ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਰੱਖਣਾ ਸਾਡੀ ਨੈਤਿਕ ਅਤੇ ਸਮਾਜਿਕ ਜ਼ਿੰਮੇਵਾਰੀ – ਵਿਧਾਇਕ ਮਾਲੇਰਕੋਟਲਾ

ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਰੱਖਣਾ ਸਾਡੀ ਨੈਤਿਕ ਅਤੇ ਸਮਾਜਿਕ ਜ਼ਿੰਮੇਵਾਰੀ – ਵਿਧਾਇਕ ਮਾਲੇਰਕੋਟਲਾ

ਮਾਲੇਰਕੋਟਲਾ 23 ਜੁਲਾਈ :

                      ਪੰਜਾਬ ਸਰਕਾਰ ਨੇ ਸ਼ਹੀਦਾਂ ਦੀ ਸ਼ਹਾਦਤ ਨੂੰ ਸੱਚੀ ਸ਼ਰਧਾਂਜਲੀ ਦੇਣ ਵੱਲ ਇਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਹੈ। ਵਿਧਾਨ ਸਭਾ ਹਲਕਾ ਮਾਲੇਰਕੋਟਲਾ ਦੇ ਵਿਧਾਇਕ ਡਾ ਜਮੀਲ ਉਰ ਰਹਿਮਾਨ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮਾਲੇਰਕੋਟਲਾ ਵਿਧਾਨ ਸਭਾ ਅਧੀਨ ਆਉਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਠਾਲਾ ਜ਼ਿਲ੍ਹਾ ਮਾਲੇਰਕੋਟਲਾ ਦਾ ਨਾਮ ਬਦਲ ਕੇ ਹੁਣ ਸ਼ਹੀਦ ਬਾਬਾ ਸੁਧਾ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਠਾਲਾ ਦੇ ਨਾਂਅ ‘ਤੇ ਰੱਖ ਦਿੱਤਾ ਗਿਆ । ਉਨ੍ਹਾਂ ਦੱਸਿਆ ਕਿ ਜਲਦ ਹੀ ਵਿਦਿਆਰਥੀਆਂ ਨੂੰ ਸ਼ਹੀਦ ਬਾਬਾ ਸੁਧਾ ਸਿੰਘ ਦੀ ਕੁਰਬਾਨੀਆਂ ਤੇ ਯੋਗਦਾਨ ਤੋਂ ਜਾਣੂ ਕਰਵਾਉਣ ਲਈ ਉੱਘੀ ਸ਼ਖ਼ਸੀਅਤ ਦੀ ਤਸਵੀਰ ਅਤੇ ਸੰਖੇਪ ਜੀਵਨੀਆਂ ਪ੍ਰਦਰਸ਼ਿਤ ਕੀਤੀ ਜਾਵੇਗੀ ਤਾਂ ਜੋ ਨੌਜਵਾਨ ਪੀੜ੍ਹੀ ਆਪਣੀ ਵਿਰਾਸਤ ਅਤੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਵਾਕਫ਼ ਹੋ ਸਕਣ ਅਤੇ ਮਹਾਨ ਸਖਸੀਅਤਾਂ ਤੋਂ ਪ੍ਰੇਰਨਾ ਲੈ ਸਕਣ।

                      ਉਨ੍ਹਾਂ ਕਿਹਾ ਕਿ ਵਿਰਾਸਤ/ਇਤਿਹਾਸ ਦਾ ਢੁਕਵਾਂ ਸਨਮਾਨ ਕਰਨ ਅਤੇ ਨੌਜਵਾਨਾਂ ਨਵੀਂ ਪੀੜ੍ਹੀ ਨੂੰ ਉਨ੍ਹਾਂ ਦੀ ਬਹਾਦਰੀ,ਕੁਰਬਾਨੀ ਤੋਂ ਪ੍ਰੇਰਿਤ ਕਰਨ ਅਤੇ ਸਖਸ਼ੀਅਤ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਜਨਤਕ ਸੰਸਥਾਵਾਂ ਦਾ ਨਾਮ ਉਨ੍ਹਾਂ ਦੇ ਨਾਮ 'ਤੇ ਰੱਖਿਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਸਕੂਲ ਦਾ ਨਾਮ ਬਦਲਣ ਦਾ ਫ਼ੈਸਲਾ ਇਸੇ ਲੜੀ ਦਾ ਇਕ ਹਿੱਸਾ ਹੈ ਤਾਂ ਜੋ ਵਿਦਿਆਰਥੀਆਂ ਵਿਚ ਦੇਸ਼ ਭਗਤੀ ਦੀ ਭਾਵਨਾ ਮਜ਼ਬੂਤ ਹੋਵੇ ਅਤੇ ਉਹ ਸਾਡੇ ਬਹਾਦਰੀ,ਕੁਰਬਾਨੀਆਂ ਭਰੇ ਇਤਿਹਾਸ ਤੋਂ ਅਵਗਤ ਹੋ ਸਕਣ ਅਤੇ ਆਪਣੇ ਜੀਵਨ ਵਿੱਚ ਉਨ੍ਹਾਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਨਾ ਲੈ ਕੇ ਅੱਗੇ ਵੱਧਣ ।

          ਵਿਧਾਇਕ ਨੇ ਕਿਹਾ ਕਿ ਸਰਕਾਰ ਦਾ ਮੰਨਣਾ ਹੈ ਕਿ ਬੱਚਿਆਂ ਦੀ ਸਿੱਖਿਆ ਦੇ ਨਾਲ-ਨਾਲ ਉਨ੍ਹਾਂ ਨੂੰ ਦੇਸ਼ ਪ੍ਰਤੀ ਸਮਰਪਣ ਅਤੇ ਫਰਜ਼ ਦੀ ਭਾਵਨਾ ਸਿਖਾਉਣਾ ਵੀ ਜ਼ਰੂਰੀ ਹੈ। ਸਕੂਲਾਂ ਦਾ ਨਾਮ ਸ਼ਹੀਦਾਂ ਦੇ ਨਾਂਅ 'ਤੇ ਰੱਖਣ ਨਾਲ ਬੱਚਿਆਂ ਵਿਚ ਬਹਾਦਰੀ, ਹਿੰਮਤ ਅਤੇ ਦੇਸ਼ ਭਗਤੀ ਦੀਆਂ ਕਦਰਾਂ-ਕੀਮਤਾਂ ਵਿਕਸਿਤ ਹੁੰਦੀਆਂ ਹਨ।

          ਪਿੰਡ ਦੇ ਸਕੂਲ ਦਾ ਨਾਮ ਸ਼ਹੀਦ ਬਾਬਾ ਸੁਧਾ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਠਾਲਾ ਰੱਖਣ ਤੇ ਚੇਅਰਮੈਨ ਮਾਰਕੀਟ ਕਮੇਟੀ ਸੰਦੋੜ ਕਰਮਜੀਤ ਸਿੰਘ, ਸਥਾਨਕ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਰੰਧਾਵਾ,ਖਜਾਨਚੀ ਗੋਬਿੰਦ ਸਿੰਘ ਫੌਜੀ,ਸਰਪੰਚ ਮਨਜਿੰਦਰ ਕੌਰ,ਪੰਚ ਜਸਵੀਰ ਕੌਰ,ਮਨਪ੍ਰੀਤ ਸਿੰਘ ਗਿੱਲ,ਗਗਨਦੀਪ ਸਿੰਘ, ਰਾਜੂ ਕੁਠਾਲਾ,ਪਰਮਜੀਤ ਕੌਰ,ਸਾਬਕਾ ਸਰਪੰਚ ਗੁਰਲਵਲੀਨ ਸਿੰਘ ਲਵਲੀ ਕੁਠਾਲਾ ਅਤੇ ਪ੍ਰਿੰਸੀਪਲ ਰਾਜਿੰਦਰ ਕੁਮਾਰ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ