ਕਿਸਾਨਾਂ ਨੂੰ ਫ਼ਸਲਾਂ ਸਬੰਧੀ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਪੈਸਟ ਸਰਵੇਲੈਂਸ ਟੀਮਾਂ ਦਾ ਗਠਨ ਕੀਤਾ ਗਿਆ- ਡਾ. ਕੁਲਵੰਤ ਸਿੰਘ
ਫ਼ਰੀਦਕੋਟ 21 ਜੁਲਾਈ
ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ—ਨਿਰਦੇਸ਼ ਅਨੁਸਾਰ ਮੁੱਖ ਖੇਤੀਬਾੜੀ ਅਫਸਰ, ਡਾ.ਕੁਲਵੰਤ ਸਿੰਘ ਦੀ ਅਗਵਾਈ ਹੇਠ ਜਿਲ੍ਹਾ ਫਰੀਦਕੋਟ ਅੰਦਰ ਜਿਲ੍ਹਾ ਪੱਧਰ ਅਤੇ ਬਲਾਕ ਪੱਧਰ ਤੇ ਪਿੰਡ ਵਿੱਚ ਖੇਤਾਂ ਦਾ ਦੌਰਾ ਕਰਨ ਲਈ ਪੈਸਟ ਸਰਵੇਲੈਂਸ ਟੀਮਾਂ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਕਿਸਾਨਾਂ ਨੂੰ ਖੇਤਾਂ ਵਿੱਚ ਫਸਲਾਂ ਸਬੰਧੀ ਆਉਂਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾ ਸਕੇ। ਪਿਛਲੇ ਕੁਝ ਦਿਨਾਂ ਤੋਂ ਵੱਖ—ਵੱਖ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਟੈਲੀਫੋਨ ਰਾਹੀਂ ਜਾਂ ਵਿਭਾਗ ਨਾਲ ਰਾਬਤਾ ਕਾਇਮ ਕਰਕੇ ਝੋਨੇ ਦੇ ਬੂਟਿਆਂ ਵਿੱਚ ਮਧਰੇਪਨ ਦੀ ਸਮੱਸਿਆ ਸਬੰਧੀ ਦੱਸਿਆ ਜਾ ਰਿਹਾ ਹੈ। ਸੋ ਵਿਭਾਗ ਵੱਲੋਂ ਗਠਿਤ ਕੀਤੀਆਂ ਟੀਮਾਂ ਵੱਲੋਂ ਵੱਖ—ਵੱਖ ਪਿੰਡਾਂ ਵਿੱਚ ਝੋਨੇ ਦੇ ਖੇਤਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਤਾਂ ਜੋ ਝੋਨੇ ਦੇ ਬੂਟਿਆਂ ਵਿੱਚ ਮਧਰੇਪਨ ਸਬੰਧੀ ਆ ਰਹੀ ਸਮੱਸਿਆ ਸਬੰਧੀ ਕਿਸਾਨਾਂ ਨੂੰ ਜਾਣੂ ਕਰਵਾ ਕੇ ਇਸ ਤੇ ਕਾਬੂ ਪਾਇਆ ਜਾ ਸਕੇ।
ਇਸ ਲੜੀ ਤਹਿਤ ਮੁੱਖ ਖੇਤੀਬਾੜੀ ਅਫਸਰ, ਡਾ. ਕੁਲਵੰਤ ਸਿੰਘ ਅਤੇ ਉਹਨਾਂ ਦੀ ਟੀਮ ਜਿਸ ਵਿੱਚ ਡਾ.ਅਵੀਨਿੰਦਰਪਾਲ ਸਿੰਘ ਜਿਲ੍ਹਾ ਸਿਖਲਾਈ ਅਫਸਰ ਫਰੀਦਕੋਟ, ਡਾ. ਰੁਪਿੰਦਰ ਸਿੰਘ, ਖੇਤੀਬਾੜੀ ਅਫਸਰ (ਟੇ੍ਰਨਿੰਗ)ਫਰੀਦਕੋਟ ਅਤੇ ਡਾ.ਦਵਿੰਦਰ ਪਾਲ ਸਿੰਘ ਗਰੇਵਾਲ ਖੇਤੀਬਾੜੀ ਵਿਸਥਾਰ ਅਫਸਰ ਸਰਕਲ ਕੋਟਸੁਖੀਆ ਵੱਲੋਂ ਪਿੰਡ ਧੂੜਕੋਟ ਦਾ ਦੌਰਾ ਕੀਤਾ ਗਿਆ,ਜਿੱਥੇ ਉਹਨਾਂ ਨੂੰ ਸ੍ਰੀ ਹਰਫੂਲ ਸਿੰਘ ਕਿਸਾਨ ਦੇ ਖੇਤ ਵਿੱਚ ਝੋਨੇ ਦੇ ਬੂਟਿਆਂ ਵਿੱਚ ਮਧਰੇਪਨ ਦੀ ਸਮੱਸਿਆ ਦੇਖਣ ਨੂੰ ਮਿਲੀ। ਉਹਨਾਂ ਮੌਕੇ ਤੇ ਮੌਜੂਦ ਕਿਸਾਨ ਵੀਰਾਂ ਨੂੰ ਦੱਸਿਆ ਕਿ ਬੂਟਿਆਂ ਦਾ ਮਧਰੇ ਰਹਿ ਜਾਣਾ ਇੱਕ ਨਵਾਂ ਵਿਸ਼ਾਣੂ ਰੋਗ ਹੈ ਜੋ ਕਿ ਝੋਨੇ ਦੇ ਚਿੱਟੀ ਪਿੱਠ ਵਾਲੇ ਟਿੱਡੇ ਰਾਹੀਂ ਪ੍ਰਭਾਵਿਤ ਬੂਟਿਆਂ ਤੋਂ ਸਿਹਤਮੰਦ ਬੂਟਿਆਂ ਤੱਕ ਫੈਲਦਾ ਹੈ। ਉਹਨਾਂ ਦੱਸਿਆ ਕਿ ਇਹ ਵਿਸ਼ਾਣੂ ਰੋਗ ਝੋਨੇ ਦੀਆਂ ਮੌਜੂਦਾ ਸਾਰੀਆਂ ਕਿਸਮਾਂ ਤੇ ਹਮਲਾਕਰ ਸਕਦਾ ਹੈ। ਇਸ ਰੋਗ ਨਾਲ ਪ੍ਰਭਾਵਿਤ ਬੂਟੇ ਮਧਰੇ, ਉਹਨਾਂ ਦੇ ਪੱਤੇ ਨੋਕਦਾਰ ਅਤੇ ਜੜ੍ਹਾਂ ਘੱਟ ਡੂੰਘੀਆਂ ਰਹਿ ਜਾਂਦੀਆਂ ਹਨ। ਪ੍ਰਭਾਵਿਤ ਬੂਟਿਆਂ ਦੀ ਉਚਾਈ ਆਮ ਬੂਟਿਆਂ ਨਾਲੋਂ ਅੱਧੀ ਜਾਂ ਇੱਕ ਤਿਹਾਈ ਰਹਿ ਜਾਂਦੀ ਹੈ। ਜੇਕਰ ਹਮਲਾ ਜਿਆਦਾ ਮਾਤਰਾ ਵਿੱਚ ਹੋਵੇ ਤਾਂ ਕਈ ਵਾਰ ਬੂਟੇ ਮੁਰਝਾ ਕੇ ਸੁੱਕ ਵੀ ਜਾਂਦੇ ਹਨ ਅਤੇ ਜਲਦੀ ਪੁੱਟੇ ਜਾਂਦੇ ਹਨ। ਉਹਨਾਂ ਦੱਸਿਆ ਕਿ ਇਸ ਬਿਮਾਰੀ ਨੂੰ ਫੈਲਾਉਣ ਵਾਲੇ ਚਿੱਟੀ ਪਿੱਠ ਵਾਲੇ ਟਿੱਡਿਆਂ ਦਾ ਖੇਤ ਵਿੱਚ ਲਗਾਤਾਰ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ ਅਤੇ ਜੇਕਰ ਫਸਲ ਵਿੱਚ ਸੰਭਾਵਿਤ ਬਿਮਾਰੀ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਸਬੰਧਤ ਪਿੰਡ ਦੇ ਖੇਤੀਬਾੜੀ ਵਿਕਾਸ ਅਫਸਰ ਜਾਂ ਖੇਤੀ ਬਾੜੀ ਵਿਸਥਾਰ ਅਫਸਰ ਨਾਲ ਤੁਰੰਤ ਰਾਬਤਾ ਕਾਇਮ ਕੀਤਾ ਜਾਵੇ। ਇਸ ਤੋਂ ਇਲਾਵਾ ਜੇਕਰ ਖੇਤਾਂ ਵਿੱਚ ਟਿੱਡਿਆਂ ਦੀ ਆਮਦ ਨਜਰ ਆਉਂਦੀ ਹੈ ਤਾਂ 94 ਮਿ.ਲਿ.ਪੈਕਸਾਲੋਨ 10 ਐਸ.ਸੀ.ਜਾਂ 60 ਗ੍ਰਾਮ ਉਲਾਲਾ 50 ਡਬਲਯੂ ਜੀਜਾਂ 80 ਗ੍ਰਾਮਓਸ਼ੀਨ/ਟੋਕਨ/ਡੋਮਿਨੇਂਟ 20 ਐਸ.ਜੀ.ਜਾਂ 120 ਗ੍ਰਾਮਚੈੱਸ 50 ਡਬਲਯੂ ਜੀਜਾਂ 400 ਮਿ.ਲਿ.ਆਰਕੈਸਟਰਾ 10 ਐਸ.ਸੀ.ਜਾਂ 300 ਮਿ.ਲਿ.ਇਮੇਜਿਨ 10 ਐਸ.ਸੀ. ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿੱਚ ਘੋਲ ਕੇ ਬੂਟਿਆਂ ਦੇ ਮੁੱਢਾਂ ਤੇ ਗੋਲ ਨੌਜਲ ਨਾਲ ਛਿੜਕਾਅ ਕਰੋ।