ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਸੇਖੋਂ ਵੱਲੋਂ ਮਾਲੇਰਕੋਟਲਾ ਜ਼ਿਲ੍ਹੇ ਦਾ ਦੌਰਾ

ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਸੇਖੋਂ ਵੱਲੋਂ ਮਾਲੇਰਕੋਟਲਾ ਜ਼ਿਲ੍ਹੇ ਦਾ ਦੌਰਾ

ਮਾਲੇਰਕੋਟਲਾ 24 ਜੁਲਾਈ :

                “ਨੈਸ਼ਨਲ ਫੂਡ ਸਕਿਉਰਿਟੀ ਐਕਟ-2013” ਅਤੇ “ ਦੀ ਪੰਜਾਬ ਫੂਡ ਸਕਿਉਰਿਟੀ ਰੂਲਜ਼ 2016” ਨੂੰ ਇੰਨ-ਬਿੰਨ ਲਾਗੂ ਕਰਨ ਅਤੇ ਇਸ ਐਕਟ ਤਹਿਤ ਆਮ ਲੋਕਾਂ ਨੂੰ ਵੱਧ ਤੋਂ ਵੱਧ ਫਾਇਦਾ ਪਹੁੰਚਾਉਣ ਦੇ ਮਕਸਦ ਵਜੋਂ ਅੱਜ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਸੇਖੋਂ ਨੇ ਦਫ਼ਤਰ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਦੇ ਮੀਟਿੰਗ ਹਾਲ ਵਿਖੇ ਸਬੰਧਤ ਵਿਭਾਗਾਂ ਦੇ ਮੁੱਖੀਆਂ ਨਾਲ ਵਿਸ਼ੇਸ ਮੀਟਿੰਗ ਕੀਤੀ ।  ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਿੰਪੀ ਗਰਗ, ਜਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਡੇਜੀ ਮਹਿਤਾ, ਸਿਵਲ ਸਰਜਨ ਡਾ. ਸੰਜੇ ਗੋਇਲ, ਜ਼ਿਲਾ ਸਿੱਖਿਆ ਅਫਸਰ ਬਲਜਿੰਦਰ ਕੌਰ, ਜ਼ਿਲਾ ਹੈਲਥ ਅਫਸਰ ਡਾ. ਰੰਜੀਵ ਬੈਂਸ, ਸੀ.ਡੀ.ਪੀ.ਓ ਪਵਨ ਕੁਮਾਰ, ਰਸਮਿੰਦਰ ਸਿੰਘ,  ਸਹਾਇਕ ਕਮਿਸ਼ਨਰ ਫੂਡ ਸੇਫ਼ਟੀ ਰਾਖੀ ਵਿਨਾਇਕ ਤੋਂ ਇਲਾਵਾ ਵੱਖ- ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

                ਇਸ ਮੌਕੇ ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਦਿੱਤੇ ਜਾ ਰਹੇ ਮਿਡ ਡੇਅ ਮੀਲ ਜਾਂ ਆਂਗਣਵਾੜੀ ਸੈਂਟਰਾਂ ਰਾਹੀਂ ਮੁਹੱਈਆ ਹੋ ਰਹੀਆਂ ਖਾਣ ਪੀਣ ਵਾਲੀਆਂ ਚੀਜਾਂ ਵਿੱਚ ਕੁਤਾਹੀ ਜਾਂ ਸਾਂਭ ਸੰਭਾਲ ਵਿੱਚ ਅਣਗਹਿਲੀ ਮੁਆਫ਼ੀਯੋਗ ਨਹੀਂ ਹੋਵੇਗੀ। ਉਨ੍ਹਾਂ ਬਰਸਾਤਾਂ ਦੇ ਮੌਸਮ ਦੌਰਾਨ ਮਿਡ ਡੇਅ ਮੀਲ ਜਾਂ ਆਂਗਣਵਾੜੀ ਸੈਂਟਰਾਂ ਦੇ ਰਾਸ਼ਨ ਦੇ ਸਮਾਨ ਵਿੱਚ ਸੁਸਰੀ ਆਦਿ ਪੈਣ ਦੇ ਖਦਸੇ ਤੇ ਚਿੰਤਾ ਜਾਹਰ ਕਰਦਿਆਂ  ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਰਾਸ਼ਨ ਆਦਿ ਦੀ ਸਟੋਰੇਜ ਦੇ ਪੁਖੱਤਾ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਅਤੇ ਕਿਹਾ ਕਿ ਰਾਸ਼ਨ ਨੂੰ ਵਰਤੋਂ ਵਿੱਚ ਲਿਆਉਣ ਤੋਂ ਪਹਿਲਾ ਉਸ ਦੀ ਸ਼ਾਫ-ਸਫਾਈ ਦਾ ਵਿਸੇ਼ਸ ਧਿਆਨ ਰੱਖਿਆ ਜਾਵੇ ਅਤੇ ਧੁੱਪ ਲਗਾਉਣ ਉਪਰੰਤ ਹੀ ਵਰਤੋਂ ਵਿੱਚ ਲਿਆਂਦਾ ਜਾਵੇ ।

                               ਜਸਵੀਰ ਸਿੰਘ ਸੇਖੋਂ ਨੇ ਦੱਸਿਆ ਕਿ ਸਰਕਾਰੀ ਰਾਸ਼ਨ ਡਿਪੂਆਂ, ਆਂਗਣਵਾੜੀ ਕੇਂਦਰਾਂ ਜਾਂ ਸਕੂਲਾਂ ਦੇ ਮਿਡ ਡੇ ਮੀਲ ਸਬੰਧੀ ਕੋਈ ਸ਼ਿਕਾਇਤ ਵਿਭਾਗ ਦੀ ਵੈਬਸਾਈਟ https://psfc.punjab.gov.in/  ਉੱਪਰ ਦਰਜ ਕਰਵਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਪੰਜਾਬ ਸਟੇਟ ਫੂਡ ਕਮਿਸ਼ਨ ਵੱਲੋਂ ਆਮ ਜਨਤਾ ਦੀ ਸਹਾਇਤਾ ਲਈ ਹੈਲਪਲਾਈਨ ਨੰਬਰ 98767-64545 ਵੀ ਜਾਰੀ ਕੀਤਾ ਹੋਇਆ ਹੈ ਜਿਸਦਾ ਕਿ ਆਮ ਲੋਕਾਂ ਨੂੰ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ। ਉਨ੍ਹਾਂ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਨੂੰ ਜ਼ਿਲ੍ਹੇ ਦੇ ਸਮੂਹ ਰਾਸ਼ਨ ਡਿਪੂਆਂ ਤੇ ਰਾਸ਼ਨ ਡਿਪੂ ਦਾ ਬੋਰਡ ਲਗਾਏ ਜਾਣ ਅਤੇ ਆਮ ਜਨਤਾ ਦੀ ਸਹਾਇਤਾ ਲਈ ਹੈਲਪਲਾਈਨ ਨੰਬਰ ਵੀ ਲਿਖਵਾਏ ਜਾਣ ਦੀ ਹਦਾਇਤ ਕੀਤੀ ਤਾਂ ਜੋ ਲੋੜ ਪੈਣ ਤੇ ਲੋੜਵੰਦ ਸਿੱਧਾ ਸੰਪਰਕ ਕਰ ਸਕਣ । ਉਨ੍ਹਾਂ ਹੋਰ ਕਿਹਾ ਕਿ ਫੂਡ ਸਕਿਓਰਟੀ ਐਕਟ ਅਧੀਨ ਸਿਕਾਇਤ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ(ਵਿਕਾਸ)ਕੋਲ ਵੀ ਦਰਜ ਕਰਵਾਈ ਜਾ ਸਕਦੀ ਹੈ।

                   ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਮੀਟਿੰਗਾਂ ਅਤੇ ਚੈਕਿੰਗਾਂ ਭਵਿੱਖ ਵਿੱਚ ਲਗਾਤਾਰ ਕੀਤੀਆ ਜਾਣਗੀਆਂ ਤਾਂ ਜੋ ਇਸ ਐਕਟ ਦੀ ਉਲੰਘਣਾ ਨਾ ਹੋ ਸਕੇ । ਉਨ੍ਹਾਂ ਕਿਹਾ ਕਿ ਪੰਜਾਬ ਸਟੇਟ ਫੂਡ ਕਮਿਸ਼ਨ ਆਮ ਜਨਤਾ ਨੂੰ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।

             ਮੀਟਿੰਗ ਉਪਰੰਤ ਉਨ੍ਹਾਂ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਸਦਰਾਬਾਦ  ਵਿਖੇ ਮਿਡ ਡੇਅ ਮੀਲ ਦੀ ਚੈਕਿੰਗ ਕੀਤੀ ਅਤੇ ਹਦਾਇਤ ਕੀਤੀ ਕਿ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਮਿਡ ਡੇਅ ਮੀਲ ਦੀ ਗੁਣਵੰਤਾ ਅਤੇ ਸਫਾਈ ਦਾ ਵਿਸ਼ੇਸ ਧਿਆਨ ਰੱਖਿਆ ਜਾਵੇ । ਇਸ ਮੌਕੇ ਉਨ੍ਹਾਂ ਸਕੂਲ ਵਿਖੇ ਪੌਦੇ ਵੀ ਲਗਾਏ ।