ਪਰਾਲੀ ਦੀ ਅੱਗ ਨੂੰ ਰੋਕਣ ਲਈ ਖਡੂਰ ਸਾਹਿਬ ਤਹਿਸੀਲ ਦੇ ਸਾਰੇ ਪਿੰਡਾਂ ਦੇ ਆਲੇ ਦੁਆਲੇ ਚੈਕਿੰਗ ਟੀਮਾਂ ਨੇ ਗਸ਼ਤ ਵਧਾਈ

ਪਰਾਲੀ ਦੀ ਅੱਗ ਨੂੰ ਰੋਕਣ ਲਈ ਖਡੂਰ ਸਾਹਿਬ ਤਹਿਸੀਲ ਦੇ ਸਾਰੇ ਪਿੰਡਾਂ ਦੇ ਆਲੇ ਦੁਆਲੇ ਚੈਕਿੰਗ ਟੀਮਾਂ ਨੇ ਗਸ਼ਤ ਵਧਾਈ

ਖਡੂਰ ਸਾਹਿਬ/ਤਰਨ ਤਾਰਨ, 25 ਅਕਤੂਬਰ (        ) - ਝੋਨੇ ਦੀ ਪਰਾਲੀ ਦੀ ਅੱਗ ਦੀ ਰੋਕਥਾਮ ਲਈ ਮਾਨਯੋਗ ਸੁਪਰੀਮ ਕੋਰਟ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਦੇ ਸਹੀ ਉਪਾਵਾਂ ਬਾਰੇ ਲਗਾਤਾਰ ਜਾਗਰੂਕ ਕੀਤਾ ਰਿਹਾ ਹੈ। ਇਸ ਤੋਂ ਇਲਾਵਾ ਪਰਾਲੀ ਦੀ ਅੱਗ ਨੂੰ ਰੋਕਣ ਲਈ ਚੈਕਿੰਗ ਟੀਮਾਂ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਖੁਸ਼ਪ੍ਰੀਤ ਸਿੰਘ, ਉਪ ਮੰਡਲ ਮੈਜਿਸਟਰੇਟ ਖਡੂਰ ਸਾਹਿਬ ਨੇ ਦੱਸਿਆ ਕਿ ਸਟੱਬਲ ਬਰਨਿੰਗ ਨੂੰ ਰੋਕਣ ਲਈ ਖਡੂਰ ਸਾਹਿਬ ਸਬ ਡਵੀਜ਼ਨ ਵਿੱਚ ਖੇਤੀਬਾੜੀ ਵਿਭਾਗ, ਬਿਜਲੀ ਵਿਭਾਗ, ਪੰਜਾਬ ਮੰਡੀ ਬੋਰਡ, ਸਹਿਕਾਰੀ ਵਿਭਾਗ ਆਦਿ ਦੇ ਅਧਿਕਾਰੀ/ਕਰਮਚਾਰੀ ਬਤੌਰ ਕਲੱਸਟਰ ਅਫ਼ਸਰ ਅਤੇ ਨੋਡਲ ਅਫ਼ਸਰ ਸਾਰੇ ਪਿੰਡਾਂ ਵਿੱਚ ਤਾਇਨਾਤ ਕੀਤੇ ਗਏ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਲਗਾਤਾਰ ਪਿੰਡਾਂ ਵਿੱਚ ਸਵੇਰੇ 10:00 ਵਜੇ ਤੋਂ ਲੈ ਕੇ ਸ਼ਾਮ 6:00 ਵਜੇ ਤੱਕ ਸਟੱਬਲ ਬਰਨਿੰਗ ਨੂੰ ਰੋਕਣ ਲਈ ਗਸ਼ਤ ਕਰ ਰਹੀਆਂ ਹਨ ਕਿ ਪਿੰਡਾਂ ਵਿੱਚ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲੱਗੇ। ਜੇਕਰ ਕੋਈ ਵਿਅਕਤੀ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਂਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਅੱਗ ਲਗਾਉਣ ਵਾਲੇ ਕਿਸਾਨ ਦੀ ਜ਼ਮੀਨ ਦੇ ਜਮਾਂਬੰਦੀ ਵਿੱਚ ਰੈੱਡ ਐਂਟਰੀ ਵੀ ਕੀਤੀ ਜਾ ਰਹੀ ਹੈ।

ਗਸ਼ਤ ਕਰ ਰਹੀਆਂ ਟੀਮਾਂ ਵਿੱਚ ਸ਼ਾਮਿਲ ਨਾਇਬ ਤਹਿਸੀਲਦਾਰ ਸ੍ਰੀ ਨਵਜੋਤ ਤਿਵਾੜੀ ਅਤੇ ਕਲਸਟਰ ਅਫਸਰ ਡਾ: ਯਾਦਵਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਝੋਨੇ ਦੀ ਰਹਿੰਦ ਖੂੰਹਦ ਦੀ ਸਾਂਭ ਸੰਭਾਲ ਲਈ ਖੇਤੀਬਾੜੀ ਵਿਭਾਗ ਵੱਲੋਂ ਜ਼ੀਰੋ ਡਰਿੱਲ, ਸੁਪਰਸੀਡਰ, ਸਮਾਰਟ ਸੀਡਰ ਆਦਿ ਬਿਨ੍ਹਾਂ ਕਿਸੇ ਖਰਚੇ ਦੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਸ ਵੀ ਕਿਸਾਨ ਨੂੰ ਉਕਤ ਮਸ਼ੀਨਾਂ ਦੀ ਜ਼ਰੂਰਤ ਹੈ, ਉਹ ਆਪਣੇ ਹਲਕੇ ਦੇ ਸਬੰਧਤ ਖੇਤੀਬਾੜੀ ਅਫ਼ਸਰ ਨਾਲ ਸੰਪਰਕ ਕਰਕੇ ਖੇਤੀ ਸੰਦ ਲੈ ਸਕਦਾ ਹੈ।