ਕੈਬਿਨਟ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਧਰਦਿਉ ਵਿੱਚ 37 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਖੇਡ ਮੈਦਾਨ ਦਾ ਨੀਂਹ ਪੱਥਰ

ਕੈਬਿਨਟ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਧਰਦਿਉ ਵਿੱਚ 37 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਖੇਡ ਮੈਦਾਨ ਦਾ ਨੀਂਹ ਪੱਥਰ

ਜੰਡਿਆਲਾ ਗੁਰੂ,  4 ਜਨਵਰੀ  2026—

  ਅੱਜ ਹਲਕਾ ਜੰਡਿਆਲਾ ਗੁਰੂ ਦੇ ਗ੍ਰਾਮ ਪੰਚਾਇਤ ਧਰਦਿਉ ਵਿਖੇ 36 ਲੱਖ 82 ਹਜ਼ਾਰ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋਣ ਵਾਲੇ ਖੇਡ ਮੈਦਾਨ ਦੀ ਉਸਾਰੀ ਦੇ ਕੰਮ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਸੰਬੋਧਨ ਕਰਦੇ ਕੈਬਨਿਟ ਮੰਤਰੀ ਨੇ ਕਿਹਾ ਕਿ  ਆਧੁਨਿਕ ਸਹੂਲਤਾਂ ਨਾਲ ਤਿਆਰ ਹੋਣ ਵਾਲਾ ਇਹ ਖੇਡ ਮੈਦਾਨ ਮਾਨ ਸਰਕਾਰ ਦੀ ਉਸ ਦੂਰਦਰਸ਼ੀ ਸੋਚ ਦਾ ਪ੍ਰਤੀਕ ਹੈ, ਜਿਸ ਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਸਹੀ ਸੋਚ ਅਤੇ ਸਿਹਤਮੰਦ ਜੀਵਨਸ਼ੈਲੀ ਵੱਲ ਲੈ ਕੇ ਜਾਣਾ, ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਅਤੇ ਪੇਂਡੂ ਖਿਡਾਰੀਆਂ ਲਈ ਉੱਚ-ਮਿਆਰੀ ਮੌਕੇ ਉਪਲਬਧ ਕਰਵਾਉਣਾ ਹੈ।

 ਇਸ ਮੌਕੇ ਪਿੰਡਾਂ ਵਿੱਚ ਹੋਏ ਇਕੱਠਾਂ ਨੂੰ ਸੰਬੋਧਨ ਕਰਦੇ ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਤੁਹਾਡੀ ਸਰਕਾਰ ਹੈ, ਜਿਸ ਕਰਕੇ ਖਜ਼ਾਨੇ ਦਾ ਮੂੰਹ ਤੁਹਾਡੇ ਵੱਲ ਖੁੱਲਿਆ ਹੈ । ਉਹਨਾਂ ਕਿਹਾ ਕਿ ਤੁਸੀਂ ਪਿਛਲੀਆਂ ਸਰਕਾਰਾਂ ਦਾ ਰਾਜ ਵੀ ਵੇਖਿਆ ਹੈ, ਜਿਨਾਂ ਨੇ ਪਿੰਡਾਂ , ਪਿੰਡਾਂ ਦੇ ਸਕੂਲਾਂ  ਦੀ ਸਾਰ ਤੱਕ ਨਹੀਂ ਸੀ ਲਈ ਅਤੇ ਅੱਜ ਤੁਹਾਡੀ ਬਣਾਈ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦਾ ਇੱਕ ਇੱਕ ਪੈਸਾ ਤੁਹਾਡੇ ਉੱਤੇ ਖਰਚ ਕਰ ਰਹੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਇੱਛਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਹੈ ਅਤੇ ਪੰਜਾਬ ਪਿੰਡਾਂ ਦਾ ਦੇਸ਼ ਹੈ, ਇਸ ਲਈ ਸਾਡੀ ਕੋਸ਼ਿਸ਼ ਹੈ ਕਿ ਪਿੰਡਾਂ ਦੇ ਵਿੱਚ ਉਹ ਸਭ ਸਹੂਲਤਾਂ ਦਿੱਤੀਆਂ ਜਾਣ ਜੋ ਕਿ ਅੱਜ ਦੇ ਸਮੇਂ ਦੀ ਲੋੜ ਹਨ। ਉਹਨਾਂ ਕਿਹਾ ਕਿ ਪਿੰਡਾਂ ਦੇ ਵਿੱਚ ਗੰਦੇ ਪਾਣੀ ਦਾ ਨਿਕਾਸ, ਖੇਡ ਮੈਦਾਨਾਂ ਨੂੰ ਵਿਕਸਿਤ ਕਰਨਾ, ਕੂੜੇ ਪ੍ਰਬੰਧਨ ਦੇ ਕੰਮ ਕਰਨੇ ਅਤੇ ਪਿੰਡਾਂ ਦੇ ਵਿੱਚ ਬਿਹਤਰ ਸਿਹਤ- ਸਿੱਖਿਆ  ਸਹੂਲਤਾਂ ਦੇਣੀਆਂ ਸਾਡੀ ਅੱਜ ਦੀ ਤਰਜੀਹ ਹਨ। ਸਰਕਾਰ ਇਸ ਉੱਤੇ ਕੰਮ ਕਰ ਰਹੀ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਵੀ ਖਜ਼ਾਨੇ ਦਾ ਮੂੰਹ ਲੋਕਾਂ ਲਈ ਖੁੱਲਿਆ ਰਹੇਗਾ।

ਉਹਨਾਂ ਕਿਹਾ ਕਿ ਤੁਸੀਂ ਮੈਨੂੰ ਜੋ ਤਾਕਤ ਦਿੱਤੀ ਹੈ, ਉਸ ਤਾਕਤ ਦੀ ਵਰਤੋਂ ਮੈਂ ਤੁਹਾਡੇ ਲਈ ਕਰ ਰਿਹਾ ਹਾਂ। ਉਹਨਾਂ ਕਿਹਾ ਕਿ ਮੈਂ ਜੰਡਿਆਲਾ ਹਲਕੇ ਦਾ ਦੇਣ ਨਹੀਂ ਦੇ ਸਕਦਾ, ਜਿਨਾਂ ਨੇ ਮੈਨੂੰ ਵਿਧਾਇਕ ਬਣਾਇਆ ਤੇ ਸਾਡੀ ਪਾਰਟੀ ਨੇ ਅੱਗੋਂ ਕੈਬਨਿਟ ਮੰਤਰੀ ਦਾ ਦਰਜਾ ਦੇ ਕੇ ਜੰਡਿਆਲਾ ਹਲਕੇ ਦਾ ਮਾਣ ਵਧਾਇਆ।