੍ਰੇਰਿਤ ਕਰ ਰਹੇ ਨੇ।
 
ਉਨ੍ਹਾਂ ਅੱਗੇ ਕਿਹਾ ਕਿ ਇਸ ਵੇਲੇ 85 ਬੇਲਰ ਝੋਨੇ ਦੀਆਂ ਗੱਠਾਂ ਬਣਾਉਣ ਤੇ ਲੱਗੇ ਹਨ ਅਤੇ ਇਨ੍ਹਾਂ ਗੱਠਾਂ ਨੂੰ 14 ਨਿਰਧਾਰਤ ਡੰਪਿੰਗ ਸਾਈਟਾਂ 'ਤੇ ਸਟੋਰ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਨੇ ਬਰਨਾਲਾ ਜ਼ਿਲ੍ਹੇ ਦੇ ਅਧਿਕਾਰ ਖੇਤਰ ਵਿੱਚ ਡੰਪ ਸਥਾਪਿਤ ਕੀਤੇ ਹਨ ਅਤੇ ਨੇੜਲੇ ਜ਼ਿਲ੍ਹਿਆਂ ਵਿੱਚ ਡੰਪ ਸਾਈਟਾਂ ਨਾਲ ਵੀ ਤਾਲਮੇਲ ਬਣਾਇਆ ਹੈ। 14 ਡੰਪਿੰਗ ਸਾਈਟਾਂ ਵਿੱਚ ਪਿੰਡ ਚੰਨਣਵਾਲ ਤੋਂ ਇਲਾਵਾ ਹੰਡਿਆਇਆ, ਤਾਜੋਕੇ, ਰੁੜੇਕੇ ਖੁਰਦ, ਹਰੀਗੜ੍ਹ, ਕੋਟਦੁੰਨਾ, ਧੌਲਾ, ਗਿੱਲ ਕੋਠੇ (ਸਹਿਣਾ), ਭਦੌੜ, ਗਹਿਲ, ਭੈਣੀ ਜੱਸਾ, ਨਾਈਵਾਲਾ ਰੋਡ, ਜੋਗਾ ਜ਼ਿਲ੍ਹਾ ਮਾਨਸਾ ਅਤੇ ਪੰਜਗਰਾਈਂ ਜ਼ਿਲ੍ਹਾ ਸੰਗਰੂਰ ਸ਼ਾਮਿਲ ਹਨ।
 
ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਕਾਨੂੰਗੋ ਚੰਨਣਵਾਲ ਦੀ ਟੀਮ ਵੀ ਮੌਜੂਦ ਡਿਪਟੀ ਕਮਿਸ਼ਨਰ ਨਾਲ ਮੌਜੂਦ ਰਹੀ। 
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ ਮਸ਼ੀਨਰੀ ਸਬੰਧੀ ਕੋਈ ਸਮੱਸਿਆ ਆਉਂਦੀ ਹੈ, ਤਾਂ ਉਹ ਕੰਟਰੋਲ ਰੂਮ (ਸਵੇਰੇ 11 ਵਜੇ ਤੋਂ ਸ਼ਾਮ 7 ਵਜੇ ਤੱਕ) 01679-233031 ਨੰਬਰ 'ਤੇ ਜਾਂ ਬਲਾਕ ਖੇਤੀਬਾੜੀ ਅਧਿਕਾਰੀ ਨਾਲ ਸੰਪਰਕ ਕਰ ਸਕਦਾ ਹੈ।
 
ਇਸ ਤੋਂ ਇਲਾਵਾ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਸਬੰਧੀ ਲਗਾਏ ਗਏ ਨੋਡਲ ਅਫਸਰ ਅਤੇ ਕਲੱਸਟਰ ਅਫਸਰ ਪੁਲਿਸ ਟੀਮਾਂ ਦੀ ਮਦਦ ਨਾਲ ਪਿੰਡਾਂ ਚ ਨਜ਼ਰਸਾਨੀ ਕਰ ਰਹੀਆਂ ਹਨ। ਇਨ੍ਹਾਂ ਟੀਮਾਂ ਵੱਲੋਂ ਪਿੰਡਾਂ ਚ ਹੂਟਰ ਵਜਾ ਕੇ ਲੋਕਾਂ ਨੂੰ ਪਰਾਲੀ ਅੱਗ ਨਾ ਲਗਾਉਣ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ।
ਪਿੰਡ ਫਰਵਾਹੀ, ਕੋਠੇ ਸੁਰਜੀਤਪੁਰਾ, ਪਿੰਡ ਕਿਰਪਾਲ ਸਿੰਘ ਵਾਲਾ, ਕਲਾਲ ਮਾਜਰਾ, ਗੰਗੋਹਾਰ, ਨਾਈਵਾਲਾ, ਰੂੜੇਕੇ ਖੁਰਦ, ਕਾਲੇਕੇ ਆਦਿ ਵਿਖੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ।