ਵਿਧਾਇਕ ਮਾਲੇਰਕੋਟਲਾ ਨੇ ਸਥਾਨਕ ਔਰਤਾਂ ਦੀਆਂ ਸਮੱਸਿਆਵਾਂ ਸੁਣੀਆਂ
By NIRPAKH POST
On
ਮਾਲੇਰਕੋਟਲਾ, 04 ਜਨਵਰੀ :
ਆਮ ਲੋਕਾਂ, ਖਾਸ ਕਰਕੇ ਮਹਿਲਾਵਾਂ ਦੀਆਂ ਸਮੱਸਿਆਵਾਂ ਨੂੰ ਤਰਜੀਹੀ ਅਧਾਰ ’ਤੇ ਹੱਲ ਕਰਨ ਦੇ ਉਦੇਸ਼ ਨਾਲ ਵਿਧਾਇਕ ਮਾਲੇਰਕੋਟਲਾ ਡਾ ਜਮੀਲ ਉਰ ਰਹਿਮਾਨ ਨੇ ਆਪਣੇ ਦਫ਼ਤਰ ਵਿਖੇ ਸਥਾਨਕ ਔਰਤਾਂ ਦੀਆਂ ਸਮੱਸਿਆਵਾਂ ਸੁਣੀਆਂ । ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਔਰਤਾਂ ਪਹੁੰਚੀਆਂ ਅਤੇ ਉਨ੍ਹਾਂ ਨੇ ਆਪਣੀਆਂ ਨਿੱਜੀ ਅਤੇ ਸਮਾਜਿਕ ਮੁਸ਼ਕਿਲਾਂ ਵਿਧਾਇਕ ਡਾ ਜਮੀਲ ਉਰ ਰਹਿਮਾਨ ਸਾਹਮਣੇ ਰੱਖੀਆਂ।
ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਬੜੇ ਧੀਰਜ ਨਾਲ ਹਰ ਇੱਕ ਮਹਿਲਾ ਦੀ ਗੱਲ ਸੁਣੀ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਤੁਰੰਤ ਸੰਪਰਕ ਕਰਕੇ ਉਨ੍ਹਾਂ ਦੀਆਂ ਜਾਇਜ ਸਮੱਸਿਆਵਾਂ ਦਾ ਮੌਕੇ ’ਤੇ ਹੀ ਨਿਪਟਾਰਾ ਕਰਵਾਇਆ। ਔਰਤਾਂ ਵੱਲੋਂ ਮੁੱਖ ਤੌਰ ’ਤੇ ਬੁਢਾਪਾ ਅਤੇ ਵਿਧਵਾ ਪੈਨਸ਼ਨ ਨਾਲ ਸਬੰਧਤ ਸਮੱਸਿਆਵਾਂ, ਰਾਸ਼ਨ ਕਾਰਡ ਬਣਵਾਉਣ ਜਾਂ ਸੋਧ ਕਰਵਾਉਣ, ਸਾਫ-ਸਫਾਈ ਅਤੇ ਕੂੜਾ ਪ੍ਰਬੰਧਨ ਦੀ ਕਮੀ ਵਰਗੇ ਮਸਲੇ ਉੱਠਾਏ ਗਏ।
ਇਸ ਤੋਂ ਇਲਾਵਾ ਇਕਬਾਲ ਕਲੋਨੀ ਨੇੜੇ ਬੱਸ ਸਟੈਂਡ ਵਿਖੇ ਲਮਕਦੀਆਂ ਬਿਜਲੀ ਦੀਆਂ ਤਾਰਾਂ ਸਬੰਧੀ ਗੰਭੀਰ ਮਸਲਾ ਵੀ ਔਰਤਾਂ ਵੱਲੋਂ ਧਿਆਨ ਵਿੱਚ ਲਿਆਂਦਾ ਗਿਆ, ਜਿਸ ’ਤੇ ਵਿਧਾਇਕ ਨੇ ਤੁਰੰਤ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਇਸ ਸਮੱਸਿਆ ਦਾ ਤੁਰੰਤ ਹੱਲ ਯਕੀਨੀ ਬਣਾਇਆ ਜਾਵੇ।
ਡਾ. ਜਮੀਲ ਉਰ ਰਹਿਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਦੀ ਨੀਤੀ ਹੈ ਕਿ ਹਰ ਵਰਗ ਦੀ ਆਵਾਜ਼ ਸੁਣੀ ਜਾਵੇ ਅਤੇ ਲੋਕਾਂ ਨੂੰ ਦਫ਼ਤਰਾਂ ਦੇ ਚੱਕਰ ਕੱਟਣ ਦੀ ਥਾਂ ਉਨ੍ਹਾਂ ਦੇ ਦਰਵਾਜ਼ੇ ’ਤੇ ਹੀ ਨਿਆਂ ਮਿਲੇ। ਉਨ੍ਹਾਂ ਕਿਹਾ ਕਿ ਮਲੇਰਕੋਟਲਾ ਦੇ ਸਰਵਪੱਖੀ ਵਿਕਾਸ ਲਈ ਮਹਿਲਾਵਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਸਭ ਤੋਂ ਵੱਡੀ ਤਰਜੀਹ ਹੈ। ਇਸ ਮੌਕੇ ਮੌਜੂਦ ਔਰਤਾਂ ਨੇ ਆਪਣੀਆਂ ਸਮੱਸਿਆਵਾਂ ਦੇ ਤੁਰੰਤ ਹੱਲ ਲਈ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਦਾ ਧੰਨਵਾਦ ਕੀਤਾ ਅਤੇ ਸਰਕਾਰ ਦੀਆਂ ਲੋਕ-ਹਿਤੈਸ਼ੀ ਨੀਤੀਆਂ ’ਤੇ ਭਰੋਸਾ ਜਤਾਇਆ ।
ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਜਾਫ਼ਰ ਅਲੀ,ਬਲਾਕ ਸੋਸ਼ਲ ਮੀਡੀਆ ਇੰਚਾਰਜ ਯਾਸਰ ਅਰਫਾਤ,ਯਾਸੀਨ ਨੇਸਤੀ ਤੋਂ ਇਲਾਵਾ ਹੋਰ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਆਹੁਦੇਦਾਰ ਮੌਜੂਦ ਸਨ ।



