ਜ਼ਿੰਦਗੀ ਦੀ ਜੰਗ ਲੜ ਰਹੇ ਇਕ ਵਿਅਕਤੀ ਲਈ ਕਿਵੇਂ ਅਹਿਮ ਹੈ CPR
ਕਿਵੇਂ ਕਿਸੇ ਨੂੰ ਦਿੱਤੀ ਜਾ ਸਕਦੀ ਹੈ ਨਵੀਂ ਜ਼ਿੰਦਗੀ ?
CPR ਇਸ ਦਾ ਸਾਧਾਰਨ ਮਤਲਬ ਇੱਕ ਪ੍ਰਭਾਵਿਤ ਵਿਅਕਤੀ ਨੂੰ ਬਨਾਉਟੀ ਸਾਹ ਦੇਣਾ ਅਤੇ ਰੁਕੀ ਹੋਈ ਦਿਲ ਦੀ ਧੜਕਣ ਦੁਬਾਰਾ ਚਾਲੂ ਕਰਨਾ ਹੈ। ਇਸ ਤਰ੍ਹਾਂ ਦੇ ਹਾਲਾਤ ਬਹੁਤ ਸਾਰੇ ਕਾਰਨਾਂ ਕਰਕੇ ਬਣ ਸਕਦੇ ਹਨ।
ਭੱਜ ਦੌੜ ਭਰੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਸਭ ਦੇ ਸਾਹਮਣੇ ਬਹੁਤ ਸਾਰੇ ਹਾਦਸੇ ਆਉਂਦੇ ਹਨ। ਸਾਨੂੰ ਇਹਨਾਂ ਹਾਦਸਿਆਂ ਨੂੰ ਕਈ ਵਾਰ ਬੜੀ ਨੇੜਿਓਂ ਦੇਖਣ ਦਾ ਮੌਕਾ ਮਿਲਦਾ ਹੈ ਅਤੇ ਕਈ ਵਾਰ ਤਾਂ ਇਹ ਹਾਦਸੇ ਸਾਨੂੰ ਆਪਣੇ ਵਿੱਚ ਸ਼ਾਮਲ ਵੀ ਕਰ ਲੈਂਦੇ ਹਨ। ਹਾਦਸਾ ਵੱਡਾ ਹੋਵੇ ਜਾਂ ਛੋਟਾ ਪਰ ਨੁਕਸਾਨ ਜ਼ਰੂਰ ਕਰਦਾ ਹੈ ਤੇ ਕਈ ਬਾਰ ਇਹ ਕੀਮਤੀ ਜਾਨਾਂ ਲੈਣ ਦੇ ਨਾਲ ਨਾਲ ਆਪਣੇ ਪਿੱਛੇ ਬਹੁਤ ਸਾਰੇ ਜ਼ਖ਼ਮੀਆਂ ਨੂੰ ਵੀ ਛੱਡ ਜਾਂਦਾ ਹੈ। ਜਿਨ੍ਹਾਂ ਵਿਚੋਂ ਕੁਝ ਤਾਂ ਬਚ ਜਾਂਦੇ ਹਨ ਪਰ ਕਈਆਂ ਦੀ ਕਿਸਮਤ ਮਾੜੀ ਹੁੰਦੀ ਹੈ ਅਤੇ ਉਹ ਇਸ ਜਹਾਨ ਤੋਂ ਚਲੇ ਜਾਂਦੇ ਹਨ। ਸਾਡੇ ਦੇਸ਼ ਵਿੱਚ ਅਕਸਰ ਹੋਣ ਵਾਲੇ ਹਾਦਸਿਆਂ ਵਿੱਚ ਬਹੁਤ ਸਾਰੇ ਲੋਕ ਜ਼ਖ਼ਮੀ ਹੁੰਦੇ ਹਨ ਪਰ ਜ਼ਖ਼ਮੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਮੌਕੇ ਤੇ ਮੁੱਢਲੀ ਸਹਾਇਤਾ ਚੰਗੀ ਤਰ੍ਹਾਂ ਨਾ ਮਿਲਣ ਕਰਕੇ ਉਹ ਆਪਣੀ ਜਾਨ ਗਵਾ ਲੈਂਦੇ ਹਨ। ਮੁੱਢਲੀ ਸਹਾਇਤਾ ਦੀ ਟ੍ਰੇਨਿੰਗ ਸਾਡੇ ਦੇਸ਼ ਵਿੱਚ ਅਣਪਛਾਤੀ ਹੈ ਅਤੇ ਹਜ਼ਾਰਾਂ ਵਿੱਚੋਂ ਕਿਸੇ ਇਕ ਨੂੰ ਇਸ ਬਾਰੇ ਜਾਣਕਾਰੀ ਹੁੰਦੀ ਹੈ। ਹਾਲਾਂਕਿ ਹੋਣਾ ਇਹ ਚਾਹੀਦਾ ਹੈ ਕਿ ਹਰ ਇਨਸਾਨ ਨੂੰ ਇਸ ਦੀ ਜਾਣਕਾਰੀ ਲਾਜ਼ਮੀ ਹੋਣੀ ਚਾਹੀਦੀ ਹੈ। ਮੇਰੇ ਖ਼ਿਆਲ ਵਿੱਚ ਕਿਸੇ ਦੀ ਜਾਨ ਬਚਾਉਣਾ ਦੁਨੀਆਂ ਦਾ ਸਭ ਤੋਂ ਉੱਤਮ ਧਰਮ ਹੈ ਅਤੇ ਜੇਕਰ ਤੁਸੀਂ ਇਹ ਕਰ ਸਕਦੇ ਤਾਂ ਤੁਹਾਡੇ ਤੋਂ ਮਹਾਨ ਕੋਈ ਵੀ ਨਹੀਂ ਹੋ ਸਕਦਾ। ਵੱਖ ਵੱਖ ਤਰ੍ਹਾਂ ਦੇ ਹਾਦਸਿਆਂ ਵਿੱਚ ਵੱਖ ਵੱਖ ਤਰ੍ਹਾਂ ਦੀ ਮੁਢਲੀ ਸਹਾਇਤਾ ਦੀ ਜਾਣਕਾਰੀ ਦੀ ਲੋੜ ਹੁੰਦੀ ਹੈ
ਪਰ ਇਨ੍ਹਾਂ ਸਾਰੀਆਂ ਜਾਣਕਾਰੀਆਂ ਚੋਂ ਇਕ ਜਾਣਕਾਰੀ ਸਭ ਤੋਂ ਅਹਿਮ ਹੁੰਦੀ ਹੈ ਜਿਸ ਨੂੰ ਅਸੀਂ CPR (Cardiopulmonary resuscitation) ਕਹਿੰਦੇ ਹਾਂ। ਇਸ ਦਾ ਸਾਧਾਰਨ ਮਤਲਬ ਇੱਕ ਪ੍ਰਭਾਵਿਤ ਵਿਅਕਤੀ ਨੂੰ ਬਨਾਉਟੀ ਸਾਹ ਦੇਣਾ ਅਤੇ ਰੁਕੀ ਹੋਈ ਦਿਲ ਦੀ ਧੜਕਣ ਦੁਬਾਰਾ ਚਾਲੂ ਕਰਨਾ ਹੈ। ਇਸ ਤਰ੍ਹਾਂ ਦੇ ਹਾਲਾਤ ਬਹੁਤ ਸਾਰੇ ਕਾਰਨਾਂ ਕਰਕੇ ਬਣ ਸਕਦੇ ਹਨ। ਇਹ ਕਿਸੇ ਬਿਮਾਰੀ ਕਰਕੇ ਵੀ ਹੋ ਸਕਦਾ ਹੈ ਅਤੇ ਕਈ ਤਰ੍ਹਾਂ ਦੇ ਵੱਖ ਵੱਖ ਹਾਦਸੇ ਜਿਸ ਤਰ੍ਹਾਂ ਸਰੀਰ ਨੂੰ ਜ਼ੋਰਦਾਰ ਝਟਕਾ ਲੱਗਣਾ, ਬਿਜਲੀ ਦਾ ਕਰੰਟ ਲੱਗਣਾ, ਗੰਭੀਰ ਸੱਟ ਲੱਗਣਾ ਜਾਂ ਉਚਾਈ ਤੋਂ ਡਿੱਗਣ ਨਾਲ ਵੀ ਦਿਲ ਦੀ ਧੜਕਣ ਬੰਦ ਹੋ ਸਕਦੀ ਹੈ। ਇੱਕ ਵਾਰ ਦਿਲ ਦੀ ਧੜਕਣ ਬੰਦ ਹੋਣ ਤੋਂ ਕੁਝ ਮਿੰਟਾਂ ਤਕ ਇਸ ਧੜਕਣ ਨੂੰ ਦੁਬਾਰਾ ਚਾਲੂ ਕਰਨ ਦੀ ਸੰਭਾਵਨਾ ਹੋ ਸਕਦੀ ਹੈ। ਅਤੇ ਜੇਕਰ ਅਸੀਂ ਇਹ ਕਰਨ ਵਿੱਚ ਸਫ਼ਲ ਹੋ ਜਾਂਦੇ ਹਾਂ ਤਾਂ ਜ਼ਖ਼ਮੀ ਦੀ ਜਾਨ ਬਚਾਉਣ ਵਿਚ ਕਾਮਯਾਬੀ ਹਾਸਲ ਹੋ ਸਕਦੀ ਹੈ। ਅਕਸਰ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋਣ ਤੇ ਅਸੀਂ ਇਨਸਾਨ ਨੂੰ ਮਰਿਆ ਹੋਇਆ ਸਮਝ ਲੈਂਦੇ ਹਾਂ ਪਰ ਅਜਿਹਾ ਨਹੀਂ ਹੁੰਦਾ। ਜੇਕਰ ਸਾਨੂੰ ਇਸ ਸੰਬੰਧੀ ਪੂਰੀ ਜਾਣਕਾਰੀ ਹੋਵੇ ਤਾਂ ਅਸੀਂ ਇਹ ਕਰ ਸਕਦੇ ਹਾਂ। ਮੈਂ ਇੱਥੇ ਇਸ ਸੰਬੰਧੀ ਥੋੜ੍ਹਾ ਜਿਹਾ ਸੰਖੇਪ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗਾ ਪਰ ਇਸ ਨੂੰ ਕਰਨ ਲਈ ਤੁਹਾਨੂੰ ਇਸ ਦੀ ਪੂਰੀ ਤਰ੍ਹਾਂ ਟ੍ਰੇਨਿੰਗ ਲੈਣੀ ਬਹੁਤ ਜ਼ਰੂਰੀ ਹੈ।
ਸਭ ਤੋਂ ਪਹਿਲੀ ਗੱਲ ਜੇਕਰ ਤੁਹਾਡੇ ਸਾਹਮਣੇ ਇਸ ਤਰ੍ਹਾਂ ਦਾ ਕੋਈ ਕੇਸ ਆਉਂਦਾ ਹੈ ਜਿਸ ਵਿੱਚ ਕਿਸੇ ਦੁਰਘਟਨਾ ਵਿੱਚ ਕਿਸੇ ਵਿਅਕਤੀ ਦਾ ਸਾਹ ਰੁਕ ਗਿਆ ਹੋਵੇ ਅਤੇ ਦਿਲ ਦੀ ਧੜਕਣ ਬੰਦ ਹੋ ਗਈ ਹੋਵੇ ਤਾਂ ਤੁਹਾਨੂੰ ਆਪਣੇ ਆਪ ਨੂੰ ਸਥਿਰ ਰੱਖਣਾ ਪਵੇਗਾ। ਜੇਕਰ ਤੁਸੀਂ ਇੱਕ ਮਜ਼ਬੂਤ ਇਰਾਦੇ ਵਾਲੇ ਹੋਵੋਗੇ ਤਾਂ ਹੀ ਤੁਸੀਂ ਕਿਸੇ ਮਰ ਰਹੇ ਵਿਅਕਤੀ ਦੀ ਜਾਨ ਬਚਾਉਣ ਵਿੱਚ ਕਾਮਯਾਬ ਹੋ ਸਕਦੇ ਹੋ। ਅਜਿਹੇ ਸਮੇਂ ਵਿੱਚ ਘਬਰਾਹਟ ਜਾਂ ਕਾਹਲੀ ਸਥਿਤੀ ਨੂੰ ਹੋਰ ਵੀ ਗੰਭੀਰ ਕਰ ਸਕਦੀ ਹੈ। ਸਭ ਤੋਂ ਪਹਿਲਾਂ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਜ਼ਖ਼ਮੀ ਨੂੰ ਖੁੱਲ੍ਹੀ ਅਤੇ ਹਵਾਦਾਰ ਜਗ੍ਹਾ ਵਿਚ ਲੈ ਜਾਇਆ ਜਾਵੇ ਅਤੇ ਉਸ ਦੇ ਸਰੀਰ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ। ਉਸਦੇ ਸਾਹ ਅਤੇ ਧੜਕਣ ਦੀ ਮੌਜੂਦਗੀ ਨੂੰ ਚੰਗੀ ਤਰ੍ਹਾਂ ਪਰਖ ਲਿਆ ਜਾਣਾ ਚਾਹੀਦਾ ਹੈ। ਜੇਕਰ ਸਾਹ ਅਤੇ ਧੜਕਣ ਬੰਦ ਹੈ ਤਾਂ ਵਿਅਕਤੀ ਨੂੰ ਪਿੱਠ ਪਰਨੇ ਸਮਤਲ ਜਗ੍ਹਾ ਤੇ ਸਿੱਧਾ ਲਿਟਾ ਦਿਓ। ਉਸ ਦੇ ਕੱਪੜੇ ਖੋਲ੍ਹ ਦਿਓ ਅਤੇ ਉਸ ਦੀ ਠੋਡੀ ਨੂੰ ਪਿੱਛੇ ਵੱਲ ਕਰ ਕੇ ਉਸ ਦੇ ਮੂੰਹ ਨੂੰ ਬਿਲਕੁਲ ਉੱਪਰ ਵੱਲ ਸਿੱਧਾ ਕਰ ਦਿਓ। ਇਸ ਤਰ੍ਹਾਂ ਕਰਨ ਨਾਲ ਉਸ ਦੀ ਸਾਹ ਵਾਲੀ ਨਲੀ ਸਿੱਧੀ ਹੋ ਜਾਵੇਗੀ। ਜੇਕਰ ਤੁਹਾਡੇ ਆਸ ਪਾਸ ਕੋਈ ਦੂਸਰਾ ਵਿਅਕਤੀ ਹੈ ਤਾਂ ਉਸ ਨੂੰ ਆਪਣੀ ਮਦਦ ਕਰਨ ਲਈ ਕਹੋ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਵਧੇਰੇ ਕਾਮਯਾਬੀ ਮਿਲੇਗੀ। ਪ੍ਰਕਿਰਿਆ ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਆਪਣੀ ਛਾਤੀ ਵਿਚ ਵੱਧ ਤੋਂ ਵੱਧ ਹਵਾ ਭਰੋ ਅਤੇ ਜ਼ਖ਼ਮੀ ਦੇ ਮੂੰਹ ਉਪਰ ਮੂੰਹ ਰੱਖ ਕੇ ਇਸ ਹਵਾ ਨੂੰ ਉਸ ਦੀ ਛਾਤੀ ਵਿੱਚ ਭਰ ਦਿਓ। ਜੇਕਰ ਸੰਭਵ ਹੋਵੇ ਤਾਂ ਜਖਮੀ ਦੇ ਮੂੰਹ ਉੱਪਰ ਕੋਈ ਪਤਲਾ ਕੱਪੜਾ ਰੱਖ ਸਕਦੇ ਹੋ। ਇਹ ਕਰਨ ਵੇਲੇ ਇਕ ਹੱਥ ਨਾਲ ਤੁਸੀਂ ਜ਼ਖ਼ਮੀ ਦਾ ਨੱਕ ਬੰਦ ਕਰ ਦਿਓ। ਧਿਆਨ ਰਹੇ ਕਿ ਤੁਹਾਡੇ ਹਵਾ ਭਰਨ ਨਾਲ ਜ਼ਖ਼ਮੀ ਦੀ ਛਾਤੀ ਉੱਪਰ ਵੱਲ ਉੱਠਣੀ ਚਾਹੀਦੀ ਹੈ। ਇਹ ਕੰਮ ਬਹੁਤ ਠਰੰਮੇ ਅਤੇ ਮਜ਼ਬੂਤੀ ਨਾਲ ਕਰਨਾ ਚਾਹੀਦਾ ਹੈ। ਉਸ ਤੋਂ ਬਾਅਦ ਜਖਮੀ ਦੇ ਇੱਕ ਪਾਸੇ ਬੈਠ ਕੇ ਆਪਣੇ ਇੱਕ ਹੱਥ ਦੀ ਹਥੇਲੀ ਨੂੰ ਉਸਦੀ ਛਾਤੀ ਦੇ ਬਿਲਕੁਲ ਵਿਚਕਾਰ ਹੇਠਲੇ ਹਿੱਸੇ ਤੇ ਰੱਖੋ ਅਤੇ ਦੂਸਰੇ ਹੱਥ ਨੂੰ ਆਪਣੇ ਪਹਿਲੇ ਹੱਥ ਦੇ ਉੱਪਰ ਮਜ਼ਬੂਤੀ ਨਾਲ ਟਿਕਾ ਕੇ ਸਥਿਰਤਾ ਨਾਲ ਛਾਤੀ ਨੂੰ ਨੀਚੇ ਵੱਲ ਦਬਾਓ। ਲਗਪਗ ਇੱਕ ਬਾਲਗ ਵਿਅਕਤੀ ਦੀ ਛਾਤੀ ਇਕ ਤੋਂ ਡੇਢ ਇੰਚ ਤਕ ਨੀਚੇ ਦਬਣੀ ਚਾਹੀਦੀ ਹੈ। ਇਸ ਪ੍ਰਕਿਰਿਆ ਨੂੰ ਲਗਾਤਾਰ ਦੱਸ ਤੋਂ ਪੰਦਰਾਂ ਵਾਰ ਕਰੋ। ਇਕ ਦਬਾਅ ਤੋਂ ਬਾਅਦ ਦੂਸਰੇ ਦਬਾਅ ਵਿੱਚ ਲਗਪਗ ਇੱਕ ਸਕਿੰਟ ਦਾ ਅੰਤਰ ਰੱਖੋ ਅਤੇ ਦੱਸ ਤੋਂ ਪੰਦਰਾਂ ਵਾਰ ਕਰਨ ਤੋਂ ਬਾਅਦ ਵਿਅਕਤੀ ਨੂੰ ਦੁਬਾਰਾ ਸਾਹ ਦੇਵੋ। ਜਿੱਥੋਂ ਤਕ ਸੰਭਵ ਹੋ ਸਕੇ ਇਸ ਨੂੰ ਲਗਾਤਾਰ ਕਰਦੇ ਰਹੋ। ਛਾਤੀ ਨੂੰ ਲਗਾਤਾਰ ਦਬਾਉਣ ਨਾਲ ਸਰੀਰ ਦੇ ਅੰਗਾਂ ਵਿਚ ਖੂਨ ਦਾ ਸੰਚਾਰ ਹੋਣ ਲੱਗਦਾ ਹੈ ਅਤੇ ਸਰੀਰ ਹਰਕਤ ਵਿੱਚ ਆਉਣ ਦੀ ਸੰਭਾਵਨਾ ਵਧ ਜਾਂਦੀ ਹੈ।