ਜਲੰਧਰ 'ਚ ਵੱਡਾ ਹਾਦਸਾ! ਸਕੂਲ ਬੱਸ ਦੇ ਹੇਠਾਂ ਆਈ ਮਾਸੂਮ, ਤੜਫ਼-ਤੜਫ਼ ਕੇ ਨਿਕਲੀ ਜਾਨ
Innocent girl falls under school bus
ਜਲੰਧਰ 'ਚ ਵੱਡਾ ਹਾਦਸਾ!
ਜਲੰਧਰ ਵਿਖੇ ਵੱਡਾ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਜਲੰਧਰ ਦਿਹਾਤੀ ਦੇ ਆਦਮਪੁਰ ਵਿੱਚ ਸਥਿਤ ਐੱਸ. ਡੀ. ਪਬਲਿਕ ਸਕੂਲ ਦੀ ਬੱਸ ਦੀ ਟੱਕਰ ਨਾਲ 4 ਸਾਲਾ ਬੱਚੀ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ 4 ਸਾਲਾ ਕੀਰਤ ਧੀ ਇੰਦਰਜੀਤ ਸਿੰਘ ਵਾਸੀ ਉਦੇਸੀਆਂ ਵਜੋਂ ਹੋਈ ਹੈ। ਕੀਰਤ ਯੂ. ਕੇ. ਜੀ. ਜਮਾਤ ਦੀ ਵਿਦਿਆਰਥਣ ਸੀ। ਇਸ ਹਾਦਸੇ ਮਗਰੋਂ ਮਾਪਿਆਂ ਸਣੇ ਪੂਰੇ ਇਲਾਕੇ ’ਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਜਦੋਂ ਬੱਚੀ ਸਕੂਲ ਬੱਸ ਤੋਂ ਹੇਠਾਂ ਉਤਰਣ ਲੱਗੀ ਤਾਂ ਬੱਸ ਡਰਾਈਵਰ ਦੀ ਗਲਤੀ ਕਾਰਨ ਬੱਚੀ ਬੱਸ ਦੇ ਹੇਠਾਂ ਆ ਗਈ। ਇਸ ਘਟਨਾ ਵਿੱਚ ਜ਼ਖ਼ਮੀ ਬੱਚੀ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ। ਆਦਮਪੁਰ ਥਾਣਾ ਇੰਚਾਰਜ ਹਰਦੇਵ ਪ੍ਰੀਤ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਆਦਮਪੁਰ ਥਾਣੇ ਦੀ ਪੁਲਸ ਟੀਮ ਤੁਰੰਤ ਮੌਕੇ 'ਤੇ ਪਹੁੰਚੀ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਘਟਨਾ ਤੋਂ ਬਾਅਦ ਬੱਸ ਡਰਾਈਵਰ ਮੌਕੇ ਤੋਂ ਭੱਜ ਗਿਆ, ਪੁਲਸ ਟੀਮਾਂ ਉਸ ਦੀ ਭਾਲ ਕਰ ਰਹੀਆਂ ਹਨ। ਪੁਲਸ ਦਾ ਕਹਿਣਾ ਹੈ ਕਿ ਸਕੂਲ ਅਤੇ ਬੱਸ ਸਟਾਫ਼ ਦੀ ਲਾਪਰਵਾਹੀ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਦੱਸ ਦੇਈਏ ਕਿ ਇਸ ਦੌਰਾਨ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਵੱਲੋਂ ਜਲੰਧਰ-ਹੁਸ਼ਿਆਰਪੁਰ ਹਾਈਵੇਅ ਨੂੰ ਆਦਮਪੁਰ ਨੇੜੇ ਜਾਮ ਕਰ ਦਿੱਤਾ ਗਿਆ ਸੀ। ਜਿਸ ਕਾਰਨ ਆਸ ਪਾਸ ਅਤੇ ਹਾਈਵੇਅ 'ਤੇ ਭਾਰੀ ਜਾਮ ਲੱਗ ਗਿਆ। ਮੌਕੇ 'ਤੇ ਪਹੁੰਚੀ ਪੁਲਸ ਨੇ ਕਿਸੇ ਤਰ੍ਹਾਂ ਪਰਿਵਾਰਕ ਮੈਂਬਰਾਂ ਨੂੰ ਸਮਝਾਉਣਾ ਸ਼ੁਰੂ ਕੀਤਾ। ਪੁਲਸ ਅਨੁਸਾਰ ਉਕਤ ਮਾਮਲੇ ਵਿੱਚ ਸਕੂਲ ਦੇ ਅੰਦਰ ਲੱਗੇ ਸੀ. ਸੀ. ਟੀ. ਵੀ. ਜਲਦੀ ਹੀ ਕਬਜ਼ੇ ਵਿੱਚ ਲੈ ਲਏ ਜਾਣਗੇ। ਡਰਾਈਵਰ ਦਾ ਡਾਕਟਰੀ ਮੁਆਇਨਾ ਕੀਤਾ ਜਾਵੇਗਾ, ਜੇਕਰ ਡਰਾਈਵਰ ਨਸ਼ੇ ਵਿੱਚ ਹੈ ਤਾਂ ਉਸ 'ਤੇ ਕਾਰਵਾਈ ਕੀਤੀ ਜਾਵੇਗੀ। ਸਕੂਲ ਵਿੱਚ 300 ਤੋਂ ਵੱਧ ਬੱਚੇ ਪੜ੍ਹਦੇ ਹਨ।