ਮਾਤਾ ਚਿੰਤਪੁਰਨੀ ਮੇਲਾ-2025, 100 ਫੀਸਦੀ ਪਲਾਸਟਿਕ-ਮੁਕਤ ਬਣਾਉਣ ਦੀ ਪਹਿਲ

ਮਾਤਾ ਚਿੰਤਪੁਰਨੀ ਮੇਲਾ-2025, 100 ਫੀਸਦੀ ਪਲਾਸਟਿਕ-ਮੁਕਤ ਬਣਾਉਣ ਦੀ ਪਹਿਲ

ਹੁਸ਼ਿਆਰਪੁਰ, 21 ਜੁਲਾਈ :
       ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਅਤੇ ਰੈੱਡ ਕ੍ਰਾਸ ਸੁਸਾਇਟੀ ਨੇ ਮਾਤਾ ਚਿੰਤਪੁਰਨੀ ਮੇਲੇ ਨੂੰ ਵਾਤਾਵਰਨ ਦੇ ਅਨੁਕੂਲ ਅਤੇ 100 ਫੀਸਦੀ ਪਲਾਸਟਿਕ ਮੁਕਤ ਬਣਾਉਣ ਲਈ ‘ਚੜ੍ਹਦਾ ਸੂਰਜ’ ਮੁਹਿੰਮ ਤਹਿਤ ਇਕ ਨਵੀਂ ਪਹਿਲ ਸ਼ੁਰੂ ਕੀਤੀ ਹੈ। ਇਹ ਮੇਲਾ 25 ਜੁਲਾਈ ਤੋਂ 4 ਅਗਸਤ 2025 ਤੱਕ ਆਯੋਜਿਤ ਹੋਵੇਗਾ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਇਸ ਮੁਹਿੰਮ ਦਾ ਐਲਾਨ ਕਰਦਿਆਂ ਗੈਰ-ਸਰਕਾਰੀ ਸੰਸਥਾਵਾਂ (ਐਨ.ਜੀ.ਓਜ਼, ਸਮਾਜ ਸੇਵਕਾਂ ਅਤੇ ਵਿਅਕਤੀਗਤ ਚੇਂਜਮੇਕਰਸ ਤੋਂ ਇਸ ਪਵਿੱਤਰ ਮੇਲੇ ਨੂੰ ਵਾਤਾਵਰਨ ਸੁਰੱਖਿਆ ਦਾ ਪ੍ਰਤੀਕ ਬਣਾਉਣ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ।
  ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਮਾਤਾ ਚਿੰਤਪੁਰਨੀ ਮੇਲਾ ਸਾਡੀ ਸੱਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਦਾ ਅਨਿੱਖੜਵਾਂ ਅੰਗ ਹੈ। ਇਸ ਵਾਰ ‘ਚੜ੍ਹਦਾ ਸੂਰਜ’ ਮੁਹਿੰਮ ਤਹਿਤ ਮੇਲੇ ਨੂੰ ਪਲਾਸਟਿਕ ਪ੍ਰਦੂਸ਼ਣ ਤੋਂ ਮੁਕਤ ਕਰਨ ਦਾ ਸੰਕਲਪ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਇਸ ਮੇਲੇ ਨੂੰ ਨਾ ਸਿਰਫ਼ ਅਧਿਆਤਮਿਕ ਤੌਰ 'ਤੇ ਪਵਿੱਤਰ ਬਣਾਉਣਾ ਹੈ, ਸਗੋਂ ਵਾਤਾਵਰਨ ਦੇ ਦ੍ਰਿਸ਼ਟੀਕੋਣ ਤੋਂ ਵੀ ਇਸ ਨੂੰ ਸਾਫ਼ ਅਤੇ ਸ਼ੁੱਧ ਰੱਖਣਾ ਹੈ। ਇਸ ਮੁਹਿੰਮ ਵਿਚ ਸਾਰੇ ਗੈਰ-ਸਰਕਾਰੀ ਸੰਗਠਨਾਂ, ਵਲੰਟੀਅਰਾਂ ਅਤੇ ਸਮਾਜ ਦੇ ਜਾਗਰੂਕ ਨਾਗਰਿਕਾਂ ਤੋਂ ਸਰਗਰਮ ਸਹਿਯੋਗ ਦੀ ਉਮੀਦ ਹੈ।
         ਇਸ ਮੁਹਿੰਮ ਤਹਿਤ ਵਲੰਟੀਅਰਾਂ ਨੂੰ ਮਹੱਤਵਪੂਰਨ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਨੂੰ ਸ਼ਿਫਟਾਂ ਦੇ ਹਿਸਾਬ ਨਾਲ ਆਦਮਵਾਲ ਤੋਂ ਲੈ ਕੇ ਹੁਸ਼ਿਆਰਪੁਰ ਸਰਹੱਦ ਤੱਕ ਲੰਗਰਾਂ ਵਿਚ ਨਿਯੁਕਤ ਕੀਤਾ ਜਾਵੇਗਾ। ਇਹ ਵਲੰਟੀਅਰ ਇਸ ਦੌਰਾਨ ਸਟਾਲਾਂ ਅਤੇ ਲੰਗਰ ਪੰਡਾਲਾਂ ਦੀ ਨਿਯਤਿਮ ਸਫ਼ਾਈ ਦੀ ਨਿਗਰਾਨੀ, 100 ਫੀਸਦੀ ਪਲਾਸਟਿਕ-ਮੁਕਤ ਪੰਡਾਲ ਯਕੀਨੀ ਬਣਾਉਣ, ਸ਼ਰਧਾਲੂਆਂ ਨੂੰ ਨੋ-ਪਲਾਸਟਿਕ ਨੀਤੀ ਦੇ ਪ੍ਰਤੀ ਜਾਗਰੂਕ ਕਰਨ, ਕਚਰਾ ਪ੍ਰਬੰਧਨ ਵਿਚ ਸਹਿਯੋਗ ਕਰਨ ਅਤੇ 10 ਦਿਨਾਂ ਤੱਕ ਸਭ ਤੋਂ ਵਧੀਆ ਸਟਾਲਾਂ ਦੀ ਨਿਯਮਿਤ ਰਿਪੋਰਟਿੰਗ ਕਰਨਗੇ।
    ਡਿਪਟੀ ਕਮਿਸ਼ਨਰ ਨੇ ਜ਼ੋਰ ਦੇ ਕੇ ਕਿਹਾ ਕਿ ਵਲੰਟੀਅਰਾਂ ਦਾ ਇਹ ਯੋਗਦਾਨ ਮੇਲੇ ਨੂੰ ਵਾਤਾਵਰਨ ਪੱਖੀ ਬਣਾਉਣ ਵਿਚ ਇਕ ਮੀਲ ਪੱਥਰ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਮੁਹਿੰਮ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਸੰਸਥਾਵਾਂ ਅਤੇ ਵਲੰਟੀਅਰਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ। ਸਭ ਤੋਂ ਵਧੀਆ ਪੰਡਾਲਾਂ ਅਤੇ ਚੇਂਜਮੇਕਰਾਂ ਨੂੰ ਇਕ ਮੈਗਾ ਈਵੈਂਟ ਵਿਚ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
      ਆਸ਼ਿਕਾ ਜੈਨ ਨੇ ਕਿਹਾ ਕਿ ਇਹ ਸਨਮਾਨ ਨਾ ਸਿਰਫ਼ ਤੁਹਾਡੇ ਯੋਗਦਾਨ ਦੀ ਕਦਰ ਕਰੇਗਾ, ਬਲਕਿ ਦੂਜਿਆਂ ਨੂੰ ਵਾਤਾਵਰਨ ਦੀ ਰੱਖਿਆ ਲਈ ਵੀ ਪ੍ਰੇਰਿਤ ਕਰੇਗਾ। ਉਨ੍ਹਾਂ ਕਿਹਾ ਕਿ ਚਾਹਵਾਨ ਐਨ.ਜੀ.ਓ ਅਤੇ ਵਲੰਟੀਅਰ 23 ਜੁਲਾਈ 2025 ਤੱਕ ਰਜਿਸਟਰ ਕਰਵਾ ਸਕਦੇ ਹਨ। ਰਜਿਸਟ੍ਰੇਸ਼ਨ ਦੇ ਲਈ ਉਹ ਗੂਗਲ ਫਾਰਮ      (https://docs.google.com/forms/d/1gfjpLMVXytTCrq_tfhMEqQGk42zNLvAUVijM_S_lybI/viewform) ਭਰਨ ਜਾਂ ਮੋਬਾਇਲ ਨੰਬਰ 73800-90643 ‘ਤੇ ਸੰਪਰਕ ਕਰਨ।

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸਾਰਿਆਂ ਨੂੰ ਇਸ ਮੁਹਿੰਮ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਇਹ ਮਾਤਾ ਚਿੰਤਪੁਰਨੀ ਦੇ ਇਸ ਪਵਿੱਤਰ ਮੇਲੇ ਨੂੰ ਸਾਫ਼-ਸੁਥਰਾ ਅਤੇ ਪਲਾਸਟਿਕ ਮੁਕਤ ਬਣਾਉਣ ਦਾ ਸੁਨਹਿਰੀ ਮੌਕਾ ਹੈ। ਉਨ੍ਹਾਂ ਸੱਦਾ ਦਿੱਤਾ ਕਿ ਆਓ ਅਸੀਂ ਸਾਰੇ ਮਿਲ ਕੇ ‘ਚੜ੍ਹਦਾ ਸੂਰਜ’ ਮੁਹਿੰਮ ਨੂੰ ਸਫਲ ਬਣਾਈਏ ਅਤੇ ਵਾਤਾਵਰਨ ਸੁਰੱਖਿਆ ਦੀ ਦਿਸ਼ਾ ਵਿਚ ਇਕ ਨਵੀਂ ਮਿਸਾਲ ਕਾਇਮ ਕਰੀਏ।