ਵਿਧਾਇਕ ਛੀਨਾ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤ
ਲੁਧਿਆਣਾ, 21 ਦਸੰਬਰ ()-ਵਿਧਾਨ ਸਭਾ ਹਲਕਾ ਦੱਖਣੀ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਛੀਨਾ ਨੇ ਦੱਸਿਆ ਕਿ ਉਨਾਂ ਕੇਜਰੀਵਾਲ ਪਾਸੋਂ ਮੰਗ ਕੀਤੀ ਕਿ ਹਲਕਾ ਦੱਖਣੀ ਵਿਚ ਸਬ ਤਹਿਸੀਲ ਨਾ ਹੋਣ ਕਾਰਨ ਆਸਪਾਸ ਦੇ ਲੋਕਾਂ ਨੂੰ ਕੰਮਕਾਜ ਕਰਵਾਉਣ ਲਈ ਪਿੰਡ ਗਿੱਲ ਜਾਣਾ ਪੈਂਦਾ ਹੈ, ਪਿੰਡ ਗਿੱਲ ਦੂਰ ਹੋਣ ਕਾਰਨ ਜਿੱਥੇ ਲੋਕਾਂ ਦੇ ਸਮੇਂ ਦੀ ਬਰਬਾਦੀ ਹੁੰਦੀ ਹੈ, ਉਥੇ ਉਨਾਂ ਨੂੰ ਖੱਜਲ ਖੁਆਰ ਵੀ ਹੋਣਾ ਪੈਂਦਾ ਹੈ। ਵਿਧਾਇਕ ਛੀਨਾ ਨੇ ਦੱਸਿਆ ਕਿ ਇਸਤੋਂ ਪਹਿਲਾਂ ਉਹ ਇਸ ਮੁੱਦੇ ਨੂੰ ਵਿਧਾਨ ਸਭਾ ਵਿਚ ਵੀ ਰੱਖ ਚੁੱਕੇ ਹਨ। ਉਨਾਂ ਕਿਹਾ ਕਿ ਹਲਕਾ ਦੱਖਣੀ ’ਚ ਫਾਇਰ ਸਟੇਸ਼ਨ ਅਤੇ ਈਸ਼ਰ ਨਗਰ ਵਿਚ 66 ਕੇਵੀ ਸਬ ਸਟੇਸ਼ਨ ਬਣਾਉਣ ਦੀ ਮੰਗ ਵੀ ਕੀਤੀ ਗਈ ਹੈ। ਵਿਧਾਇਕ ਛੀਨਾ ਦੱਸਿਆ ਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਉਨਾਂ ਦੀ ਗੱਲ ਨੂੰ ਧਿਆਨ ਨਾਲ ਸੁਣਿਆ ਅਤੇ ਵਿਸ਼ਵਾਸ਼ ਦਿਵਾਇਆ ਕਿ ਉਨਾਂ ਵਲੋਂ ਰੱਖੀਆਂ ਗਈਆਂ ਮੰਗਾਂ ਨੂੰ ਜਲਦ ਹੀ ਪੂਰਾ ਕਰਨ ਦਾ ਯਤਨ ਕਰਨਗੇ। ਇਸ ਮੌਕੇ ਹਲਕਾ ਦੱਖਣੀ ਦੇ ਕੋਆਰਡੀਨੇਟਰ ਹਰਪ੍ਰੀਤ ਸਿੰਘ ਛੀਨਾ ਵੀ ਉਨਾਂ ਦੇ ਨਾਲ ਸਨ।


