ਨਗਰ ਕੌਂਸਲ ਚੋਣਾਂ ਤੋਂ ਬਾਅਦ ਨੰਗਲ ਸ਼ਹਿਰ ਦੀ ਕਾਇਆ ਕਲਪ ਕਰਾਂਗੇ -ਹਰਜੋਤ ਬੈਂਸ

ਨਗਰ ਕੌਂਸਲ ਚੋਣਾਂ ਤੋਂ ਬਾਅਦ ਨੰਗਲ ਸ਼ਹਿਰ ਦੀ ਕਾਇਆ ਕਲਪ ਕਰਾਂਗੇ -ਹਰਜੋਤ ਬੈਂਸ

ਨੰਗਲ 4 ਜਨਵਰੀ : ਸ. ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਕਿਹਾ ਹੈ ਕਿ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿੱਤਾ ਕੇ ਨੰਗਲ ਸ਼ਹਿਰ ਦੀ ਕਾਇਆ ਕਲਪ ਕਰਾਂਗੇ, ਸਾਡੇ ਆਮ ਆਦਮੀ ਪਾਰਟੀ ਦੇ ਵਰਕਰ, ਕੌਂਸਲਰ ਨਹੀ ਸਗੋਂ ਸੇਵਾਦਾਰ ਦੀ ਤਰ੍ਹਾਂ ਕੰਮ ਕਰਨਗੇ। ਉਹਨਾਂ ਨੇ ਕਿਹਾ ਕਿ ਨੰਗਲ ਵਿੱਚ ਸੈਰ ਸਪਾਟਾ ਦੀਆਂ ਸੰਭਾਵਨਾਵਾਂ ਲਈ ਜ਼ਮੀਨੀ ਪੱਧਰ ਤੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਜਲਦੀ ਹੀ ਨੰਗਲ ਵਿੱਚ ਕਦੰਬਾ ਟੂਰਿਜਮ ਕੰਪਲੈਕਸ ਨੂੰ ਕਾਰਜਸ਼ੀਲ ਕੀਤਾ ਜਾਵੇਗਾ ਅਤੇ ਇਸ ਇਲਾਕੇ ਨੂੰ ਸੈਰ ਸਪਾਟਾ ਸੰਨਤ ਵਜੋਂ ਪ੍ਰਫੁੱਲਤ ਕੀਤਾ ਜਾਵੇਗਾ, ਜਿਸ ਦੇ ਲਈ ਪਿਛਲੇ ਢਾਈ ਸਾਲ ਦੌਰਾਨ ਸਾਰੇ ਅੜਿੱਕੇ ਦੂਰ ਕਰ ਲਏ ਗਏ ਹਨ।
    ਅੱਜ ਨੰਗਲ ਵਿੱਚ ਆਪਣੀ ਰਿਹਾਇਸ਼ 2 ਆਰ ਵੀ ਆਰ  ਵਿਖੇ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਹੱਲ ਕਰਨ ਲਈ ਪਿਛਲੇ ਚਾਰ ਸਾਲ ਤੋਂ ਲਗਾਤਾਰ ਚੱਲ ਰਹੇ ਪ੍ਰੋਗਰਾਮ ਸਾਡਾ ਐਮਐਲਏ ਸਾਡੇ ਵਿੱਚ ਤਹਿਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ.ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਉਹ ਆਪਣੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਹਰ ਐਤਵਾਰ ਨੰਗਲ ਵਿੱਚ ਇਹ ਕੈਂਪ ਲਗਾਉਂਦੇ ਹਨ, ਜਿੱਥੇ ਲੋਕ ਆ ਕੇ ਆਪਣੀਆਂ ਮੁਸ਼ਕਿਲਾਂ ਸਮੱਸਿਆਵਾਂ ਦੱਸਦੇ ਹਨ। ਜਿਨਾਂ ਦਾ ਮੌਕੇ ਤੇ ਹੀ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦੇ ਕੇ ਹੱਲ ਕੀਤਾ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਨੇੜੇ ਹੋ ਕੇ ਮਿਲਣ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦਾ ਇਹ ਉਪਰਾਲਾ ਉਨਾਂ ਦੇ ਲਈ ਬਹੁਤ ਹੀ ਸਾਰਥਕ ਸਿੱਧ ਹੋਇਆ ਹੈ, ਕਿਉਂਕਿ ਲੋਕਾਂ ਨੂੰ ਦੂਰ ਦੁਰਾਂਡੇ ਦੇ ਦਫਤਰਾਂ ਦੇ ਚੱਕਰ ਲਾਉਣ ਦੀ ਬੇਲੋੜੀ ਖੱਜਲ ਖੁਆਰੀ ਤੋਂ ਰਾਹਤ ਮਿਲ ਜਾਂਦੀ ਹੈ ਅਤੇ ਉਹ ਖੁੱਦ ਲੋਕਾਂ ਨੂੰ ਨੇੜੇ ਹੋ ਕੇ ਮਿਲਦੇ ਹਨ, ਇਸ ਤੋਂ ਪਹਿਲਾਂ ਪਿੰਡਾਂ ਵਿੱਚ ਸਾਂਝੀ ਸੱਥ ਵਿੱਚ ਬੈਠ ਕੇ ਲੋਕਾਂ ਦੇ ਮਸਲੇ ਹੱਲ ਕੀਤੇ ਗਏ ਹਨ। ਹੁਣ ਪੰਚਾਇਤਾਂ ਬਲਾਕ ਸੰਮਤੀ ਚੋਣਾਂ ਵਿੱਚ ਉਨਾਂ ਦੀ ਪਾਰਟੀ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ, ਜਿਸ ਤੋਂ ਬਾਅਦ ਪਿੰਡਾਂ ਦੇ ਵਿਕਾਸ ਅਤੇ ਪਿੰਡਾਂ ਦੀ ਹੋਰ ਤਰੱਕੀ ਦੇ ਮਾਰਗ ਖੁੱਲ ਗਏ ਹਨ ਇਸ ਵਰੇ ਪਿੰਡਾਂ ਦਾ ਚਹੁਮੁਖੀ ਵਿਕਾਸ ਯੋਜਨਾਬੱਧ ਤਰੀਕੇ ਨਾਲ ਕਰਵਾਇਆ ਜਾਵੇਗਾ।
    ਸ. ਬੈਂਸ ਨੇ ਕਿਹਾ ਕਿ ਨੰਗਲ ਨੂੰ ਸੈਰ ਸਪਾਟਾ  ਸੰਨਤ ਵਜੋਂ ਵਿਕਸਿਤ ਕਰਨ ਲਈ ਅਸੀਂ ਨੰਗਲ ਵਾਸੀਆਂ ਨਾਲ ਵਾਅਦਾ ਕੀਤਾ ਸੀ ਪ੍ਰੰਤੂ ਜਦੋਂ ਅਸੀਂ ਵੱਡੇ ਟੂਰਿਜ਼ਮ ਪ੍ਰੋਜੈਕਟਾਂ ਦਾ ਮਾਲ ਰਿਕਾਰਡ ਪੜਤਾਲਿਆ ਤਾਂ ਉਸ ਵਿੱਚ ਬਹੁਤ ਸਾਰੀਆਂ ਖਾਮੀਆਂ ਸਨ ਜਿਨਾਂ ਨੂੰ ਦੂਰ ਕਰਨ ਲਈ ਸਾਨੂੰ ਦੋ ਢਾਈ ਸਾਲ ਦਾ ਸਮਾਂ ਲੱਗ ਗਿਆ। ਇਹ ਹੁਣ ਸਾਰੇ ਅੜਿੱਕੇ ਦੂਰ ਹੋ ਚੁੱਕੇ ਹਨ ਨੰਗਲ ਦਾ ਕਦੰਬਾ ਟੂਰਿਜਮ ਕੰਪਲੈਕਸ ਹੁਣ ਕਾਰਜਸ਼ੀਲ ਬਣਾਇਆ ਜਾਵੇਗਾ, ਜਿੱਥੋਂ ਨੰਗਲ ਦੇ ਲੋਕਾਂ ਨੂੰ ਸੈਰ ਸਪਾਟਾ ਸੰਨਤ ਪ੍ਰਫੁੱਲਤ ਹੋਣ ਨਾਲ ਹੋਰ ਰਾਹਤ ਮਿਲੇਗੀ ਅਤੇ ਉਹਨਾਂ ਦੇ ਵਪਾਰ ਕਾਰੋਬਾਰ ਵੀ ਪ੍ਰਫੁੱਲਤ ਹੋਣਗੇ।
      ਉਹਨਾਂ ਨੇ ਕਿਹਾ ਕਿ ਨੰਗਲ ਇੱਕ ਰਮਨੀਕ ਖੇਤਰ ਹੈ ਜੋ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨੇੜੇ ਹੋਣ ਕਰਕੇ ਇੱਥੋਂ ਦਾ ਵਾਤਾਵਰਨ ਬਹੁਤ ਹੀ ਵਧੀਆ ਹੈ, ਪ੍ਰੰਤੂ ਇੱਥੇ ਸੈਰ ਸਪਾਟੇ ਦੀਆਂ ਸੰਭਾਵਨਾਵਾਂ ਨੂੰ ਵਿਕਸਿਤ ਕਰਨ ਲਈ ਕਦੇ ਕਿਸੇ ਸਰਕਾਰ ਨੇ ਉਪਰਾਲਾ ਨਹੀਂ ਕੀਤਾ ਅਸੀਂ ਹੁਣ ਇਹ ਉਪਰਾਲੇ ਕੀਤੇ ਹਨ, ਜਿਨਾਂ ਨੂੰ ਇਸ ਵਰੇ ਦੌਰਾਨ ਹੀ ਅਮਲੀ ਜਾਮਾ ਪਹਿਨਾਇਆ ਜਾਵੇਗਾ।
    ਸ.ਬੈਂਸ ਨੇ ਹੋਰ ਦੱਸਿਆ ਕਿ ਸਿੱਖਿਆ ਵਿਭਾਗ ਵਿੱਚ ਅਸੀਂ ਕ੍ਰਾਂਤੀਕਾਰੀ ਕਦਮ ਚੱਕ ਰਹੇ ਹਾਂ ਬੀਤੇ ਦਿਨ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਨਵੇਂ ਵਰ੍ਹੇ ਦੀ ਸ਼ੁਰੂਆਤ ਵਿੱਚ ਸਿੱਖਿਆ ਵਿਭਾਗ ਵਿੱਚ 600 ਤੋਂ ਵੱਧ ਸਰਕਾਰੀ ਨੌਕਰੀਆਂ ਦੇ ਕੇ ਆਪਣੀ ਸਾਲ ਦਰ ਸਾਲ ਚੱਲ ਰਹੀ ਮੁਹਿੰਮ ਨੂੰ ਹੋਰ ਹੁਲਾਰਾ ਦਿੱਤਾ ਹੈ। ਹਰ ਘਰ ਨੌਕਰੀ ਹਰ ਘਰ ਰੁਜ਼ਗਾਰ ਅਤੇ ਹਰ ਪਰਿਵਾਰ ਨੂੰ ਸੰਪੰਨ ਬਣਾਉਣ ਲਈ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਦੇ ਲੋਕਾਂ ਨਾਲ ਜੋ ਵਾਅਦਾ ਕੀਤਾ ਹੈ ਉਸ ਨੂੰ ਬੂਰ ਪਿਆ ਹੈ। ਜਿਸ ਤਰ੍ਹਾਂ ਸਿੱਖਿਆ ਵਿਭਾਗ ਵਿੱਚ ਬੀਤੇ ਸਮੇਂ ਦੌਰਾਨ ਹਜ਼ਾਰਾਂ ਨੌਕਰੀਆਂ ਮਿਲੀਆਂ ਹਨ ਉਸ ਦੀ ਪ੍ਰਕਿਰਿਆ ਲਗਾਤਾਰ ਜਾਰੀ ਰਹੇਗੀ ਸਾਰੇ ਅੜਿੱਕੇ ਦੂਰ ਕਰਕੇ ਹੀ ਇਹ ਭਰਤੀ ਕਰਵਾਈ ਜਾਂਦੀ ਹੈ ਤਾਂ ਜੋ ਬਾਅਦ ਦੇ ਵਿੱਚ ਜਿਹੜੇ ਨੌਜਵਾਨ ਨੌਕਰੀ ਪ੍ਰਾਪਤ ਕਰ ਲੈਂਦੇ ਹਨ, ਉਹਨਾਂ ਨੂੰ ਅਦਾਲਤਾਂ ਦੇ ਚੱਕਰ ਨਾ ਕੱਟਣੇ ਪੈਣ। ਉਹਨਾਂ ਨੇ ਕਿਹਾ ਕਿ ਬਲਾਕ ਸੰਮਤੀ ਜਿਲ੍ਹਾ ਪ੍ਰੀਸ਼ਦ ਅਤੇ ਹੋਰ ਚੋਣਾਂ ਵਿੱਚ ਨਿਰੰਤਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਜਨਤਾ ਦਾ ਵੱਡਾ ਫਤਵਾ ਮਿਲ ਰਿਹਾ ਹੈ।
    ਇਸ ਵਾਰ ਬਲਾਕ ਸੰਮਤੀ ਚੋਣਾਂ ਵਿੱਚ ਅਸੀਂ ਆਪਣੇ ਹਲਕੇ ਦੇ ਦੋਵੇਂ ਬਲਾਕ ਜਿੱਤ ਲਏ ਹਨ ਜ਼ਿਲ੍ਹਾ ਪਰਿਸ਼ਦ ਦੀਆਂ ਵੀ ਦੋਵੇਂ ਸੀਟਾਂ ਜਿੱਤ ਲਈਆਂ ਹਨ। ਉਹਨਾਂ ਨੇ ਕਿਹਾ ਕਿ ਹੁਣ ਪਿੰਡਾਂ ਦੇ ਯੋਜਨਾ ਵੱਧ ਵਿਕਾਸ ਦੀ ਵਾਰੀ ਹੈ ਅਸੀਂ ਪਿੰਡਾਂ ਦਾ ਯੋਜਨਾ ਵੱਧ ਵਿਕਾਸ ਕਰਵਾਉਣ ਦੇ ਲਈ ਜ਼ਮੀਨੀ ਪੱਧਰ ਤੇ ਸਾਰੇ ਰਾਹ ਪੱਧਰੇ ਕਰ ਲਏ ਹਨ। ਪੰਜਾਬ ਸਰਕਾਰ ਕੋਲ ਪਿੰਡਾਂ ਦੇ ਵਿਕਾਸ ਲਈ ਗ੍ਰਾਟਾਂ ਦੀ ਕੋਈ ਕਮੀ ਨਹੀਂ ਹੈ।
      ਸਰਦਾਰ ਬੈਂਸ ਨੇ ਹਲਕੇ ਦੇ ਵਿਕਾਸ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਾਰੀਆਂ ਸੜਕਾਂ ਨੂੰ 10 ਫੁੱਟ ਤੋਂ 18 ਫੁੱਟ ਚੌੜਾ ਕੀਤਾ ਜਾ ਰਿਹਾ ਹੈ। 127 ਕਿਲੋਮੀਟਰ ਸੜਕਾਂ ਬਣਾਈਆਂ ਜਾ ਰਹੀਆਂ ਹਨ ਸਵਾਮੀਪੁਰ, ਮੇਘਪੁਰ, ਪੀਂਘਵੜੀ ਜੋ ਦੂਰ ਦੂਰਾਂਡੇ ਦੇ ਇਲਾਕੇ ਪਿਛਲੇ 70-75 ਸਾਲ ਤੋਂ ਵਿਕਾਸ ਨੂੰ ਉਡੀਕ ਕਰ ਰਹੇ ਸਨ ਉੱਥੇ ਵਿਕਾਸ ਦੀ ਲਹਿਰ ਪਹੁੰਚ ਗਈ ਹੈ। ਪਿੰਡਾਂ ਦਾ ਵਿਕਾਸ ਸੜਕੀ ਨੈਟਵਰਕ ਦੀ ਮਜਬੂਤੀ ਪਿੰਡਾਂ ਵਿੱਚ ਸਰਕਾਰੀ ਸਕੂਲਾਂ ਦੀ ਬਦਲ ਰਹੀ ਨੁਹਾਰ ਕਮਿਊਨਿਟੀ ਸੈਂਟਰਾਂ ਦਾ ਨਿਰਮਾਣ ਅਤੇ ਪਿੰਡਾਂ ਵਿੱਚ ਹੋਰ ਬੁਨਿਆਦੀ ਸਹੂਲਤਾਂ ਸਿਹਤ ਸਹੂਲਤਾਂ ਵੀ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ। ਆਮ ਆਦਮੀ ਕਲੀਨਿਕ ਹਰ ਰੋਜ਼ ਹਜ਼ਾਰਾਂ ਲੋਕਾਂ ਨੂੰ ਸਿਹਤ ਸਹੂਲਤਾਂ ਦੇ ਕੇ ਤੰਦਰੁਸਤ ਕਰਕੇ ਘਰ ਭੇਜ ਰਹੇ ਹਨ। ਸਾਡੀ ਸਰਕਾਰ ਦਾ ਜੋ ਵਾਅਦਾ ਲੋਕਾਂ ਨਾਲ ਸੀ ਉਸ ਦਾ ਇੱਕ ਇੱਕ ਸ਼ਬਦ ਪੂਰਾ ਕੀਤਾ ਜਾ ਰਿਹਾ ਹੈ, ਉਹਨਾਂ ਨੇ ਕਿਹਾ ਕਿ ਅਸੀਂ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਤਹਿਤ ਪਹਿਲਾਂ ਵੀ ਲੋਕਾਂ ਦੇ ਘਰਾਂ ਤੱਕ ਪਹੁੰਚ ਕਰਕੇ ਉਹ ਸਮੱਸਿਆਵਾਂ ਹੱਲ ਕੀਤੀਆਂ ਜੋ ਦਹਾਕਿਆਂ ਤੋਂ ਲਟਕਦੀਆਂ ਹੋਈਆਂ ਸਨ ਅਤੇ ਹੁਣ ਇਹ ਪ੍ਰਕਿਰਿਆ ਨੂੰ ਇਸ ਤਰ੍ਹਾਂ ਹੀ ਲਾਗੂ ਕੀਤਾ ਹੋਇਆ ਹੈ ਅਤੇ ਸਾਡੀ ਮੁਹਿੰਮ ਲਗਾਤਾਰ ਜਾਰੀ ਹੈ। ਉਹਨਾਂ ਨੇ ਦੱਸਿਆ ਕਿ ਬੀਤਿਆ ਸਾਲ ਭਾਵੇਂ ਕੁਝ ਚੁਣੋਤੀਆਂ ਲੈ ਕੇ ਆਇਆ ਸੀ ਹੜਾਂ ਦਾ ਪ੍ਰਕੋਪ ਸਾਡੇ ਲਈ ਇੱਕ ਵੱਡਾ ਤਰਾਸਦੀ ਬਣ ਗਿਆ ਸੀ। ਉਹਨਾਂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਹੋਈ ਭਾਰੀ ਬਰਸਾਤ ਕਾਰਨ ਭਾਵੇਂ ਸ੍ਰੀ ਅਨੰਦਪੁਰ ਸਾਹਿਬ ਹਲਕੇ ਦਾ ਬਹੁਤ ਵੱਡਾ ਨੁਕਸਾਨ ਹੋਇਆ ਸੀ ਪਰ ਸਾਡੇ ਵਰਕਰਾਂ ਦੀ ਅਣਥੱਕ ਮਿਹਨਤ ਪ੍ਰਸ਼ਾਸਨ ਦੇ ਸਹਿਯੋਗ ਅਤੇ ਆਮ ਲੋਕਾਂ ਦੇ ਹੌਸਲੇ ਨੇ ਇਸ ਨੂੰ ਸੁਖਾਲਿਆਂ ਹੀ ਹੱਲ ਕਰ ਦਿੱਤਾ ਹੈ ਅਤੇ ਅਸੀਂ ਹੁਣ ਵੀ ਪਿੰਡਾਂ ਵਿੱਚ ਹੋਏ ਨੁਕਸਾਨ ਲੋਕਾਂ ਦੇ ਨਿੱਜੀ ਨੁਕਸਾਨ ਘਰਾਂ ਦੇ ਨੁਕਸਾਨ ਸੜਕਾਂ ਦੇ ਨੁਕਸਾਨ ਵਰਗੇ ਹੋਰ ਕਈ ਤਰ੍ਹਾਂ ਦੇ ਕੰਮਾਂ ਨੂੰ ਮੁੜ ਕਰਕੇ ਲੋਕਾਂ ਦਾ ਜੀਵਨ ਆਮ ਵਰਗਾ ਕਰਨ ਦਾ ਉਪਰਾਲਾ ਕਰ ਰਹੇ ਹਾਂ।

     ਇਸ ਮੌਕੇ ਡਾ.ਸੰਜੀਵ ਗੌਤਮ ਜਿਲਾ ਪ੍ਰਧਾਨ, ਸਤੀਸ਼ ਚੋਪੜਾ ਬਲਾਕ ਪ੍ਰਧਾਨ, ਪੱਮੂ ਢਿੱਲੋ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਜਸਪਾਲ ਸਿੰਘ ਢਾਹੇ ਸਰਪੰਚ ਜ਼ਿਲਾਂ ਪ੍ਰੀਸ਼ਦ ਮੈਂਬਰ, ਰਾਕੇਸ਼ ਵਰਮਾ, ਗੁਰਜਿੰਦਰ ਸਿੰਘ ਸ਼ੋਕਰ, ਸ਼ੇਰ ਸਿੰਘ ਸ਼ੇਰੂ, ਦੀਪੂ ਬਾਸ ਹਲਕਾ ਕੋਆਰਡੀਨੇਟਰ ਯੁੱਧ ਨਸ਼ਿਆਂ ਵਿਰੁੱਧ, ਵਿਸ਼ਾਲ ਗੁਪਤਾ, ਸੁਮਿਤ ਸੰਦਲ, ਰਣਜੀਤ ਬੱਗਾ, ਰੋਜੀ ਬਾਸ, ਇਮਰਾਨ ਖਾਨ , ਦੀਪਕ ਅਬਰੋਲ, ਮਨਜੋਤ ਰਾਣਾ  ਬਲਾਕ ਪ੍ਰਧਾਨ , ਬੀਡੀਸੀ ਮਨਜੀਤ, ਬੀਡੀਸੀ ਜਾਂਦਲਾ, ਰਾਹੁਲ ਸੋਨੀ, ਰਕੇਸ਼ ਵਰਮਾ, ਸ਼ਿਵ ਕੁਮਾਰ ਵਰਮਾ, ਹੁਸ਼ਿਆਰ ਸਿੰਘ ਭੱਲੜੀ, ਗੁਰਨਾਮ ਸਿੰਘ ਭੱਲੜੀ ਪ੍ਰਿੰਸੀਪਲ , ਦਇਆ ਸਿੰਘ ਸਿੱਖਿਆ ਕੋਆਰਡੀਨੇਟਰ , ਦਲਜੀਤ ਸਿੰਘ ਨਾਨਗਰਾ, ਅੰਕੁਸ਼,  ਨਿਤਿਨ, ਨਰਿੰਦਰ ਸਿੰਘ ਨਿੰਦੀ ਤੇ ਵੱਡੀ ਗਿਣਤੀ ਵਿੱਚ ਪਤਵੰਤੇ ਹਾਜਰ ਸਨ।