ਕੁਲਰੀਆਂ ਦੀ ਅਮਨਜੀਤ ਕੌਰ ਨੌਜਵਾਨਾਂ ਲਈ ਬਣੀ ਮਿਸਾਲ, ਫੁੱਲਾਂ ਦੀ ਖੇਤੀ ਨੇ ਮਹਿਕਾਈ ਆਰਥਿਕਤਾ
By NIRPAKH POST
On
ਮਾਨਸਾ/ਬਰੇਟਾ, 21 ਦਸੰਬਰ
ਜ਼ਿਲ੍ਹਾ ਮਾਨਸਾ ਦੇ ਪਿੰਡ ਕੁਲਰੀਆਂ ਦੀ ਅਮਨਜੀਤ ਕੌਰ ਫੁੱਲਾਂ ਦੀ ਕਾਸ਼ਤ ਨਾਲ ਜਿੱਥੇ ਨੌਜਵਾਨਾਂ ਲਈ ਉਦਾਹਰਨ ਬਣੀ ਹੈ, ਓਥੇ ਆਪਣੇ ਪਰਿਵਾਰਾਂ ਦਾ ਵੀ ਸਹਾਰਾ ਬਣੀ ਹੈ।
ਪਿੰਡ ਕੁਲਰੀਆਂ ਦੀ ਅਮਨਜੀਤ ਕੌਰ (25 ਸਾਲ) ਪੁੱਤਰੀ ਜੀਤਾ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਜੀ ਸਵਾ 2 ਕਿੱਲੇ ਜ਼ਮੀਨ ਦੀ ਵਾਹੀ ਕਰਦੇ ਹਨ ਤੇ ਉਸ ਦੇ ਪਰਿਵਾਰ ਵਿਚ ਮਾਤਾ- ਪਿਤਾ ਅਤੇ ਉਸਦੇ ਦੋ ਭਰਾ ਹਨ ਤੇ ਇੰਨੇ ਘੱਟ ਰਕਬੇ ਦੀ ਵਾਹੀ ਨਾਲ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਹੁੰਦਾ ਸੀ। ਉਸ ਨੇ ਪੀਜੀਡੀਸੀਏ ਦੀ ਫੀਸ ਵੀ ਮੁਸ਼ਕਿਲ ਨਾਲ ਸਵੈ ਸੇਵੀ ਸੰਸਥਾ ਅਤੇ ਪਰਿਵਾਰ ਦੀ ਮਦਦ ਨਾਲ ਭਰੀ ਸੀ। ਵਿੱਤੀ ਹਾਲਾਤ ਮਾੜੇ ਹੋਣ ਕਾਰਨ ਅਗਲੀ ਪੜ੍ਹਾਈ ਦਾ ਕੋਈ ਰਾਹ ਨਹੀਂ ਸੀ। ਉਸਨੇ ਦੱਸਿਆ ਕਿ ਉਸਨੇ ਵਿਦੇਸ਼ ਜਾਣ ਲਈ ਆਈਲੈਟਸ ਵੀ ਕੀਤੀ ਸੀ ਪਰ ਵਿਆਹ ਕਰਵਾ ਦੇ ਵਿਦੇਸ਼ ਜਾਣ ਦੀ ਬਜਾਏ ਉਹ ਆਪਣੇ ਦੇਸ਼ ਵਿਚ ਹੀ ਆਪਣੇ ਪੈਰਾਂ 'ਤੇ ਖੜੀ ਹੋਣਾ ਚਾਹੁੰਦੀ ਸੀ।
ਓਸਨੇ ਦੱਸਿਆ ਕਿ ਉਹ ਪਿੰਡ ਗੁਰਦੁਆਰਾ ਸਾਹਿਬ ਵਿਚ ਫੁੱਲਾਂ ਦੀ ਸਜਾਵਟ ਦੀ ਸੇਵਾ ਕਰਦੀ ਸੀ ਤਾਂ ਉਸ ਦੇ ਮਨ ਵਿਚ ਫੁੱਲਾਂ ਦੀ ਖੇਤੀ ਕਰਨ ਦਾ ਵਿਚਾਰ ਆਇਆ।
ਉਸ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਰਾਬਤਾ ਕੀਤਾ ਅਤੇ ਓਥੇ ਐਚਓਡੀ (ਫਲੋਰੀਕਲਚਰ) ਡਾ. ਪਰਮਿੰਦਰ ਸਿੰਘ ਅਤੇ ਸਾਇੰਟਿਸਟ ਡਾ. ਅਮਨ ਸ਼ਰਮਾ ਤੋਂ ਸੇਧ ਲਈ ਅਤੇ ਓਨ੍ਹਾਂ ਤੋਂ ਫੁੱਲਾਂ ਦੀ ਪਨੀਰੀ ਲੈ ਕੇ ਸਾਲ 2022 ਵਿੱਚ 7 ਮਰਲੇ ਵਿੱਚ ਗੇਂਦਾ ਲਾਇਆ ਜਿਸ ਨਾਲ ਓਸਨੂੰ ਕਾਫੀ ਵਿੱਤੀ ਸਹਾਰਾ ਮਿਲਿਆ ਅਤੇ ਇਸ ਵੇਲੇ ਇਹ 1 ਕਨਾਲ ਵਿੱਚ ਫੁੱਲਾਂ ਦੀ ਖੇਤੀ ਕਰ ਰਹੀ ਹੈ ਜਿਸ ਦੀ ਆਮਦਨ ਨਾਲ ਉਹ ਐਮ ਪੰਜਾਬੀ (ਦੂਜਾ ਸਾਲ) ਗੁਰੂ ਨਾਨਕ ਕਾਲਜ ਬੁਢਲਾਡਾ ਤੋਂ ਕਰ ਰਹੀ ਹੈ ਅਤੇ ਉਹ ਆਪਣੇ ਪਰਿਵਾਰ ਦਾ ਵਿੱਤੀ ਸਹਾਰਾ ਵੀ ਬਣੀ ਹੈ।
ਓਸਨੇ ਦੱਸਿਆ ਕਿ ਉਸਨੇ ਆਈਲੈਟਸ ਵੀ ਕੀਤੀ ਸੀ ਪਰ ਵਿਆਹ ਕਰਵਾ ਦੇ ਵਿਦੇਸ਼ ਜਾਣ ਦੀ ਬਜਾਏ ਉਹ ਆਪਣੇ ਦੇਸ਼ ਵਿਚ ਹੀ ਆਪਣੇ ਪੈਰਾਂ 'ਤੇ ਖੜੀ ਹੋਣਾ ਚਾਹੁੰਦੀ ਸੀ। ਇਸ ਲਈ ਓਸਨੇ ਏਥੇ ਹੀ ਰਹਿ ਕੇ ਕੰਮ ਕਰਨ ਨੂੰ ਤਰਜੀਹ ਦਿੱਤੀ।
ਓਸਨੇ ਦੱਸਿਆ ਕਿ ਹੁਣ ਉਸ ਦੇ ਖੇਤ ਦੇ ਫੁੱਲ ਬਰੇਟਾ, ਬੁਢਲਾਡਾ, ਮਾਨਸਾ, ਸੁਨਾਮ, ਬਠਿੰਡਾ, ਜਾਖਲ, ਲੁਧਿਆਣਾ ਆਦਿ ਸ਼ਹਿਰਾਂ ਵਿੱਚ ਜਾ ਰਹੇ ਹਨ।
ਓਸਨੇ ਦੱਸਿਆ ਕਿ ਗੇਂਦੇ ਦੇ ਫੁੱਲਾਂ ਦੀ ਤੁੜਾਈ ਕਰੀਬ 3 ਮਹੀਨੇ ਹੁੰਦੀ ਹੈ ਅਤੇ ਉਸਨੂੰ 40 ਹਜ਼ਾਰ ਦੇ ਕਰੀਬ ਬੱਚਤ ਹੋ ਜਾਂਦੀ ਹੈ ਜਿਹੜੀ ਕਿ ਲਗਭਗ ਉਸ ਦੇ 1 ਕਿੱਲੇ ਦੇ ਕਣਕ - ਝੋਨੇ ਦੇ ਬਰਾਬਰ ਹੈ।
ਓਸਨੇ ਦੱਸਿਆ ਕਿ ਉਹ ਬਾਗਬਾਨੀ ਵਿਭਾਗ ਮਾਨਸਾ ਨਾਲ ਵੀ ਤਾਲਮੇਲ ਵਿਚ ਹੈ ਅਤੇ ਵਿਭਾਗ ਵਲੋਂ ਵੀ ਸਮੇਂ ਸਮੇਂ 'ਤੇ ਮਾਰਗਦਰਸ਼ਨ ਕੀਤਾ ਜਾਂਦਾ ਹੈ। ਪਿਛਲੇ ਸਮੇਂ ਮੀਹਾਂ ਦੌਰਾਨ ਪੌਦੇ ਖਰਾਬ ਹੋ ਗਏ ਸਨ ਜਿਸ 'ਤੇ ਵਿਭਾਗ ਵਲੋਂ ਓਸ ਨੂੰ ਪੌਦੇ ਭੇਜੇ ਗਏ।
ਅਮਨਜੀਤ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਪੜ੍ਹਾਈ ਦੇ ਨਾਲ ਨਾਲ ਹੀ ਆਤਮ ਨਿਰਭਰ ਹੋਣ ਲਈ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਉਹ ਅੱਗੇ ਜਾ ਕੇ ਸਫ਼ਲ ਹੋ ਸਕਣ।
*ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਕੀਤੀ ਸ਼ਲਾਘਾ*
ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਆਈ ਏ ਐੱਸ ਨੇ ਕਿਸਾਨ ਮੇਲੇ ਦੌਰਾਨ ਅਮਨਜੀਤ ਕੌਰ ਨਾਲ ਮੁਲਾਕਾਤ ਕੀਤੀ ਅਤੇ ਉਸ ਦੀ ਹੌਸਲਾ ਅਫਜ਼ਾਈ ਕੀਤੀ। ਓਨ੍ਹਾਂ ਕਿਹਾ ਕਿ ਭਾਵੇਂ ਅਮਨਜੀਤ ਥੋੜੇ ਰਕਬੇ ਵਿੱਚ ਫੁੱਲਾਂ ਦੀ ਕਾਸ਼ਤ ਕਰ ਰਹੀ ਹੈ ਪਰ ਉਹ ਆਪਣੇ ਯਤਨਾਂ ਨਾਲ ਆਪਣੇ ਅਤੇ ਪਰਿਵਾਰ ਲਈ ਵਿੱਤੀ ਸਹਾਰਾ ਬਣੀ ਹੈ। ਓਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਨੌਜਵਾਨਾਂ ਲਈ ਮਿਸਾਲ ਹੈ ਜਿਹੜੀ ਕੇ ਵਿਦੇਸ਼ ਜਾਣ ਦੀ ਬਜਾਏ ਆਪਣੇ ਪਿੰਡ ਵਿੱਚ ਹੀ ਮਿਹਨਤ ਕਰ ਰਹੀ ਹੈ।


